ਪੰਜਾਬ ਵਿੱਚ ਪਰਵਾਸ ਦੇ ਰੁਝਾਨ ਨੂੰ ਪੁੱਠਾ ਗੇੜ ਸ਼ੁਰੂ: ਭਗਵੰਤ ਮਾਨ

ਪੰਜਾਬ ਵਿੱਚ ਪਰਵਾਸ ਦੇ ਰੁਝਾਨ ਨੂੰ ਪੁੱਠਾ ਗੇੜ ਸ਼ੁਰੂ: ਭਗਵੰਤ ਮਾਨ

ਮੁੱਖ ਮੰਤਰੀ ਨੇ 304 ਨੌਜਵਾਨਾਂ ਨੂੰ ਨਿਯੁਕਤੀ ਪੱਤਰ ਸੌਂਪੇ; ਕਾਂਗਰਸ ਸਰਕਾਰ ਦੀ ਆਲੋਚਨਾ
ਚੰਡੀਗੜ੍ਹ- ਮੁੱਖ ਮੰਤਰੀ ਭਗਵੰਤ ਮਾਨ ਨੇ ਕਿਹਾ ਕਿ ਸੂਬਾ ਸਰਕਾਰ ਦੇ ‘ਮਿਸ਼ਨ ਰੁਜ਼ਗਾਰ’ ਦੀ ਬਦੌਲਤ ਸੂਬੇ ਵਿੱਚ ਪਰਵਾਸ ਦੇ ਰੁਝਾਨ ਦਾ ਪੁੱਠਾ ਗੇੜ ਸ਼ੁਰੂ ਹੋ ਗਿਆ ਹੈ। ਰੁਜ਼ਗਾਰ ਖ਼ਾਤਰ ਵਿਦੇਸ਼ ਗਏ ਨੌਜਵਾਨ ਹੁਣ ਸੂਬੇ ਵਿੱਚ ਸਰਕਾਰੀ ਨੌਕਰੀਆਂ ਲੈਣ ਲਈ ਪਰਤ ਰਹੇ ਹਨ। ਉਨ੍ਹਾਂ ਇੱਥੇ ਮਿਉਂਸਿਪਲ ਭਵਨ ਵਿੱਚ ਗ੍ਰਹਿ ਮਾਮਲੇ, ਟਰਾਂਸਪੋਰਟ ਅਤੇ ਮਾਲ ਵਿਭਾਗਾਂ ਦੇ ਨਵੇਂ ਭਰਤੀ ਹੋਏ 304 ਉਮੀਦਵਾਰਾਂ ਨੂੰ ਨਿਯੁਕਤੀ ਪੱਤਰ ਸੌਂਪਣ ਮੌਕੇ ਕਰਵਾਏ ਸਮਾਗਮ ਦੌਰਾਨ ਕਿਹਾ ਕਿ ਇਹ ਤਾਂ ਹਾਲੇ ਸ਼ੁਰੂਆਤ ਹੈ, ਨੌਕਰੀਆਂ ਦਾ ਸਿਲਸਿਲਾ ਜਾਰੀ ਰਹੇਗਾ।

ਮੁੱਖ ਮੰਤਰੀ ਨੇ ਕਿਹਾ ਕਿ ਸਰਕਾਰ ਦੇ ਡੇਢ ਸਾਲ ਦੇ ਕਾਰਜਕਾਲ ਵਿੱਚ 37,100 ਸਰਕਾਰੀ ਨੌਕਰੀਆਂ ਦਿੱਤੀਆਂ ਗਈਆਂ ਹਨ। ਉਨ੍ਹਾਂ ਅੱਜ ਪਹਿਲੇ ਨਰਾਤੇ ਦੇ ਪਵਿੱਤਰ ਮੌਕੇ ਲੋਕਾਂ ਨੂੰ ਮੁਬਾਰਕਬਾਦ ਦਿੱਤੀ। ਉਨ੍ਹਾਂ ਨਵੇਂ ਭਰਤੀ ਹੋਏ ਉਮੀਦਵਾਰਾਂ ਨੂੰ ਸ਼ੁੱਭਕਾਮਨਾਵਾਂ ਦਿੱਤੀਆਂ। ਮੁੱਖ ਮੰਤਰੀ ਨੇ ਕਿਹਾ ਕਿ ਪੁਲੀਸ ਦੇ ਆਧੁਨਿਕੀਕਰਨ ਲਈ ਫ਼ੰਡਾਂ ਦੀ ਕੋਈ ਘਾਟ ਨਹੀਂ ਹੈ ਅਤੇ ਸੂਬਾ ਸਰਕਾਰ ਨੇ ‘ਸੜਕ ਸੁਰੱਖਿਆ ਫੋਰਸ’ ਦੀ ਸ਼ੁਰੂਆਤ ਵੀ ਕੀਤੀ ਹੈ। ਇਸ ਨਾਲ ਹਾਦਸਿਆਂ ਨੂੰ ਠੱਲ੍ਹ ਪਵੇਗੀ। ਉਨ੍ਹਾਂ ਦੱਸਿਆ ਕਿ ਸ਼ੁਰੂਆਤੀ ਤੌਰ ’ਤੇ ਅਤਿ-ਆਧੁਨਿਕ ਯੰਤਰਾਂ ਨਾਲ ਲੈਸ 144 ਵਾਹਨ ਹਰ 30 ਕਿਲੋਮੀਟਰ ਬਾਅਦ ਸੜਕਾਂ ’ਤੇ ਤਾਇਨਾਤ ਕੀਤੇ ਜਾਣਗੇ। ਮੁੱਖ ਮੰਤਰੀ ਨੇ ਪ੍ਰਾਪਤੀਆਂ ਦਾ ਜ਼ਿਕਰ ਕਰਦਿਆਂ ਕਿਹਾ ਕਿ 12,710 ਅਧਿਆਪਕਾਂ ਦੀਆਂ ਸੇਵਾਵਾਂ ਨੂੰ ਰੈਗੂਲਰ ਕੀਤਾ ਗਿਆ ਹੈ ਤੇ ਇਸ ਨਾਲ ਇਨ੍ਹਾਂ ਅਧਿਆਪਕਾਂ ਨੂੰ ਛੁੱਟੀਆਂ ਸਣੇ ਹੋਰ ਲਾਭਾਂ ਦੇ ਨਾਲ-ਨਾਲ ਤਨਖ਼ਾਹਾਂ ਵਿੱਚ ਪੰਜ ਫ਼ੀਸਦੀ ਦਾ ਸਾਲਾਨਾ ਵਾਧਾ ਮਿਲੇਗਾ। ਉਨ੍ਹਾਂ ਕਿਹਾ ਕਿ ਹੋਰ ਵੀ ਬਹੁਤ ਸਾਰੇ ਮੁਲਾਜ਼ਮਾਂ ਦੀਆਂ ਸੇਵਾਵਾਂ ਰੈਗੂਲਰ ਕਰ ਦਿੱਤੀਆਂ ਜਾਣਗੀਆਂ।

ਮੁੱਖ ਮੰਤਰੀ ਨੇ ਕਿਹਾ ਕਿ ਪਿਛਲੀ ਸਰਕਾਰ ਦੌਰਾਨ ਭਰਤੀਆਂ ਵਿੱਚ ਭਤੀਜਾਵਾਦ ਅਤੇ ਭ੍ਰਿਸ਼ਟਾਚਾਰ ਦਾ ਬੋਲਬਾਲਾ ਸੀ। ਰਸੂਖ਼ਵਾਨ ਲੋਕ ਖ਼ੁਦ ਹੀ ਇਨ੍ਹਾਂ ਪ੍ਰੀਖਿਆਵਾਂ ਦੇ ਪੇਪਰ ਲੀਕ ਕਰਵਾ ਕੇ ਮੋਟੀਆਂ ਰਕਮਾਂ ਲੈ ਕੇ ਅਯੋਗ ਵਿਅਕਤੀਆਂ ਦੇ ਪਿਛਲੇ ਦਰਵਾਜ਼ੇ ਰਾਹੀਂ ਦਾਖ਼ਲੇ ਕਰਵਾਉਂਦੇ ਸਨ। ਉਨ੍ਹਾਂ ਦੀ ਸਰਕਾਰ ਨੇ ਇਸ ਮਾੜੀ ਪ੍ਰਥਾ ਨੂੰ ਖ਼ਤਮ ਕੀਤਾ ਹੈ। ਉਨ੍ਹਾਂ ਕਿਹਾ ਕਿ ਸਰਕਾਰ ਮੁਕਾਬਲੇ ਦੀਆਂ ਪ੍ਰੀਖਿਆਵਾਂ ਲਈ ਸਿਖਲਾਈ ਦੇਣ ਲਈ ਅੱਠ ਹਾਈ-ਟੈੱਕ ਸੈਂਟਰ ਖੋਲ੍ਹ ਰਹੀ ਹੈ। ਇਸ ਮੌਕੇ ਮਾਲ ਮੰਤਰੀ ਮੰਤਰੀ ਬ੍ਰਹਮ ਸ਼ੰਕਰ ਜਿੰਪਾ, ਟਰਾਂਸਪੋਰਟ ਮੰਤਰੀ ਲਾਲਜੀਤ ਸਿੰਘ ਭੁੱਲਰ, ਡੀਜੀਪੀ ਗੌਰਵ ਯਾਦਵ, ਵਿੱਤ ਕਮਿਸ਼ਨਰ (ਮਾਲ) ਕੇਏਪੀ ਸਨਿਹਾ ਹਾਜ਼ਰ ਸਨ।