ਈਐੱਮਆਈ ਦੀ ਟੀਮ ਨੇ ਆਲ ਇੰਡੀਆ ਹਾਕੀ ਕੱਪ ਜਿੱਤਿਆ

ਈਐੱਮਆਈ ਦੀ ਟੀਮ ਨੇ ਆਲ ਇੰਡੀਆ ਹਾਕੀ ਕੱਪ ਜਿੱਤਿਆ

ਅਮਲੋਹ- ਈਐੱਮਈ ਜਲੰਧਰ ਦੀ ਟੀਮ ਨੇ ਅੱਜ ਇੱਥੇ ਰਿਵਾੜੀ ਯੂਨੀਵਰਸਿਟੀ ਦੀ ਟੀਮ ਨੂੰ 4-1 ਨਾਲ ਹਰਾ ਕੇ ਹਰਜੀਤ ਸਿੰਘ ਹੁੰਦਲ ਮੈਮੋਰੀਅਲ ਹਾਕੀ ਕਲੱਬ ਅਮਲੋਹ ਵੱਲੋਂ ਕਰਵਾਇਆ ਗਿਆ ਆਲ ਇੰਡੀਆ ਹਾਕੀ ਕੱਪ ਦਾ ਖ਼ਿਤਾਬ ਆਪਣੇ ਨਾਮ ਕਰ ਲਿਆ। ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਅਮਲੋਹ ਦੇ ਮੈਦਾਨ ਵਿੱਚ ਖੇਡੇ ਗਏ ਇਸ ਮੁਕਾਬਲੇ ਵਿੱਚ ਰਿਵਾੜੀ ਦੀ ਟੀਮ ਨੇ ਪਹਿਲੇ ਕੁਆਰਟਰ ਵਿੱਚ ਹੀ ਗੋਲ ਕਰ ਦਿੱਤਾ ਜਦੋਂ ਕਿ ਈਐੱਮਈ ਦੀ ਟੀਮ ਨੇ ਆਖਰੀ ਕੁਆਰਟਰ ਵਿਚ ਤਿੰਨ ਪੈਨਲਟੀ ਕਾਰਨਰਾਂ ਅਤੇ 1 ਪੈਨਲਟੀ ਸਟਰੋਕ ਨੂੰ ਗੋਲਾਂ ਵਿਚ ਬਦਲਿਆ।

ਜੇਤੂ ਟੀਮ ਨੂੰ 51 ਹਜ਼ਾਰ ਰੁਪਏ ਅਤੇ ਉਪ ਜੇਤੂ ਨੂੰ 31 ਹਜ਼ਾਰ ਰੁਪਏ ਅਤੇ ਟਰਾਫ਼ੀ ਨਾਲ ਸਨਮਾਨਿਆ ਗਿਆ। ਚੰਗੀ ਖੇਡ ਦਾ ਪ੍ਰਦਰਸ਼ਨ ਕਰਨ ਵਾਲੇ ਪੰਜ ਖਿਡਾਰੀਆਂ ਸੁਮਿਤਪਾਲ ਸਿੰਘ, ਸੁਖਦੀਪ ਸਿੰਘ, ਮਨਪ੍ਰੀਤ ਸਿੰਘ, ਗੁਰਪ੍ਰੀਤ ਸਿੰਘ ਅਤੇ ਸੁਮਿਤ ਨੂੰ ਸਪੋਰਟਸ ਸਾਈਕਲ ਦਿੱਤਾ ਗਿਆ। ਇਸ ਦੌਰਾਨ ਪਿਛਲੇ ਸਾਲ ਓਲੰਪਿਕ ਵਿਚ ਕਾਂਸੇ ਦਾ ਤਗਮਾ ਹਾਸਲ ਕਰਨ ਵਾਲੇ ਹਾਕੀ ਖਿਡਾਰੀ ਦਿਲਪ੍ਰੀਤ ਸਿੰਘ ਅਤੇ ਏਸ਼ਿਆਈ ਖੇਡਾਂ ਵਿਚ ਸੋਨ ਤਗਮਾ ਹਾਸਲ ਕਰਨ ਵਾਲੇ ਸੰਜੈ ਦਾ ਵਿਸ਼ੇਸ਼ ਸਨਮਾਨ ਕੀਤਾ ਗਿਆ। ਵਿਧਾਇਕ ਗੁਰਿੰਦਰ ਸਿੰਘ ਗੈਰੀ ਬੜਿੰਗ ਨੇ ਕਿਹਾ ਕਿ ਪੰਜਾਬ ਸਰਕਾਰ ਖੇਡਾਂ ਨੂੰ ਪ੍ਰਫੁੱਲਤ ਕਰਨ ਲਈ ਖਿਡਾਰੀਆਂ ਦਾ ਮਾਣ-ਸਨਮਾਨ ਕਰ ਰਹੀ ਹੈ। ਉਨ੍ਹਾਂ ਕਲੱਬ ਵੱਲੋਂ ਕੀਤੇ ਉਪਰਾਲੇ ਦੀ ਸ਼ਲਾਘਾ ਕੀਤੀ। ਇਸ ਮੌਕੇ ਕਲੱਬ ਪ੍ਰਧਾਨ ਪਰਮਜੀਤ ਸਿੰਘ ਵਿਰਕ, ਉਪ ਪ੍ਰਧਾਨ ਹਰਜੋਤ ਸਿੰਘ, ਤਰਨਦੀਪ ਸਿੰਘ ਬਦੇਸ਼ਾ, ਗੁਰਪ੍ਰੀਤ ਹੁੰਦਲ, ਹਰਬੰਸ ਸਿੰਘ, ਸ਼ਿੰਗਾਰਾ ਸਿੰਘ ਸਲਾਣਾ, ਬਲਾਕ ਪ੍ਰਧਾਨ ਸਿਕੰਦਰ ਸਿੰਘ ਗੋਗੀ ਤੇ ਹੋਰ ਹਾਜ਼ਰ ਸਨ।