ਕ੍ਰਿਸਟੋਫਰ ਲਕਸਨ ਹੋਣਗੇ ਨਿਊਜ਼ੀਲੈਂਡ ਦੇ ਨਵੇਂ ਪ੍ਰਧਾਨ ਮੰਤਰੀ

ਕ੍ਰਿਸਟੋਫਰ ਲਕਸਨ ਹੋਣਗੇ ਨਿਊਜ਼ੀਲੈਂਡ ਦੇ ਨਵੇਂ ਪ੍ਰਧਾਨ ਮੰਤਰੀ

ਆਕਲੈਂਡ- ਸਾਬਕਾ ਕਾਰੋਬਾਰੀ ਕ੍ਰਿਸਟੋਫਰ ਲਕਸਨ ਨੇ ਨਿਊਜ਼ੀਲੈਂਡ ਚੋਣਾਂ ’ਚ ਫ਼ੈਸਲਾਕੁਨ ਜਿੱਤ ਹਾਸਲ ਕੀਤੀ ਹੈ ਅਤੇ ਹੁਣ ਉਹ ਮੁਲਕ ਦੇ ਨਵੇਂ ਪ੍ਰਧਾਨ ਮੰਤਰੀ ਬਣਨਗੇ। ਲੋਕਾਂ ਨੇ ਛੇ ਸਾਲਾਂ ਦੀ ਲਬਿਰਲ ਪਾਰਟੀ ਦੀ ਸਰਕਾਰ ਤੋਂ ਬਾਅਦ ਹੁਣ ਬਦਲਾਅ ਲਈ ਵੋਟਾਂ ਦਿੱਤੀਆਂ ਹਨ। ਪਿਛਲੀ ਸਰਕਾਰ ’ਚ ਜ਼ਿਆਦਾਤਰ ਵਕਫ਼ੇ ਦੌਰਾਨ ਅਗਵਾਈ ਜੈਸਿੰਡਾ ਆਰਡਰਨ ਨੇ ਕੀਤੀ ਸੀ। ਵੋਟਾਂ ਦੀ ਗਿਣਤੀ ਹਾਲੇ ਵੀ ਜਾਰੀ ਹੈ। ਇਸ ਦੌਰਾਨ ਪ੍ਰਧਾਨ ਮੰਤਰੀ ਕ੍ਰਿਸ ਹਿਪਕਨਿਜ਼ ਨੇ ਦੇਰ ਸ਼ਾਮ ਪੱਤਰਕਾਰਾਂ ਨੂੰ ਦੱਸਿਆ ਕਿ ਉਨ੍ਹਾਂ ਆਪਣੀ ਹਾਰ ਸਵੀਕਾਰ ਕਰਨ ਲਈ ਸ੍ਰੀ ਲਕਸਨ ਨੂੰ ਫੋਨ ਕੀਤਾ ਸੀ। ਉਨ੍ਹਾਂ ਕਿਹਾ ਕਿ ਉਨ੍ਹਾਂ ਨੂੰ ਨਤੀਜੇ ਅਜਿਹੇ ਆਉਣ ਦੀ ਆਸ ਨਹੀਂ ਸੀ। ਵੈਲਿੰਗਟਨ ਵਿੱਚ ਕਰਵਾਏ ਇੱਕ ਸਮਾਗਮ ਦੌਰਾਨ ਆਪਣੇ ਸਮਰਥਕਾਂ ਨਾਲ ਗੱਲਬਾਤ ਦੌਰਾਨ ਉਨ੍ਹਾਂ ਕਿਹਾ,‘ਪਰ, ਮੈਂ ਚਾਹੁੰਦਾ ਹਾਂ ਕਿ ਤੁਸੀਂ ਪਿਛਲੇ ਛੇ ਸਾਲਾਂ ਵਿੱਚ ਸਾਡੀ ਸਰਕਾਰ ਵੱਲੋਂ ਹਾਸਲ ਕੀਤੀਆਂ ਪ੍ਰਾਪਤੀਆਂ ’ਤੇ ਮਾਣ ਮਹਿਸੂਸ ਕਰੋ।’ ਹੁਣ ਤੱਕ ਦੋ-ਤਿਹਾਈ ਤੋਂ ਵੱਧ ਵੋਟਾਂ ਦੀ ਗਿਣਤੀ ਹੋ ਚੁੱਕੀ ਹੈ, ਜਿਸ ਦੌਰਾਨ ਲਕਸਨ ਦੀ ਨੈਸ਼ਨਲ ਪਾਰਟੀ ਨੂੰ 40 ਫ਼ੀਸਦੀ ਤੋਂ ਵੱਧ ਵੋਟਾਂ ਮਿਲੀਆਂ ਹਨ। ਨਿਊਜ਼ੀਲੈਂਡ ਦੀ ਨਵੀਂ ਅਨੁਪਾਤਕ ਵੋਟਿੰਗ ਪ੍ਰਣਾਲੀ ਤਹਿਤ ਲਕਸਨ (53) ਵੱਲੋਂ ਏਸੀਟੀ ਪਾਰਟੀ ਨਾਲ ਗੱਠਜੋੜ ਕਰਨ ਦੀ ਉਮੀਦ ਹੈ। ਇਸ ਦੌਰਾਨ ਹਿਪਕਨਿਜ਼ ਦੀ ਅਗਵਾਈ ਵਾਲੀ ਲੇਬਰ ਪਾਰਟੀ ਨੂੰ 25 ਫ਼ੀਸਦੀ ਤੋਂ ਥੋੜ੍ਹੀਆਂ ਵੱਧ ਵੋਟਾਂ ਮਿਲੀਆਂ ਹਨ ਜੋ ਇਸ ਨੂੰ ਆਰਡਰਨ ਦੀ ਅਗਵਾਈ ਵਾਲੀਆਂ ਪਿਛਲੀਆਂ ਚੋਣਾਂ ’ਚ ਮਿਲਣ ਵਾਲੀਆਂ ਵੋਟਾਂ ਦਾ ਅੱਧਾ ਹਿੱਸਾ ਹੈ। ਇਸ ਦੌਰਾਨ ਸ੍ਰੀ ਲਕਸਨ ਨੇ ਮੱਧ ਵਰਗ ਲਈ ਕਰਾਂ ਵਿੱਚ ਕਟੌਤੀ, ਅਪਰਾਧਾਂ ਖ਼ਿਲਾਫ਼ ਕਾਰਵਾਈ ਦਾ ਭਰੋਸਾ ਦਿੱਤਾ ਹੈ। ਰਾਜਨੀਤਕ ਚਿੰਤਕਾਂ ਮੁਤਾਬਕ ਸ੍ਰੀ ਲਕਸਨ ਭਾਵੇਂ ਰਾਜਨੀਤੀ ’ਚ ਨਵੇਂ ਹਨ, ਪਰ ਟੈਲੀਵਿਜ਼ਨ ’ਤੇ ਪ੍ਰਸਾਰਿਤ ਹੋਈਆਂ ਬਹਿਸਾਂ ’ਚ ਉਹ ਵੱਧ ਤਜਰਬੇ ਵਾਲੇ ਹਿਪਕਨਿਜ਼ ਨਾਲੋਂ ਵੱਧ ਮਜ਼ਬੂਤੀ ਨਾਲ ਉਭਰੇ ਸਨ।