ਭਾਰਤੀ ਅੱਗੇ ਢਹਿ-ਢੇਰੀ ਹੋਇਆ ਪਾਕਿਸਤਾਨ

ਭਾਰਤੀ ਅੱਗੇ ਢਹਿ-ਢੇਰੀ ਹੋਇਆ ਪਾਕਿਸਤਾਨ

ਭਾਰਤ ਨੇ ਆਪਣੇ ਰਵਾਇਤੀ ਵਿਰੋਧੀ ਨੂੰ 7 ਵਿਕਟਾਂ ਨਾਲ ਹਰਾਇਆ
ਅਹਿਮਦਾਬਾਦ- ਇਥੋਂ ਦੇ ਨਰਿੰਦਰ ਮੋਦੀ ਸਟੇਡੀਅਮ ’ਚ ਰੋਹਿਤ ਸ਼ਰਮਾ ਦਾ ਬੱਲਾ ਕੁਝ ਅਜਿਹੇ ਅੰਦਾਜ਼ ’ਚ ਚਲਿਆ ਕਿ ਪਾਕਿਸਤਾਨੀ ਹਮਲਾ ਫਿੱਕਾ ਪੈ ਗਿਆ ਅਤੇ ਭਾਰਤ ਨੇ ਸੱਤ ਵਿਕਟਾਂ ਨਾਲ ਇਕਪਾਸੜ ਜਿੱਤ ਦਰਜ ਕਰਕੇ ਆਪਣੇ ਰਵਾਇਤੀ ਵਿਰੋਧੀ ਖ਼ਿਲਾਫ਼ ਵਿਸ਼ਵ ਕੱਪ ’ਚ ਜਿੱਤ ਦਾ ਰਿਕਾਰਡ 8-0 ਕਰ ਲਿਆ। ਕਈ ਮਹੀਨੇ ਪਹਿਲਾਂ ਤੋਂ ਜਿਸ ਮੈਚ ਦੇ ਚਰਚੇ ਸਨ, ਉਸ ’ਚ ਨਾ ਤਾਂ ਸ਼ਾਹੀਨ ਸ਼ਾਹ ਅਫਰੀਦੀ ਨੂੰ ਸਵਿੰਗ ਮਿਲੀ ਅਤੇ ਨਾ ਹੀ ਬਾਬਰ ਆਜ਼ਮ ਦਾ ਬੱਲਾ ਚਲਿਆ। ਇਸ ਮਹਾ ਮੁਕਾਬਲੇ ’ਚ ਮੇਜ਼ਬਾਨ ਟੀਮ ਦਾ ਬੱਲਾ ਅਤੇ ਗੇਂਦਬਾਜ਼ ਵੀ ਚੱਲੇ। ਗੇਂਦਬਾਜ਼ਾਂ ਨੇ ਪਾਕਿਸਤਾਨ ਨੂੰ 42.5 ਓਵਰਾਂ ’ਚ 191 ਦੌੜਾਂ ’ਤੇ ਆਊਟ ਕਰ ਦਿੱਤਾ ਅਤੇ ਜਵਾਬ ’ਚ ਬੱਲੇਬਾਜ਼ਾਂ ਨੇ 30.3 ਓਵਰਾਂ ’ਚ ਟੀਚਾ ਹਾਸਲ ਕਰ ਲਿਆ। ਵਿਸ਼ਵ ਕੱਪ ’ਚ 1992 ਤੋਂ ਬਾਅਦ ਭਾਰਤ ਦੀ ਪਾਕਿਸਤਾਨ ’ਤੇ ਇਹ ਲਗਾਤਾਰ ਅੱਠਵੀਂ ਜਿੱਤ ਹੈ। ਨਰਾਤਿਆਂ ਦੀ ਤਿਆਰੀ ’ਚ ਲੱਗੇ ਲੋਕਾਂ ਲਈ ਭਾਰਤ ਦੀ ਜਿੱਤ ਨੇ ਇਕ ਦਿਨ ਪਹਿਲਾਂ ਹੀ ਜਸ਼ਨ ਦਾ ਮਾਹੌਲ ਬਣਾ ਦਿੱਤਾ। ਇਸ ਜਿੱਤ ਨਾਲ ਭਾਰਤ ਨਿਊਜ਼ੀਲੈਂਡ ਨੂੰ ਰਨ-ਰੇਟ ’ਚ ਪਿੱਛੇ ਛੱਡ ਕੇ ਤਿੰਨ ਮੈਚਾਂ ’ਚ ਛੇ ਅੰਕਾਂ ਨਾਲ ਸਿਖਰ ’ਤੇ ਪਹੁੰਚ ਗਿਆ ਹੈ।
ਇਸ ਹਾਰ ਨਾਲ ਪਾਕਿਸਤਾਨ ਟੂਰਨਾਮੈਂਟ ’ਚ ਚੌਥੇ ਸਥਾਨ ’ਤੇ ਹੈ। ਜਸਪ੍ਰੀਤ ਬੁਮਰਾਹ ਦੀ ਅਗਵਾਈ ਹੇਠ ਗੇਂਦਬਾਜ਼ਾਂ ਨੇ ਇਕ ਰੋਜ਼ਾ ਵਿਸ਼ਵ ਕੱਪ ’ਚ ਭਾਰਤ ਖ਼ਿਲਾਫ਼ ਪਾਕਿਸਤਾਨ ਨੂੰ ਦੂਜੇ ਸਭ ਤੋਂ ਘੱਟ ਸਕੋਰ ’ਤੇ ਆਊਟ ਕੀਤਾ। ਇਸ ਤੋਂ ਪਹਿਲਾਂ 1999 ’ਚ ਪਾਕਿਸਤਾਨੀ ਟੀਮ 180 ਦੌੜਾਂ ’ਤੇ ਆਊਟ ਹੋ ਗਈ ਸੀ। ਅਫ਼ਗਾਨਿਸਤਾਨ ਖ਼ਿਲਾਫ਼ ਦਿੱਲੀ ’ਚ ਰਿਕਾਰਡਤੋੜ ਸੈਂਕੜੇ ਮਗਰੋਂ ਲਗਾਤਾਰ ਦੂਜੇ ਸੈਂਕੜੇ ਵੱਲ ਵੱਧ ਰਿਹਾ ਰੋਹਿਤ 22ਵੇਂ ਓਵਰ ’ਚ 86 ਦੌੜਾਂ ਬਣਾ ਕੇ ਅਫਰੀਦੀ ਦੀ ਗੇਂਦ ’ਤੇ ਇਫਤਿਖਾਰ ਨੂੰ ਕੈਚ ਦੇ ਕੇ ਪੈਵੇਲੀਅਨ ਪਰਤ ਗਿਆ ਪਰ ਉਸ ਸਮੇਂ ਤੱਕ ਮੈਚ ਪਾਕਿਸਤਾਨ ਦੇ ਹੱਥੋਂ ਨਿਕਲ ਚੁੱਕਿਆ ਸੀ। ਰੋਹਿਤ ਨੇ 63 ਗੇਂਦਾਂ ’ਚ 6 ਚੌਕਿਆਂ ਅਤੇ 6 ਛੱਕਿਆਂ ਨਾਲ 86 ਦੌੜਾਂ ਬਣਾਈਆਂ। ਇਸ ਮਗਰੋਂ ਸ਼੍ਰੇਅਸ ਅਈਅਰ (ਨਾਬਾਦ 53) ਅਤੇ ਕੇ ਐੱਲ ਰਾਹੁਲ (ਨਾਬਾਦ 19) ਨੇ ਜਿੱਤ ਦੀ ਰਸਮ ਪੂਰੀ ਕੀਤੀ। ਡੇਂਗੂ ਤੋਂ ਉਭਰ ਕੇ ਟੀਮ ’ਚ ਪਰਤੇ ਸ਼ੁਭਮਨ ਗਿੱਲ (16) ਅਤੇ ਵਿਰਾਟ ਕੋਹਲੀ (16) ਪਹਿਲਾਂ ਹੀ ਆਊਟ ਹੋ ਗਏ ਸਨ। ਬੁਮਰਾਹ, ਹਾਰਦਿਕ ਪਾਂਡਿਆ, ਰਵਿੰਦਰ ਜਡੇਜਾ, ਕੁਲਦੀਪ ਯਾਦਵ ਅਤੇ ਮੁਹੰਮਦ ਸਿਰਾਜ ਨੇ 2-2 ਵਿਕਟਾਂ ਲਈਆਂ। ਬੁਮਰਾਹ ਨੂੰ ਮੈਨ ਆਫ਼ ਦਿ ਮੈਚ ਐਲਾਨਿਆ ਗਿਆ। –