ਨੂਹ ਹਿੰਸਾ ਪ੍ਰਸ਼ਾਸਨ ਦੀ ਨਾਕਾਮੀ ਨਹੀਂ ਸੀ: ਕੌਮੀ ਘੱਟ ਗਿਣਤੀ ਕਮਿਸ਼ਨ

ਨੂਹ ਹਿੰਸਾ ਪ੍ਰਸ਼ਾਸਨ ਦੀ ਨਾਕਾਮੀ ਨਹੀਂ ਸੀ: ਕੌਮੀ ਘੱਟ ਗਿਣਤੀ ਕਮਿਸ਼ਨ

ਨਵੀਂ ਦਿੱਲੀ- ਕੌਮੀ ਘੱਟ ਗਿਣਤੀ ਕਮਿਸ਼ਨ ਨੇ ਅੱਜ ਇੱਥੇ ਕਿਹਾ ਕਿ ਪਿਛਲੇ ਦਿਨੀਂ ਹਰਿਆਣਾ ਦੇ ਨੂਹ ਅਤੇ ਕਈ ਹੋਰ ਥਾਵਾਂ ’ਤੇ ਹੋਈ ਹਿੰਸਾ ਕੋਈ ‘ਸੰਗਠਿਤ ਅਪਰਾਧ’ ਦੀ ਘਟਨਾ ਨਹੀਂ ਸੀ ਅਤੇ ਇਸ ਨੂੰ ਪ੍ਰਸ਼ਾਸਨ ਦੀ ਨਾਕਾਮੀ ਨਹੀਂ ਕਿਹਾ ਜਾ ਸਕਦਾ ਪਰ ਉਨ੍ਹਾਂ ਦੇ ਪੱਧਰ ’ਤੇ ਕੁੱਝ ਕਮੀਆਂ ਜ਼ਰੂਰ ਸਨ। ਇੱਥੇ ਇੱਕ ਪ੍ਰੈੱਸ ਕਾਨਫਰੰਸ ਨੂੰ ਸੰਬੋਧਨ ਕਰਦਿਆਂ ਕਮਿਸ਼ਨ ਦੇ ਚੇਅਰਮੈਨ ਇਕਬਾਲ ਸਿੰਘ ਲਾਲਪੁਰਾ ਨੇ ਕਿਹਾ ਕਿ ਹਿੰਸਾ ਵਿੱਚ ਸਥਾਨਕ ਲੋਕ ਸ਼ਾਮਲ ਨਹੀਂ ਸਨ ਅਤੇ ਸੋਸ਼ਲ ਮੀਡੀਆ ਜ਼ਰੀਏ ਫੈਲਾਈਆਂ ਗਈਆਂ ਅਫ਼ਵਾਹਾਂ ਕਾਰਨ ਕੁੱਝ ਨੌਜਵਾਨ ਭੜਕਾਹਟ ਦਾ ਸ਼ਿਕਾਰ ਹੋ ਗਏ, ਜਨਿ੍ਹਾਂ ਵੱਲ ਸਮਾਜ ਨੂੰ ਧਿਆਨ ਦੇਣ ਦੀ ਲੋੜ ਹੈ। ਉਨ੍ਹਾਂ ਅਨੁਸਾਰ ਕਮਿਸ਼ਨ ਦੀ ਇੱਕ ਟੀਮ ਨੇ ਹਿੰਸਾ ਪ੍ਰਭਾਵਿਤ ਇਲਾਕਿਆਂ ਦਾ ਦੌਰਾ ਕਰਕੇ ਵੱਖ ਵੱਖ ਭਾਈਚਾਰਿਆਂ ਦੇ ਲੋਕਾਂ ਅਤੇ ਪ੍ਰਸ਼ਾਸਨਿਕ ਅਧਿਕਾਰੀਆਂ ਨਾਲ ਗੱਲਬਾਤ ਕੀਤੀ। ਬੀਤੀ 31 ਜੁਲਾਈ ਨੂੰ ਭੀੜ ਵੱਲੋਂ ਵਿਸ਼ਵ ਹਿੰਦੂ ਪਰਿਸ਼ਦ ਦੀ ਸ਼ੋਭਾ ਯਾਤਰਾ ਨੂੰ ਰੋਕਣ ਦੀ ਕੋਸ਼ਿਸ਼ ਮਗਰੋਂ ਫਿਰਕੂ ਹਿੰਸਾ ਦੌਰਾਨ ਦੋ ਹੋਮਗਾਰਡ ਕਰਮੀਆਂ ਸਣੇ ਛੇ ਜਣਿਆਂ ਦੀ ਮੌਤ ਹੋ ਗਈ ਸੀ। ਲਾਲਪੁਰਾ ਨੇ ਕਿਹਾ, ‘‘ਟੀਮ ਦੇ ਮੈਂਬਰ ਨੂਹ ਅਤੇ ਸੋਹਣਾ ਗਏ ਸੀ। ਅਸੀਂ ਦੋਵਾਂ ਭਾਈਚਾਰਿਆਂ ਦੇ ਲੋਕਾਂ ਅਤੇ ਪ੍ਰਸ਼ਾਸਨ ਦੇ ਅਧਿਕਾਰੀਆਂ ਨਾਲ ਗੱਲਬਾਤ ਕੀਤੀ। ਲੋਕਾਂ ਅਨੁਸਾਰ ਹਿੰਸਾ ਕਰਨ ਵਾਲੇ ਲੋਕ ਬਾਹਰੀ ਸਨ। ਸਥਾਨਕ ਮੁਸਲਮਾਨਾਂ ਨੇ ਮੰਦਰਾਂ ਦੀ ਰੱਖਿਆ ਕੀਤੀ ਤਾਂ ਹਿੰਦੂਆਂ ਨੇ ਮਸਜਿਦਾਂ ਦੀ ਰੱਖਿਆ ਕੀਤੀ। ਉੱਥੇ ਇਹ ਇਕਸਾਰਤਾ ਦੇਖਣ ਨੂੰ ਮਿਲੀ।’’ ਉਨ੍ਹਾਂ ਕਿਹਾ ਕਿ ਇਹ ਹਿੰਸਾ ਕੋਈ ‘ਸੰਗਠਿਤ ਅਪਰਾਧ’ ਦੀ ਘਟਨਾ ਨਹੀਂ ਸੀ ਪਰ ਸੋਸ਼ਲ ਮੀਡੀਆ ਜ਼ਰੀਏ ਕੀਤੇ ਗਏ ਕੂੜ ਪ੍ਰਚਾਰ ਨਾਲ ਸਥਿਤੀ ਵਿਗੜੀ।