ਦਿੱਲੀ ’ਚ ਕੌਮੀ ਗਤਕਾ ਚੈਂਪੀਅਨਸ਼ਿਪ ਦਾ ਆਗਾਜ਼

ਦਿੱਲੀ ’ਚ ਕੌਮੀ ਗਤਕਾ ਚੈਂਪੀਅਨਸ਼ਿਪ ਦਾ ਆਗਾਜ਼

ਨਵੀਂ ਦਿੱਲੀ- ਨੈਸ਼ਨਲ ਗਤਕਾ ਐਸੋਸੀਏਸ਼ਨ ਆਫ਼ ਇੰਡੀਆ (ਐੱਨਜੀਏਆਈ) ਵੱਲੋਂ ਕਰਵਾਈ ਜਾ ਰਹੀ ਦੋ ਰੋਜ਼ਾ 11ਵੀਂ ਕੌਮੀ ਗਤਕਾ ਚੈਂਪੀਅਨਸ਼ਿਪ ਅੱਜ ਇੱਥੇ ਤਾਲਕਟੋਰਾ ਸਟੇਡੀਅਮ ’ਚ ਬੜੇ ਉਤਸ਼ਾਹ ਅਤੇ ਧੂਮਧਾਮ ਨਾਲ ਸ਼ੁਰੂ ਹੋ ਗਈ ਹੈ। ਇਸ ਚੈਂਪੀਅਨਸ਼ਿਪ ਵਿੱਚ 14 ਰਾਜਾਂ ਦੇ 900 ਤੋਂ ਵੱਧ ਹੁਨਰਮੰਦ ਗਤਕਾ ਖਿਡਾਰੀ (ਲੜਕੇ ਅਤੇ ਲੜਕੀਆਂ) ਭਾਗ ਲੈ ਰਹੇ ਹਨ, ਜੋ ਵੱਖ-ਵੱਖ ਉਮਰ ਵਰਗਾਂ ਦੇ ਮੁਕਾਬਲੇ ’ਚ ਆਪਣੇ ਜੌਹਰ ਦਿਖਾਉਣਗੇ। ਇਸ ਖੇਡ ਮੇਲੇ ਦੀ ਮੇਜ਼ਬਾਨੀ ਗਤਕਾ ਐਸੋਸੀਏਸ਼ਨ ਆਫ ਦਿੱਲੀ ਵੱਲੋਂ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ (ਡੀ.ਐੱਸ.ਜੀ.ਐੱਮ.ਸੀ.) ਦੇ ਸਹਿਯੋਗ ਨਾਲ ਕੀਤੀ ਜਾ ਰਹੀ ਹੈ। ਕੌਮੀ ਗਤਕਾ ਚੈਂਪੀਅਨਸ਼ਿਪ ਨਾ ਸਿਰਫ਼ ਦੇਸ਼ ਦੀ ਅਮੀਰ ਮਾਰਸ਼ਲ ਆਰਟ ਵਿਰਾਸਤ ਦਾ ਪ੍ਰਮਾਣ ਹੈ, ਸਗੋਂ ਦੇਸ਼ ਦੇ ਨੌਜਵਾਨਾਂ ਦੀ ਗਤਕੇ ਦੇ ਖੇਤਰ ਵਿੱਚ ਸਮਰਪਣ ਅਤੇ ਪ੍ਰਤਿਭਾ ਦਾ ਪ੍ਰਮਾਣ ਵੀ ਹੈ। ਚੈਂਪੀਅਨਸ਼ਿਪ ਦੇ ਉਦਘਾਟਨ ਮੌਕੇ ਮਨਜਿੰਦਰ ਸਿੰਘ ਸਿਰਸਾ, ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਜਨਰਲ ਸਕੱਤਰ ਜਗਦੀਪ ਸਿੰਘ ਕਾਹਲੋਂ, ਐੱਨਜੀਏਆਈ ਦੇ ਪ੍ਰਧਾਨ ਹਰਜੀਤ ਸਿੰਘ ਤੇ ਗਤਕਾ ਐਸੋਸੀਏਸ਼ਨ ਆਫ ਦਿੱਲੀ (ਜੀਏਡੀ) ਦੇ ਚੇਅਰਮੈਨ ਸਰਵਜੀਤ ਸਿੰਘ ਵਿਰਕ (ਮੈਂਬਰ ਕਾਰਜਕਾਰਨੀ ਡੀਐੱਸਜੀਐੱਮਸੀ) ਨੇ ਵੀ ਹਾਜ਼ਰੀਨ ਨੂੰ ਪ੍ਰੇਰਨਾਦਾਇਕ ਵਿਚਾਰਾਂ ਨਾਲ ਸੰਬੋਧਨ ਕੀਤਾ। ਭਾਰਤੀ ਓਲੰਪਿਕ ਐਸੋਸੀਏਏਸ਼ਨ ਦੁਆਰਾ ਗਤਕਾ ਦੀ ਖੇਡ ਨੂੰ 36ਵੀਆਂ ਰਾਸ਼ਟਰੀ ਖੇਡਾਂ ਵਿੱਚ ਸ਼ਾਮਲ ਕੀਤੇ ਜਾਣ ਤੋਂ ਬਾਅਦ ਗਤਕੇ ਨੂੰ ਕੌਮੀ ਖੇਡ ਵਜੋਂ ਮਾਨਤਾ ਮਿਲੀ ਹੈ। ਸ੍ਰੀ ਸਿਰਸਾ ਨੇ ਕਿਹਾ ਕਿ ਗਤਕੇ ਨੂੰ ਏਸ਼ੀਅਨ ਖੇਡਾਂ ਅਤੇ ਸੰਭਾਵਿਤ ਤੌਰ ’ਤੇ ਓਲੰਪਿਕ ਖੇਡਾਂ ਵਿਚ ਸ਼ਾਮਲ ਕਰਨ ਨਾਲ ਇਸ ਦੀ ਵਿਸ਼ਵ ਪੱਧਰ ’ਤੇ ਪੂਰੀ ਚੜ੍ਹਤ ਹੋਵੇਗੀ। ਸ੍ਰੀ ਵਿਰਕ ਨੇ ਕਿਹਾ ਕਿ ਗਤਕਾ ਇੱਕ ਗਤੀਸ਼ੀਲ ਖੇਡ ਹੈ, ਜੋ ਆਉਣ ਵਾਲੇ ਸਮੇਂ ਵਿੱਚ ਕੌਮਾਂਤਰੀ ਪੱਧਰ ’ਤੇ ਪ੍ਰਸਿੱਧੀ ਹਾਸਲ ਕਰਨ ਕਰੇਗੀ। ਅੱਜ ਹੋਏ ਮੈਚਾਂ ਦੌਰਾਨ ਖਿਡਾਰੀਆਂ ਨੇ ਗਤਕਾ ਦੇ ਜੌਹਰ ਦਿਖਾਏ।