ਕੌਮਾਂਤਰੀ ਹਾਕੀ ਖਿਡਾਰੀ ਅਵਤਾਰ ਸਿੰਘ ਘੁੰਮਣ ਦਾ ਦੇਹਾਂਤ

ਕੌਮਾਂਤਰੀ ਹਾਕੀ ਖਿਡਾਰੀ ਅਵਤਾਰ ਸਿੰਘ ਘੁੰਮਣ ਦਾ ਦੇਹਾਂਤ

ਗੁਰੂਸਰ ਸੁਧਾਰ- ਉੱਘੇ ਹਾਕੀ ਖਿਡਾਰੀ ਅਵਤਾਰ ਸਿੰਘ ਘੁੰਮਣ ਦਾ ਦੇਹਾਂਤ ਹੋ ਗਿਆ। ਉਹ 80 ਸਾਲ ਦੇ ਸਨ। ਉਨ੍ਹਾਂ ਨੇ ਲਾਗਲੇ ਪਿੰਡ ਘੁਮਾਣ ਵਿੱਚ ਆਖ਼ਰੀ ਸਾਹ ਲਿਆ। ਉਨ੍ਹਾਂ ਭਾਰਤੀ ਹਵਾਈ ਸੈਨਾ ਵਿੱਚ 28 ਸਾਲ ਸੇਵਾਵਾਂ ਨਿਭਾਈਆਂ। ਸਪੋਰਟਸ ਅਥਾਰਿਟੀ ਆਫ ਇੰਡੀਆ ਦੇ ਉੱਘੇ ਕੋਚ ਅਵਤਾਰ ਸਿੰਘ ਘੁੰਮਣ ਦਾ ਅੰਤਿਮ ਸੰਸਕਾਰ ਉਨ੍ਹਾਂ ਦੇ ਜੱਦੀ ਪਿੰਡ ਘੁਮਾਣ ਦੇ ਸ਼ਮਸ਼ਾਨਘਾਟ ਵਿੱਚ ਸੈਂਕੜੇ ਨਮ ਅੱਖਾਂ ਦੀ ਮੌਜੂਦਗੀ ਵਿੱਚ ਸਰਕਾਰੀ ਸਨਮਾਨਾਂ ਨਾਲ ਕੀਤਾ ਗਿਆ। ਤਿਰੰਗੇ ਝੰਡੇ ਵਿੱਚ ਲਪੇਟੀ ਉਨ੍ਹਾਂ ਦੀ ਮ੍ਰਿਤਕ ਦੇਹ ਨੂੰ ਅੰਤਿਮ ਦਰਸ਼ਨਾਂ ਲਈ ਪਹਿਲਾਂ ਉਨ੍ਹਾਂ ਦੇ ਘਰ ਵਿੱਚ ਹੀ ਰੱਖਿਆ ਗਿਆ ਸੀ। ਸ਼ਮਸ਼ਾਨਘਾਟ ਵਿੱਚ ਭਾਰਤੀ ਫ਼ੌਜ ਦੀ 17 ਐੱਫਏਡੀ ਯੂਨਿਟ ਦੇ ਨਾਇਬ ਸੂਬੇਦਾਰ ਰਮੇਸ਼ ਐੱਨ ਦੀ ਅਗਵਾਈ ਵਾਲੀ ਫੌਜੀ ਟੁਕੜੀ ਨੇ ਅਵਤਾਰ ਸਿੰਘ ਘੁੰਮਣ ਨੂੰ ਆਖ਼ਰੀ ਸਲਾਮੀ ਦਿੱਤੀ। ਅਵਤਾਰ ਸਿੰਘ ਘੁੰਮਣ ਦੀ ਚਿਖਾ ਨੂੰ ਅਗਨੀ ਉਨ੍ਹਾਂ ਦੇ ਪੁੱਤਰ ਗੁਰਮੁਖ ਸਿੰਘ ਘੁੰਮਣ ਵੱਲੋਂ ਦਿਖਾਈ ਗਈ। ਅਵਤਾਰ ਘੁੰਮਣ 1967 ਦੀ ਲੰਡਨ ਪ੍ਰੀ-ਓਲੰਪਿਕ, ਮੁੰਬਈ ਇੰਟਰਨੈਸ਼ਨਲ 1970, ਏਸ਼ੀਅਨ ਖੇਤਰ ਦੇ ਸਿੰਗਾਪੁਰ ਟੂਰਨਾਮੈਂਟ 1971, ਵਿਸ਼ਵ ਕੱਪ ਬਾਰਸੀਲੋਨਾ ਸਪੇਨ 1971 ਦੌਰਾਨ ਭਾਰਤੀ ਹਾਕੀ ਟੀਮ ਦਾ ਹਿੱਸਾ ਸਨ। ਪਿੰਡ ਦੀ ਸਰਪੰਚ ਅਮਰਜੀਤ ਕੌਰ, ਸਾਬਕਾ ਸਰਪੰਚ ਭੁਪਿੰਦਰ ਸਿੰਘ, ਸਰਪੰਚ ਹਰਮਿੰਦਰ ਸਿੰਘ ਗਿੱਲ ਅਤੇ ਕਿਸਾਨ ਜਥੇਬੰਦੀਆਂ ਦੇ ਆਗੂ ਅਤੇ ਪਰਿਵਾਰਕ ਮੈਂਬਰ ਮੌਜੂਦ ਸਨ। ਅਵਤਾਰ ਸਿੰਘ ਘੁੰਮਣ ਆਪਣੇ ਪਿੱਛੇ ਪਤਨੀ, ਇੱਕ ਪੁੱਤਰ ਤੇ ਤਿੰਨ ਧੀਆਂ ਨੂੰ ਛੱਡ ਗਏ ਹਨ।