ਅਮਰੀਕਾ ’ਚ ਦੁਨੀਆ ਦੇ ਸਭ ਤੋਂ ਵੱਡੇ ਹਿੰਦੂ ਮੰਦਰ ਸਵਾਮੀਨਾਰਾਇਣ ਅਕਸ਼ਰਧਾਮ ਦਾ ਹੋਇਆ ਉਦਘਾਟਨ

ਅਮਰੀਕਾ ’ਚ ਦੁਨੀਆ ਦੇ ਸਭ ਤੋਂ ਵੱਡੇ ਹਿੰਦੂ ਮੰਦਰ ਸਵਾਮੀਨਾਰਾਇਣ ਅਕਸ਼ਰਧਾਮ ਦਾ ਹੋਇਆ ਉਦਘਾਟਨ

ਨਿਊਜਰਸੀ : ਦੁਨੀਆ ਦਾ ਦੂਜਾ ਹਿੰਦੂ ਮੰਦਰ ਸਵਾਮੀ ਨਰਾਇਣ ਅਕਸ਼ਰਧਾਮ ਜੋ ਭਾਰਤ ਤੋ ਬਾਹਰ ਅਮਰੀਕਾ ਦੇ ਰਾਜ ਨਿਊਜਰਸੀ ਦੇ ਟਾਊਨ ਰੋਬਿਨਸਵਿਲੇ ਵਿਖੇ ਸਥਿਤ ਹੈ। ਬੀਤੇ ਦਿਨ ਉਸ ਦਾ ਉਦਘਾਟਨ ਕੀਤਾ ਗਿਆ। ਇਸ ਅਕਸ਼ਰਧਾਮ ਮੰਦਰ ਦੇ ਸ਼ਾਨਦਾਰ ਉਦਘਾਟਨੀ ਸਮਾਰੋਹ ਵਿੱਚ ਭਾਰਤ ਦੇ 50 ਤੋਂ ਵੱਧ ਧਾਰਮਿਕ ਆਗੂਆਂ, ਗੁਰੂਆਂ ਤੇ ਹੋਰ ਧਰਮਾਂ ਦੇ ਨੁਮਾਇੰਦਿਆਂ ਸਮੇਤ 100 ਤੋਂ ਵੱਧ ਵਿਸ਼ੇਸ਼ ਮਹਿਮਾਨਾਂ ਨੇ ਸ਼ਿਰਕਤ ਕੀਤੀ। ਇਹ ਸਵਾਮੀਨਾਰਾਇਣ ਅਕਸ਼ਰਧਾਮ ਮੰਦਿਰ ਰੋਬਿਨਸਵਿਲੇ ਟਾਊਨਸ਼ਿਪ, ਨਿਊਜਰਸੀ ਵਿੱਚ ਸਥਿੱਤ ਹੈ। ਜੋ ਨਿਊਯਾਰਕ ਦੇ ਟਾਈਮਜ਼ ਸਕੁਏਅਰ ਤੋਂ ਲਗਭਗ 90 ਕਿਲੋਮੀਟਰ ਦੱਖਣ ਵਿੱਚ ਜਾਂ ਵਾਸ਼ਿੰਗਟਨ ਡੀਸੀ ਤੋਂ ਲਗਭਗ 289 ਕਿਲੋਮੀਟਰ ਉੱਤਰ ਵਿੱਚ ਸਥਿੱਤ ਹੈ।
ਇਸ ਮੰਦਰ ਨੂੰ 12,500 ਤੋਂ ਵੱਧ ਵਲੰਟੀਅਰਾਂ ਦੁਆਰਾ ਬਣਾਇਆ ਗਿਆ ਹੈ। ਇਹ ਮੰਦਰ ਬੋਚਾਸਨਵਾਸੀ ਸ਼੍ਰੀ ਅਕਸ਼ਰ ਪੁਰਸ਼ੋਤਮ ਸਵਾਮੀਨਾਰਾਇਣ ਸੰਸਥਾ ਸੰਪਰਦਾ ਦੀ ਵਿਸ਼ਵਵਿਆਪੀ ਧਾਰਮਿਕ ਅਤੇ ਨਾਗਰਿਕ ਸੰਸਥਾ ਦੁਆਰਾ ਬਣਾਏ ਗਏ ਮੰਦਰਾਂ ਵਿੱਚੋਂ ਇੱਕ ਹੈ। ਜੋ 18 ਅਕਤੂਬਰ ਤੋਂ ਸ਼ਰਧਾਲੂਆਂ ਲਈ ਖੋਲ੍ਹ ਦਿੱਤਾ ਜਾਵੇਗਾ। ਇਸ ਮੰਦਰ ਨੂੰ ਪ੍ਰਾਚੀਨ ਹਿੰਦੂ ਗ੍ਰੰਥਾਂ ਅਨੁਸਾਰ ਤਿਆਰ ਕੀਤਾ ਗਿਆ ਹੈ, ਜਿਸ ਵਿੱਚ 10 ਹਜਾਰ ਮੂਰਤੀਆਂ ਸਥਾਪਿਤ ਕੀਤੀਆਂ ਗਈਆਂ ਹਨ। ਮੰਦਰ ਵਿੱਚ ਭਾਰਤੀ ਸੰਗੀਤ ਯੰਤਰਾਂ ਅਤੇ ਨਾਚਾਂ ਦੀ ਨੱਕਾਸ਼ੀ ਤੋਂ ਇਲਾਵਾ ਪ੍ਰਾਚੀਨ ਭਾਰਤੀ ਸੰਸਕ੍ਰਿਤੀ ਦੇ ਡਿਜ਼ਾਈਨ ਵੀ ਸ਼ਾਮਲ ਹਨ। ਮੰਦਰ ਦੀ ਉਸਾਰੀ ਆਰਕੀਟੈਕਚਰ ਅਨੁਸਾਰ ਕੀਤੀ ਗਈ ਹੈ।
ਅਕਸ਼ਰਧਾਮ ਹਿੰਦੂ ਮੰਦਰ ਆਰਕੀਟੈਕਚਰ ਨੂੰ ਧਿਆਨ ਵਿਚ ਰੱਖ ਕੇ ਬਣਾਇਆ ਗਿਆ ਹੈ। ਇਸ ਵਿਲੱਖਣ ਮਨੀਰ ਡਿਜ਼ਾਈਨ ਵਿੱਚ ਇੱਕ ਮੁੱਖ ਮੰਦਰ, 12 ਉਪ-ਮੰਦਰ, 9 ਚੋਟੀਆਂ ਅਤੇ 9 ਪਿਰਾਮਿਡਲ ਚੋਟੀਆਂ ਸ਼ਾਮਲ ਹਨ। ਇਹ ਅਕਸ਼ਰਧਾਮ ਪਰੰਪਰਾਗਤ ਪੱਥਰ ਦੇ ਆਰਕੀਟੈਕਚਰ ਦਾ ਹੁਣ ਤੱਕ ਦਾ ਸਭ ਤੋਂ ਵੱਡਾ ਅੰਡਾਕਾਰ ਗੁੰਬਦ ਹੈ ਅਤੇ ਇਹ ਮੰਦਰ ਚਾਰ ਕਿਸਮ ਦੇ ਪੱਥਰਾਂ ਦੇ ਨਾਲ ਬਣਿਆ ਹੈ। ਇਸ ਮੰਦਰ ਨੂੰ ਇਸ ਤਰ੍ਹਾਂ ਡਿਜ਼ਾਈਨ ਕੀਤਾ ਗਿਆ ਹੈ ਕਿ ਇਹ ਮੰਦਰ ਹਜ਼ਾਰਾਂ ਸਾਲਾਂ ਤੱਕ ਸੁਰੱਖਿਅਤ ਰਹੇ। ਅਕਸ਼ਰਧਾਮ ਮੰਦਰ ਦੇ ਹਰ ਪੱਥਰ ਦੀ ਇੱਕ ਕਹਾਣੀ ਹੈ। ਜਿਸ ਵਿੱਚ ਚਾਰ ਕਿਸਮ ਦੇ ਪੱਥਰ ਜਿਵੇਂ ਚੂਨਾ ਪੱਥਰ, ਗੁਲਾਬੀ ਪੱਥਰ, ਸੰਗਮਰਮਰ ਦਾ ਪੱਥਰ ਅਤੇ ਗ੍ਰੇਨਾਈਟ ਪੱਥਰ ਦੀ ਵਰਤੋਂ ਮੰਦਰ ਦੀ ਉਸਾਰੀ ਵਿੱਚ ਕੀਤੀ ਗਈ ਹੈ।
ਇਸ ਮੰਦਰ ਦੇ ਨਿਰਮਾਣ ਵਿੱਚ ਲਗਭਗ 2 ਮਿਲੀਅਨ ਘਣ ਫੁੱਟ ਪੱਥਰ ਦੀ ਵਰਤੋਂ ਕੀਤੀ ਗਈ ਹੈ, ਜਿਸ ਨੂੰ ਦੁਨੀਆ ਭਰ ਦੀਆਂ ਵੱਖ-ਵੱਖ ਥਾਵਾਂ ਤੋਂ ਲਿਆਂਦਾ ਗਿਆ ਹੈ। ਜਿਸ ਵਿੱਚ ਬੁਲਗਾਰੀਆ ਅਤੇ ਤੁਰਕੀ ਤੋਂ ਚੂਨਾ ਪੱਥਰ, ਗ੍ਰੀਸ, ਤੁਰਕੀ ਅਤੇ ਇਟਲੀ ਤੋਂ ਸੰਗਮਰਮਰ, ਭਾਰਤ ਅਤੇ ਚੀਨ ਤੋਂ ਗ੍ਰੇਨਾਈਟ, ਭਾਰਤ ਤੋਂ ਰੇਤਲਾ ਪੱਥਰ, ਯੂਰਪ, ਏਸ਼ੀਆ, ਲੈਟਿਨ ਅਮਰੀਕਾ ਤੋਂ ਹੋਰ ਸਜਾਵਟੀ ਪੱਥਰ ਵੀ ਮੰਗਵਾਏ ਗਏ ਸਨ।ਇਸ ਮੰਦਰ ਦੇ ਬ੍ਰਹਮਕੁੰਡ ਵਿੱਚ ਪਰੰਪਰਾਗਤ ਭਾਰਤੀ ਵਾਵ ਹੈ। ਜਿਸ ਵਿੱਚ ਭਾਰਤ ਦੀਆਂ ਪਵਿੱਤਰ ਨਦੀਆਂ ਅਤੇ ਅਮਰੀਕਾ ਦੇ 50 ਰਾਜਾਂ ਸਮੇਤ ਦੁਨੀਆ ਭਰ ਦੇ 300 ਤੋਂ ਵੱਧ ਜਲਘਰਾਂ ਤੋਂ ਪਾਣੀ ਲਿਆ ਗਿਆ ਹੈ। ਇਸ ਮੰਦਰ ਵਿੱਚ ਬੀਏਪੀਐਸ ਦਾ ਮਿਸ਼ਨ ਹੈ। ਹਰੇਕ ਮੰਦਰ ਵਾਂਗ ਇਸ ਵਿਚ ਇੱਕ ਸੋਲਰ ਪੈਨਲ ਫਾਰਮ ਅਤੇ ਇੱਕ ਦਹਾਕੇ ਵਿੱਚ ਦੁਨੀਆ ਭਰ ਵਿੱਚ 2 ਮਿਲੀਅਨ ਤੋਂ ਵੱਧ ਰੁੱਖ ਲਗਾਉਣਾ ਸ਼ਾਮਲ ਹੈ।
ਅਮਰੀਕੀ ਵਲੰਟੀਅਰਾਂ ਨੇ ਭਾਰਤ ਤੋਂ ਆਏ ਕਾਰੀਗਰ ਵਾਲੰਟੀਅਰਾਂ ਦੀ ਅਗਵਾਈ ਹੇਠ ਇਸ ਮੰਦਰ ਦੇ ਨਿਰਮਾਣ ਕਾਰਜ ਵਿੱਚ ਮਦਦ ਕੀਤੀ ਹੈ। ਜਿਸ ਵਿੱਚ ਲੱਖਾਂ ਸਮਰਥਕਾਂ ਨੇ ਕੰਮ ਕੀਤਾ। ਮੰਦਰ ਦਾ ਉਦਘਾਟਨ ਅਧਿਆਤਮਿਕ ਪ੍ਰਧਾਨ ਮਹੰਤ ਸਵਾਮੀ ਮਹਾਰਾਜ ਦੀ ਅਗਵਾਈ ਹੇਠ ਕੀਤਾ ਗਿਆ। ਲੱਖਾਂ ਵਲੰਟੀਅਰਾਂ ਨੇ ਮੰਦਰ ਦੀ ਉਸਾਰੀ ਵਿੱਚ ਨਿਰਸਵਾਰਥ ਸੇਵਾ ਕੀਤੀ ਹੈ। ਜਿਸ ਵਿੱਚ 18 ਸਾਲ ਤੋਂ ਲੈ ਕੇ 60 ਸਾਲ ਤੋਂ ਵੱਧ ਉਮਰ ਦੇ ਹਰ ਵਿਅਕਤੀ ਨੇ ਯੋਗਦਾਨ ਪਾਇਆ ਹੈ। ਇਹਨਾਂ ਵਿੱਚ ਵਿਦਿਆਰਥੀ, ਕੰਪਨੀ ਦੇ ਸੀਈਓ, ਡਾਕਟਰ, ਇੰਜੀਨੀਅਰ ਅਤੇ ਆਰਕੀਟੈਕਟ ਸ਼ਾਮਲ ਹਨ। ਸੰਯੁਕਤ ਰਾਸ਼ਟਰ ਦੇ ਰਾਜਦੂਤਾਂ ਤੇ ਨੁਮਾਇੰਦਿਆਂ ਨੇ ਵੀ ਅਕਸ਼ਰਧਾਮ ਮੰਦਰ ਦਾ ਦੌਰਾ ਕੀਤਾ।