ਸਕਾਟਲੈਂਡ ਅਤੇ ਦੁਨੀਆ ਭਰ ਦੇ ਸਿੱਖ ਇਨ੍ਹਾਂ ਘਟਨਾਵਾਂ ਦੇ ਭਾਵਨਾਤਮਕ ਅਤੇ ਡੂੰਘੇ ਮਨੋਵਿਗਿਆਨਕ ਸਦਮੇ ਤੋਂ ਬਾਹਰ ਨਹੀਂ ਨਿਕਲ ਸਕੇ
ਗਲਾਸਗੋ : ਸਕਾਟਲੈਂਡ ਦੀ ਸੰਸਦ ’ਚ 1984 ਸਿੱਖ ਕਤਲੇਆਮ ਦੀ ਨਿਖੇਧੀ ਕਰਦਾ ਇਕ ਮਤਾ ਪੇਸ਼ ਕੀਤਾ ਗਿਆ ਹੈ। ਮਤੇ ਨੂੰ ਸਕਾਟਿਸ਼ ਸੰਸਦ ਮੈਂਬਰ (ਐਮ.ਐਸ.ਪੀ.) ਕੌਕਬ ਸਟੀਵਰਟ ਨੇ ਪੇਸ਼ ਕੀਤਾ ਹੈ ਜੋ ਕਿ 2021 ਤੋਂ ਗਲਾਸਗੋ ਦੀ ਪ੍ਰਤੀਨਿਧਗੀ ਕਰ ਰਹੇ ਹਨ ਅਤੇ ਸਕਾਟਿਸ਼ ਨੈਸ਼ਨਲ ਪਾਰਟੀ (ਐਸ.ਐਨ.ਪੀ.) ਦੇ ਆਗੂ ਹਨ।
ਸਕਾਟਿਸ ਨੈਸ਼ਨਲ ਪਾਰਟੀ ਐਮ.ਐਸ.ਪੀ. ਕੌਕਬ ਸਟੀਵਰਟ ਵਲੋਂ ਪੇਸ਼ ਕੀਤਾ ਗਿਆ ਮਤਾ, ਭਾਰਤ ’ਚ ਅਕਤੂਬਰ ਅਤੇ ਨਵੰਬਰ 1984 ਦੌਰਾਨ ਮਰਦਾਂ, ਔਰਤਾਂ ਅਤੇ ਬੱਚਿਆਂ ਸਮੇਤ ਸਿੱਖ ਵਿਅਕਤੀਆਂ ਵਿਰੁੱਧ ਹਿੰਸਾ ਦੀਆਂ ਦੁਖਦਾਈ ਘਟਨਾਵਾਂ ਨੂੰ ਯਾਦ ਕਰਦਾ ਹੈ। ਇਹ ਮਤਾ ਦੁਖਾਂਤ ਦੀ ਵਿਸ਼ਾਲਤਾ ਨੂੰ ਉਨ੍ਹਾਂ ਰਿਪੋਰਟਾਂ ਨਾਲ ਰੇਖਾਂਕਿਤ ਕਰਦਾ ਹੈ ਕਿ ਹਜ਼ਾਰਾਂ ਸਿੱਖਾਂ ਨੇ ਆਪਣੀਆਂ ਜਾਨਾਂ ਗੁਆ ਦਿੱਤੀਆਂ ਜਦਕਿ ਕਈਆਂ ਨੇ ਹਮਲੇ, ਤਸ਼ੱਦਦ ਅਤੇ ਜਿਨਸੀ ਹਿੰਸਾ ਦਾ ਸਾਹਮਣਾ ਕੀਤਾ।
ਸਿੱਖ ਨਿਵਾਸ, ਕਾਰੋਬਾਰ ਅਤੇ ਪਵਿੱਤਰ ਅਸਥਾਨ ਵੀ ਬਰਬਾਦੀ ਅਤੇ ਤਬਾਹੀ ਦਾ ਸ਼ਿਕਾਰ ਹੋਏ। ਇਹ ਮਤਾ ਖਾਸ ਤੌਰ ’ਤੇ ਸਿੱਖ ਔਰਤਾਂ ਦੇ ਸਥਾਈ ਦੁੱਖਾਂ ਨੂੰ ਦਰਸਾਉਂਦਾ ਹੈ ਜੋ ਇਨ੍ਹਾਂ ਘਿਨਾਉਣੀਆਂ ਕਾਰਵਾਈਆਂ ਦੌਰਾਨ ਕਿਸੇ ਤਰ੍ਹਾਂ ਬਚ ਗਈਆਂ ਅਤੇ ਨਵੀਂ ਦਿੱਲੀ ਦੀ ‘ਵਿਧਵਾ ਕਾਲੋਨੀ’ ਵਲ ਧਿਆਨ ਖਿੱਚਦਾ ਹੈ, ਜਿਥੇ ਪੀੜਤ ਆਪਣੇ ਅਤੇ ਉਨ੍ਹਾਂ ਦੇ ਪਰਿਵਾਰਾਂ ਵਿਰੁੱਧ ਕੀਤੇ ਜ਼ੁਲਮਾਂ ਲਈ ਨਿਆਂ ਦੀ ਮੰਗ ਕਰਦੇ ਰਹਿੰਦੇ ਹਨ।
ਸਕਾਟਲੈਂਡ ਸਮੇਤ ਦੁਨੀਆ ਭਰ ਦੇ ਸਿੱਖਾਂ ’ਤੇ ਡੂੰਘੇ ਅਤੇ ਸਥਾਈ ਮਨੋਵਿਗਿਆਨਕ ਪ੍ਰਭਾਵ ਨੂੰ ਪਛਾਣਦਿਆਂ, ਇਹ ਮਤਾ ਇਨ੍ਹਾਂ ਦੁਖਦਾਈ ਘਟਨਾਵਾਂ ਵਲੋਂ ਛੱਡੇ ਗਏ ਭਾਵਨਾਤਮਕ ਜ਼ਖ਼ਮਾਂ ਦੀ ਪਛਾਣ ਅਤੇ ਹੱਲ ਦੀ ਫੌਰੀ ਲੋੜ ’ਤੇ ਜ਼ੋਰ ਦਿੰਦਾ ਹੈ। ਐਮ.ਐਸ.ਪੀ. ਕੌਕਬ ਸਟੀਵਰਟ ਵਲੋਂ ਪੇਸ਼ ਕੀਤੇ ਗਏ ਮਤੇ ’ਤੇ ਕਿਹਾ ਗਿਆ ਹੈ, ‘‘ਸੰਸਦ ਅਕਤੂਬਰ ਅਤੇ ਨਵੰਬਰ 1984 ’ਚ ਭਾਰਤ ਅੰਦਰ ਸਿੱਖ ਮਰਦਾਂ, ਔਰਤਾਂ ਅਤੇ ਬੱਚਿਆਂ ਵਿਰੁੱਧ ਹਿੰਸਾ ਨੂੰ ਯਾਦ ਕਰਦੀ ਹੈ। ਅਜਿਹੀਆਂ ਰਿਪੋਰਟਾਂ ਨੂੰ ਨੋਟ ਕਰਦਾ ਹੈ ਕਿ ਪੂਰੇ ਭਾਰਤ ’ਚ 31 ਅਕਤੂਬਰ ਤੋਂ 4 ਨਵੰਬਰ 1984 ਤੱਕ 3000 ਤੋਂ ਵੱਧ ਸਿੱਖਾਂ ਨੂੰ ਕਤਲ ਕੀਤਾ ਗਿਆ ਸੀ। ਕੁਝ ਅੰਦਾਜ਼ਿਆਂ ਅਨੁਸਾਰ ਮਾਰੇ ਗਏ ਲੋਕਾਂ ਦੀ ਗਿਣਤੀ 17,000 ਤੱਕ ਹੋ ਸਕਦੀ ਹੈ। ਮਤਾ ਸਮਝਦਾ ਹੈ ਕਿ ਸਿੱਖਾਂ ’ਤੇ ਹਮਲਾ ਕੀਤਾ ਗਿਆ ਅਤੇ ਤਸੀਹੇ ਦਿੱਤੇ ਗਏ ਅਤੇ ਹਮਲਾਵਰਾਂ ਦੇ ਸਮੂਹਾਂ ਵਲੋਂ ਸਿੱਖ ਔਰਤਾਂ ਨਾਲ ਜਬਰ ਜਨਾਹ ਕੀਤਾ ਗਿਆ ਅਤੇ ਬਲਾਤਕਾਰ ਕੀਤਾ ਗਿਆ। ਰਿਪੋਰਟਾਂ ਅਨੁਸਾਰ ਸਿੱਖ ਘਰਾਂ, ਕਾਰੋਬਾਰਾਂ ਅਤੇ ਧਾਰਮਿਕ ਸਥਾਨਾਂ (ਗੁਰਦੁਆਰਿਆਂ) ਨੂੰ ਲੁੱਟਿਆ ਗਿਆ, ਤੋੜਿਆ ਗਿਆ ਅਤੇ ਤਬਾਹ ਕਰ ਦਿੱਤਾ ਗਿਆ। ਇਹ ਸਮਝਦਾ ਹੈ ਕਿ ਭਾਰਤ ਦੀ ਰਾਜਧਾਨੀ ਨਵੀਂ ਦਿੱਲੀ ਦੇ ਤਿਲਕ ਵਿਹਾਰ ਇਲਾਕੇ ‘ਵਿਧਵਾ ਕਲੋਨੀ’ ’ਚ ਅੱਜ ਤੱਕ ਵੀ ਅਜਿਹੀਆਂ ਸਿੱਖ ਔਰਤਾਂ ਦੇ ਘਰ ਹਨ, ਜਿਨ੍ਹਾ ’ਤੇ ਹਮਲਾ, ਬਲਾਤਕਾਰ, ਤਸ਼ੱਦਦ ਕੀਤਾ ਗਿਆ ਸੀ ਅਤੇ ਉਨ੍ਹਾਂ ਦੇ ਪਰਿਵਾਰਾਂ ਨੂੰ ਤੋੜਨ, ਸਾੜਨ ਅਤੇ ਕਤਲ ਕਰਨ ਲਈ ਮਜਬੂਰ ਕੀਤਾ ਗਿਆ, ਜੋ ਦੋਸ਼ੀਆਂ ਵਿਰੁੱਧ ਨਿਆਂ ਦੀ ਮੰਗ ਕਰਦੇ ਰਹਿੰਦੇ ਹਨ ਅਤੇ ਮਤਾ ਇਹ ਮੰਨਦਾ ਹੈ ਕਿ ਸਕਾਟਲੈਂਡ ਅਤੇ ਦੁਨੀਆ ਭਰ ਦੇ ਸਿੱਖ ਇਨ੍ਹਾਂ ਘਟਨਾਵਾਂ ਦੇ ਭਾਵਨਾਤਮਕ ਅਤੇ ਡੂੰਘੇ ਮਨੋਵਿਗਿਆਨਕ ਸਦਮੇ ਤੋਂ ਬਾਹਰ ਨਹੀਂ ਨਿਕਲ ਸਕੇ ਹਨ।