ਦਰਬਾਰ ਸਾਹਿਬ ’ਚ ਅਲਕੋਹਲ ਅਤੇ ਰਸਾਇਣ ਵਾਲਾ ਇਤਰ ਵਰਤਣ ’ਤੇ ਪਾਬੰਦੀ

ਦਰਬਾਰ ਸਾਹਿਬ ’ਚ ਅਲਕੋਹਲ ਅਤੇ ਰਸਾਇਣ ਵਾਲਾ ਇਤਰ ਵਰਤਣ ’ਤੇ ਪਾਬੰਦੀ

ਅੰਮ੍ਰਿਤਸਰ- ਸ਼੍ਰੋਮਣੀ ਕਮੇਟੀ ਨੇ ਸ੍ਰੀ ਹਰਿਮੰਦਰ ਸਾਹਿਬ ਅਤੇ ਹੋਰ ਇਤਿਹਾਸਕ ਗੁਰਦੁਆਰਿਆਂ ਵਿੱਚ ਅਲਕੋਹਲ ਅਤੇ ਰਸਾਇਣ ਵਾਲਾ ਇਤਰ ਵਰਤਣ ’ਤੇ ਰੋਕ ਲਾ ਦਿੱਤੀ ਹੈ। ਇਸ ਸਬੰਧ ਵਿੱਚ ਸ਼੍ਰੋਮਣੀ ਕਮੇਟੀ ਵੱਲੋਂ ਸੈਕਸ਼ਨ 85 ਹੇਠ ਆਉਂਦੇ ਸਮੂਹ ਇਤਿਹਾਸਿਕ ਗੁਰਦੁਆਰਿਆਂ ਦੇ ਮੈਨੇਜਰਾਂ ਨੂੰ ਲੋੜੀਂਦੇ ਦਿਸ਼ਾ-ਨਿਰਦੇਸ਼ ਵੀ ਜਾਰੀ ਕੀਤੇ ਗਏ ਹਨ। ਸ੍ਰੀ ਹਰਿਮੰਦਰ ਸਾਹਿਬ ਵਿੱਚ ਅਜਿਹੇ ਪਰਫਿਊਮ ਦੀ ਵਰਤੋਂ ਸਵੇਰੇ ਗੁਰੂ ਗ੍ਰੰਥ ਸਾਹਿਬ ਦਾ ਪ੍ਰਕਾਸ਼ ਕਰਨ ਵੇਲੇ ਪਾਵਨ ਸਰੂਪ ਨੂੰ ਸ੍ਰੀ ਅਕਾਲ ਤਖਤ ਤੋਂ ਪਾਲਕੀ ਸਾਹਿਬ ਵਿੱਚ ਸੁਸ਼ੋਭਿਤ ਕਰਕੇ ਲਿਆਉਣ ਤੇ ਰਾਤ ਨੂੰ ਸੁੱਖ ਆਸਣ ਵੇਲੇ ਕੀਤੀ ਜਾਂਦੀ ਹੈ। ਇਸੇ ਢੰਗ ਨਾਲ ਸ੍ਰੀ ਅਕਾਲ ਤਖਤ ਅਤੇ ਹੋਰ ਧਰਮ ਅਸਥਾਨਾਂ ਤੇ ਵੀ ਅਜਿਹੇ ਪਰਫਿਊਮ ਦੀ ਵਰਤੋਂ ਹੁੰਦੀ ਹੈ। ਮੌਜੂਦਾ ਵਰਤੇ ਜਾ ਰਹੇ ਵਧੇਰੇ ਇਤਰ ਵਿੱਚ ਅਲਕੋਹਲ ਅਤੇ ਕੈਮੀਕਲ ਸ਼ਾਮਿਲ ਹੁੰਦੇ ਹਨ। ਇਹ ਮਾਮਲਾ ਬੀਤੇ ਦਿਨੀਂ ਅੰਤਰਿੰਗ ਕਮੇਟੀ ਦੀ ਮੀਟਿੰਗ ਵਿੱਚ ਅੰਤਰਿੰਗ ਕਮੇਟੀ ਮੈਂਬਰ ਭਾਈ ਗੁਰਪ੍ਰੀਤ ਸਿੰਘ ਰੰਧਾਵਾ ਵੱਲੋਂ ਉਭਾਰਿਆ ਗਿਆ ਸੀ। ਮੀਟਿੰਗ ਤੋਂ ਕੁਝ ਦਿਨ ਬਾਅਦ ਹੀ ਇਸ ਸਬੰਧ ਵਿੱਚ ਸ਼੍ਰੋਮਣੀ ਕਮੇਟੀ ਦੇ ਸਕੱਤਰ ਪ੍ਰਤਾਪ ਸਿੰਘ ਦੇ ਦਸਤਖਤਾਂ ਹੇਠ ਸੈਕਸ਼ਨ 85 ਦੇ ਸਮੂਹ ਗੁਰਦੁਆਰਿਆਂ ਦੇ ਮੈਨੇਜਰਾਂ ਨੂੰ ਪੱਤਰ ਜਾਰੀ ਕਰਕੇ ਇਸ ਤਰ੍ਹਾਂ ਦਾ ਇਤਰ ਵਰਤਣ ਤੋਂ ਰੋਕ ਦਿੱਤਾ ਗਿਆ। ਸਕੱਤਰ ਪ੍ਰਤਾਪ ਸਿੰਘ ਨੇ ਦੱਸਿਆ ਕਿ ਅਜਿਹੇ ਪਰਫਿਊਮ ਦੀ ਵਰਤੋਂ ਕਾਰਨ ਗੁਰੂ ਗ੍ਰੰਥ ਸਾਹਿਬ ’ਤੇ ਮਾੜਾ ਪ੍ਰਭਾਵ ਪੈਂਦਾ ਹੈ। ਅਜਿਹੇ ਇਤਰ ਸਾਹ ਦੀਆਂ ਬਿਮਾਰੀਆਂ ਦਾ ਵੀ ਕਾਰਨ ਬਣ ਰਹੇ ਹਨ। ਉਨ੍ਹਾਂ ਕਿਹਾ ਕਿ ਇਸ ਸਬੰਧੀ ਸ਼੍ਰੋਮਣੀ ਕਮੇਟੀ ਮੈਂਬਰਾਂ ਅਤੇ ਸੰਗਤਾਂ ਵੱਲੋਂ ਵੀ ਸ਼ਿਕਾਇਤਾਂ ਪੁੱਜੀਆਂ ਸਨ, ਜਿਸ ਦੇ ਆਧਾਰ ’ਤੇ ਸ਼੍ਰੋਮਣੀ ਕਮੇਟੀ ਵੱਲੋਂ ਇਹ ਕਾਰਵਾਈ ਕੀਤੀ ਗਈ। ਇਸ ਦੀ ਥਾਂ ਤੇ ਗੁਰਦੁਆਰਾ ਮੈਨੇਜਰਾਂ ਅਤੇ ਸੰਗਤਾਂ ਨੂੰ ਦਿਸ਼ਾ ਨਿਰਦੇਸ਼ ਦਿੱਤੇ ਗਏ ਹਨ ਕਿ ਫੁੱਲਾਂ ਤੋਂ ਤਿਆਰ ਹੋਏ ਕੁਦਰਤੀ ਇਤਰ ਦੀ ਵਰਤੋਂ ਕੀਤੀ ਜਾਵੇ ਜੋ ਕੇ ਨੁਕਸਾਨਦੇਹ ਨਹੀਂ ਹਨ।