ਪੰਜਾਬ ’ਚ ਹਨੇਰੀ ਤੇ ਮੀਂਹ ਨੇ ਵਿਛਾਇਆ ਝੋਨਾ

ਪੰਜਾਬ ’ਚ ਹਨੇਰੀ ਤੇ ਮੀਂਹ ਨੇ ਵਿਛਾਇਆ ਝੋਨਾ

ਚੰਡੀਗੜ੍ਹ- ਪੰਜਾਬ ਵਿੱਚ ਮੰਗਲਵਾਰ ਰਾਤ ਕਈ ਇਲਾਕਿਆਂ ’ਚ ਝੱਖੜ ਤੇ ਤੇਜ਼ ਮੀਂਹ ਨੇ ਮੌਸਮ ਦਾ ਮਿਜ਼ਾਜ ਬਦਲ ਦਿੱਤਾ ਹੈ। ਝੱਖੜ ਤੇ ਮੀਂਹ ਕਰਕੇ ਜਿੱਥੇ ਖੇਤਾਂ ਵਿੱਚ ਖੜ੍ਹੀਆਂ ਫ਼ਸਲਾਂ ਵਿਛ ਗਈਆਂ, ਉਥੇ ਮੰਡੀਆਂ ਵਿਚ ਖੁੱਲ੍ਹੇ ਅਸਮਾਨ ਹੇਠ ਪਿਆ ਝੋਨਾ ਵੀ ਭਿੱਜ ਗਿਆ, ਜਿਸ ਨੇ ਕਿਸਾਨਾਂ ਲਈ ਨਵੀਆਂ ਮੁਸ਼ਕਲਾਂ ਪੈਦਾ ਕਰ ਦਿੱਤੀਆਂ ਹਨ। ਪਟਿਆਲਾ ਦੇ ਭੁਨਰਹੇੜੀ ਵਿੱਚ ਹੋਈ ਗੜੇਮਾਰੀ ਅਤੇ ਪਟਿਆਲਾ ਤੇ ਫਤਿਹਗੜ੍ਹ ਸਾਹਿਬ ’ਚ ਪਏ ਭਾਰੀ ਮੀਂਹ ਨੇ ਕਿਸਾਨਾਂ ਦੇ ਸਾਹ ਸੁੱਕਣੇ ਪਾ ਦਿੱਤੇ ਹਨ। ਮੀਂਹ ਕਰਕੇ ਝੋਨੇ ਦੀ ਵਾਢੀ ’ਚ ਦੇਰੀ ਹੋਣ ਦਾ ਖਦਸ਼ਾ ਜਤਾਇਆ ਜਾ ਰਿਹਾ ਹੈ। ਖੇਤੀਬਾੜੀ ਵਿਭਾਗ ਪੰਜਾਬ ਵੱਲੋਂ ਸੂਬੇ ’ਚ ਮੀਂਹ ਤੇ ਝੱਖੜ ਕਰਕੇ ਫਸਲਾਂ ਦੇ ਖਰਾਬੇ ਦੀਆਂ ਰਿਪੋਰਟਾਂ ਤਿਆਰ ਕੀਤੀਆਂ ਜਾ ਰਹੀਆਂ ਹਨ। ਮੰਡੀਆਂ ਵਿੱਚ ਝੋਨਾ ਭਿਜਣ ਕਰਕੇ ਸੂਬਾ ਸਰਕਾਰ ਵੱਲੋਂ ਕੀਤੇ ਪ੍ਰਬੰਧਾਂ ਦੀ ਪੋਲ ਖੁੱਲ੍ਹ ਗਈ ਹੈ। ਹਾਲਾਂਕਿ ਸੂਬਾ ਸਰਕਾਰ ਨੇ ਕਿਸਾਨਾਂ ਦੀ ਫਸਲ ਹੱਥੋ-ਹੱਥ ਖਰੀਦਣ ਦੇ ਹੁਕਮ ਦਿੱਤੇ ਸਨ। ਕਈ ਥਾਵਾਂ ’ਤੇ ਫ਼ਸਲਾਂ ਦੀ ਖਰੀਦ ਨਾ ਹੋਣ ਕਰਕੇ ਕਿਸਾਨਾਂ ਨੂੰ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ।

ਜਾਣਕਾਰੀ ਅਨੁਸਾਰ ਪਟਿਆਲਾ ਜ਼ਿਲ੍ਹੇ ਵਿੱਚ ਸਭ ਤੋਂ ਵੱਧ 23.3 ਮਿਲੀਮੀਟਰ ਮੀਂਹ ਪਿਆ ਹੈ। ਇਸ ਦੇ ਨਾਲ ਹੀ ਫਤਿਹਗੜ੍ਹ ਸਾਹਿਬ ’ਚ 19 ਐੱਮਐੱਮ ਮੀਂਹ ਪਿਆ। ਮੀਂਹ ਪੈਣ ਕਰਕੇ ਦੋਵਾਂ ਸ਼ਹਿਰਾਂ ’ਚ ਹਰ ਪਾਸੇ ਪਾਣੀ ਜਮ੍ਹਾਂ ਹੋ ਗਿਆ, ਜਿਸ ਕਰਕੇ ਲੋਕਾਂ ਨੂੰ ਭਾਰੀ ਦਿੱਕਤਾਂ ਦਾ ਸਾਹਮਣਾ ਕਰਨਾ ਪਿਆ ਹੈ। ਮੌਸਮ ਵਿਭਾਗ ਤੋਂ ਮਿਲੀ ਜਾਣਕਾਰੀ ਅਨੁਸਾਰ ਚੰਡੀਗੜ੍ਹ ’ਚ 4 ਐੱਮਐੱਮ, ਅੰਮ੍ਰਿਤਸਰ 17.6, ਲੁਧਿਆਣਾ 13.8, ਪਠਾਨਕੋਟ 5.6, ਗੁਰਦਾਸਪੁਰ 12.5, ਨਵਾਂ ਸ਼ਹਿਰ 3, ਬਰਨਾਲਾ 1.5, ਫਿਰੋਜ਼ਪੁਰ 12.5, ਜਲੰਧਰ 16.5, ਮੁਹਾਲੀ 2.5 ਤੇ ਰੋਪੜ ਵਿੱਚ 2.5 ਐੱਮਐੱਮ ਮੀਂਹ ਪਿਆ ਹੈ। ਮੌਸਮ ਵਿਗਿਆਨੀਆਂ ਨੇ ਪੰਜਾਬ ਵਿੱਚ 13 ਅਕਤੂਬਰ ਤੋਂ ਮੁੜ ਮੌਸਮ ਖਰਾਬ ਹੋਣ ਦੀ ਪੇਸ਼ੀਨਗੋਈ ਕੀਤੀ ਹੈ। ਉਨ੍ਹਾਂ ਕਿਹਾ ਕਿ ਪੱਛਮੀ ਵਿਗਾੜ ਦੇ ਚਲਦਿਆਂ 13 ਤੋਂ 16 ਅਕਤੂਬਰ ਤੱਕ ਮੌਸਮ ਖਰਾਬ ਹੋ ਸਕਦਾ ਹੈ। ਸੂਬੇ ਵਿੱਚ ਲੰਘੀ ਰਾਤ ਪਏ ਮੀਂਹ ਕਰਕੇ ਤਾਪਮਾਨ ਵਿੱਚ ਵੀ ਮਾਮੂਲੀ ਗਿਰਾਵਟ ਦਰਜ ਕੀਤੀ ਗਈ ਹੈ। ਮੀਂਹ ਕਰਕੇ 24 ਘੰਟਿਆਂ ਦੌਰਾਨ ਸੂਬੇ ’ਚ ਵੱਧ ਤੋਂ ਵੱਧ ਤਾਪਮਾਨ ’ਚ 2 ਤੋਂ 4 ਡਿਗਰੀ ਸੈਲਸੀਅਸ ਅਤੇ ਘੱਟ ਤੋਂ ਘੱਟ ਤਾਪਮਾਨ ਵਿੱਚ 2 ਤੋਂ 5 ਡਿਗਰੀ ਸੈਲਸੀਅਸ ਤੱਕ ਦੀ ਗਿਰਾਵਟ ਦਰਜ ਕੀਤੀ ਗਈ ਹੈ। ਸੂਬੇ ਵਿੱਚ ਤਾਪਮਾਨ ’ਚ ਆਈ ਗਿਰਾਵਟ ਕਰਕੇ ਪਾਵਰਕੌਮ ਨੇ ਵੀ ਸੁੱਖ ਦਾ ਸਾਹ ਲਿਆ ਹੈ। ਮੌਸਮ ਦਾ ਮਿਜ਼ਾਜ ਬਦਲਣ ਦੇ ਨਾਲ ਸੂਬੇ ’ਚ ਬਿਜਲੀ ਦੀ ਮੰਗ ਵੀ ਘਟੀ ਹੈ। ਸੂਬੇ ਵਿੱਚ ਬਿਜਲੀ ਦੀ ਮੰਗ 8 ਤੋਂ 10 ਹਜ਼ਾਰ ਮੈਗਾਵਾਟ ਦੇ ਕਰੀਬ ਦਰਜ ਕੀਤੀ ਗਈ ਹੈ।