ਖੇਤੀ ਸੈਕਟਰ ’ਚ ਮਹਿਲਾਵਾਂ ਦੇ ਯੋਗਦਾਨ ਨੂੰ ਅੱਜ ਵੀ ਮਾਨਤਾ ਨਹੀਂ: ਮੁਰਮੂ

ਖੇਤੀ ਸੈਕਟਰ ’ਚ ਮਹਿਲਾਵਾਂ ਦੇ ਯੋਗਦਾਨ ਨੂੰ ਅੱਜ ਵੀ ਮਾਨਤਾ ਨਹੀਂ: ਮੁਰਮੂ

ਨਵੀਂ ਦਿੱਲੀ- ਰਾਸ਼ਟਰਪਤੀ ਦਰੋਪਦੀ ਮੁਰਮੂ ਨੇ ਅੱਜ ਕਿਹਾ ਕਿ ਖੇਤੀ-ਖੁਰਾਕ ਪ੍ਰਣਾਲੀ ’ਚ ਮਹਿਲਾਵਾਂ ਦੇ ਯੋਗਦਾਨ ਨੂੰ ਮਾਨਤਾ ਨਹੀਂ ਦਿੱਤੀ ਗਈ ਹੈ ਅਤੇ ਇਸ ਰਵਾਇਤ ਨੂੰ ਹੁਣ ਬਦਲਣ ਦੀ ਲੋੜ ਹੈ ਕਿਉਂਕਿ ਖੇਤ ਤੋਂ ਲੈ ਕੇ ਥਾਲੀ ਤੱਕ ਭੋਜਨ ਪਹੁੰਚਾਉਣ ’ਚ ਮਹਿਲਾਵਾਂ ਅਹਿਮ ਭੂਮਿਕਾ ਨਿਭਾਉਂਦੀਆਂ ਹਨ।

ਉਨ੍ਹਾਂ ਕਿਹਾ ਕਿ ਮਹਿਲਾਵਾਂ ਨੂੰ ਖੇਤੀ ਢਾਂਚੇ ਦੇ ਪਿਰਾਮਿਡ ’ਚ ਸਭ ਤੋਂ ਹੇਠਾਂ ਰੱਖਿਆ ਜਾਂਦਾ ਹੈ ਅਤੇ ਉਨ੍ਹਾਂ ਨੂੰ ਉੱਪਰ ਆਉਣ ਤੇ ਫ਼ੈਸਲਾ ਲੈਣ ਵਾਲਿਆਂ ਦੀ ਭੂਮਿਕਾ ਨਿਭਾਉਣ ਦੇ ਮੌਕੇ ਤੋਂ ਵਾਂਝਾ ਕੀਤਾ ਜਾਂਦਾ ਹੈ। ਰਾਸ਼ਟਰਪਤੀ ਨੇ ਕਿਹਾ ਕਿ ਅਸਲ ਵਿੱਚ ਕੋਵਿਡ-19 ਆਲਮੀ ਮਹਾਮਾਰੀ ਤੋਂ ਖੇਤੀ-ਖੁਰਾਕ ਪ੍ਰਣਾਲੀ ਤੇ ਸਮਾਜ ਵਿੱਚ ਸੰਰਚਨਾਤਮਕ ਨਾਬਰਾਬਰੀ ਵਿਚਾਲੇ ਮਜ਼ਬੂਤ ਸਬੰਧ ਸਾਹਮਣੇ ਆਇਆ ਹੈ। ਉਨ੍ਹਾਂ ਕਿਹਾ, ‘ਮਹਿਲਾਵਾਂ ਅਨਾਜ ਬੀਜਦੀਆਂ, ਉਗਾਉਂਦੀਆਂ, ਫਸਲ ਕੱਟਦੀਆਂ ਅਤੇ ਮੰਡੀਕਰਨ ਕਰਦੀਆਂ ਹਨ। ਉਹ ਭੋਜਨ ਨੂੰ ਖੇਤ ਤੋਂ ਥਾਲੀ ਤੱਕ ਲਿਆਉਣ ’ਚ ਅਹਿਮ ਭੂਮਿਕਾ ਨਿਭਾਉਂਦੀਆਂ ਹਨ ਪਰ ਹੁਣ ਵੀ ਦੁਨੀਆ ਭਰ ’ਚ ਉਨ੍ਹਾਂ ਨੂੰ ਪੱਖਪਾਤ ਭਰੇ ਪੈਮਾਨਿਆਂ ਰਾਹੀਂ ਰੋਕਿਆ ਜਾਂਦਾ ਹੈ। ਉਨ੍ਹਾਂ ਦੇ ਯੋਗਦਾਨ ਨੂੰ ਮਾਨਤਾ ਨਹੀਂ ਦਿੱਤੀ ਜਾਂਦੀ।’ ਕੰਸੋਰਟੀਅਮ ਆਫ ਇੰਟਰਨੈਸ਼ਨਲ ਐਗਰੀਕਲਚਰ ਰਿਸਚਰ ਸੈਂਟਰ ਤੇ ਭਾਰਤੀ ਖੇਤੀ ਖੋਜ ਕੌਂਸਲ ਵੱਲੋਂ ਸਾਂਝੇ ਤੌਰ ’ਤੇ ਖੇਤੀ ਖੇਤਰ ’ਚ ਲਿੰਗ ਆਧਾਰਿਤ ਮੁੱਦਿਆਂ ਬਾਰੇ ਕਰਵਾਏ ਆਲਮੀ ਸੰਮੇਲਨ ਨੂੰ ਸੰਬੋਧਨ ਕਰਦਿਆਂ ਰਾਸ਼ਟਰਪਤੀ ਨੇ ਕਿਹਾ, ‘ਮਹਿਲਾਵਾਂ ਦੀ ਭੂਮਿਕਾ ਨੂੰ ਹਾਸ਼ੀਏ ’ਤੇ ਰੱਖਿਆ ਜਾਂਦਾ ਹੈ। ਖੇਤੀ-ਖੁਰਾਕ ਪ੍ਰਣਾਲੀ ਦੀ ਪੂਰੀ ਲੜੀ ’ਚ ਉਨ੍ਹਾਂ ਦੀ ਹੋਂਦ ਨੂੰ ਨਕਾਰ ਦਿੱਤਾ ਜਾਂਦਾ ਹੈ। ਇਸ ਕਹਾਣੀ ਨੂੰ ਬਦਲਣ ਦੀ ਲੋੜ ਹੈ।’ ਉਨ੍ਹਾਂ ਕਿਹਾ ਕਿ ਭਾਰਤ ’ਚ ਤਬਦੀਲੀ ਦੇਖੀ ਜਾ ਰਹੀ ਹੈ ਕਿਉਂਕਿ ਕਾਨੂੰਨ ਤੇ ਸਰਕਾਰੀ ਦਖਲ ਦੀ ਮਦਦ ਨਾਲ ਮਹਿਲਾਵਾਂ ਸਸ਼ਕਤ ਹੋ ਰਹੀਆਂ ਹਨ। ਇਸ ਖੇਤਰ ’ਚ ਮਹਿਲਾਵਾਂ ਦੇ ਕਾਮਯਾਬ ਉੱਦਮੀ ਬਣਨ ਦੀਆਂ ਕਈ ਕਹਾਣੀਆਂ ਹਨ।