ਭਾਰਤ ਨੂੰ ਸਵਿੱਸ ਬੈਂਕ ਖ਼ਾਤਿਆਂ ਦੇ ਹੋਰ ਵੇਰਵੇ ਮਿਲੇ

ਭਾਰਤ ਨੂੰ ਸਵਿੱਸ ਬੈਂਕ ਖ਼ਾਤਿਆਂ ਦੇ ਹੋਰ ਵੇਰਵੇ ਮਿਲੇ

ਵੇਂ ਵੇਰਵੇ ਸੈਂਕੜੇ ਵਿੱਤੀ ਖ਼ਾਤਿਆਂ ਨਾਲ ਸਬੰਧਤ; ਸੂਚੀ ’ਚ ਕੁਝ ਵਿਅਕਤੀ, ਕਾਰਪੋਰੇਟ ਅਤੇ ਟਰੱਸਟ ਸ਼ਾਮਲ

ਨਵੀਂ ਦਿੱਲੀ/ਬਰਨ- ਭਾਰਤ ਨੂੰ ਸਾਲਾਨਾ ਆਧਾਰ ’ਤੇ ਜਾਣਕਾਰੀ ਸਾਂਝੀ ਕਰਨ ਦੇ ਪ੍ਰਬੰਧ ਤਹਿਤ ਸਵਿੱਟਜ਼ਰਲੈਂਡ ਤੋਂ ਆਪਣੇ ਹੋਰ ਨਾਗਰਿਕਾਂ ਅਤੇ ਜਥੇਬੰਦੀਆਂ ਦੇ ਸਵਿੱਸ ਬੈਂਕ ਖ਼ਾਤਿਆਂ ਦੇ ਵੇਰਵੇ ਮਿਲੇ ਹਨ। ਸਵਿੱਟਜ਼ਰਲੈਂਡ ਨੇ 104 ਮੁਲਕਾਂ ਦੇ ਕਰੀਬ 36 ਲੱਖ ਵਿੱਤੀ ਖ਼ਾਤਿਆਂ ਦਾ ਬਿਉਰਾ ਸਾਂਝਾ ਕੀਤਾ ਹੈ। ਅਧਿਕਾਰੀਆਂ ਨੇ ਦੱਸਿਆ ਕਿ ਸਵਿੱਟਜ਼ਰਲੈਂਡ ਅਤੇ ਭਾਰਤ ਵਿਚਕਾਰ ਸੂਚਨਾਵਾਂ ਦੀ ਇਹ ਪੰਜਵੀਂ ਸਾਲਾਨਾ ਅਦਲਾ-ਬਦਲੀ ਹੈ। ਭਾਰਤੀ ਅਧਿਕਾਰੀਆਂ ਨਾਲ ਸਾਂਝੇ ਕੀਤੇ ਗਏ ਨਵੇਂ ਵੇਰਵੇ ‘ਸੈਂਕੜੇ ਵਿੱਤੀ ਖ਼ਾਤਿਆਂ’ ਨਾਲ ਸਬੰਧਤ ਹਨ ਜਨਿ੍ਹਾਂ ’ਚ ਕੁਝ ਵਿਅਕਤੀਆਂ, ਕਾਰਪੋਰੇਟਾਂ ਅਤੇ ਟਰੱਸਟਾਂ ਨਾਲ ਜੁੜੇ ਖ਼ਾਤਿਆਂ ਦੀ ਜਾਣਕਾਰੀ ਸ਼ਾਮਲ ਹੈ। ਸਾਂਝੇ ਕੀਤੇ ਗਏ ਵੇਰਵਿਆਂ ’ਚ ਪਛਾਣ, ਖ਼ਾਤੇ ਅਤੇ ਵਿੱਤੀ ਜਾਣਕਾਰੀ ਸ਼ਾਮਲ ਹੈ। ਇਸ ’ਚ ਨਾਮ, ਪਤੇ, ਨਵਿਾਸ ਦਾ ਮੁਲਕ ਅਤੇ ਟੈਕਸ ਪਛਾਣ ਨੰਬਰ ਦੇ ਨਾਲ ਹੀ ਵਿੱਤੀ ਅਦਾਰੇ, ਅਕਾਊਂਟ ਬੈਲੇਂਸ ਅਤੇ ਪੂੰਜੀਗਤ ਆਮਦਨ ਸਬੰਧੀ ਜਾਣਕਾਰੀ ਸ਼ਾਮਲ ਹੈ। ਅਧਿਕਾਰੀਆਂ ਨੇ ਭੇਤ ਸਬੰਧੀ ਨਿਯਮਾਂ ਅਤੇ ਅੱਗੇ ਦੀ ਜਾਂਚ ’ਤੇ ਅਸਰ ਪੈਣ ਦਾ ਹਵਾਲਾ ਦਿੰਦਿਆਂ ਰਕਮ ਜਾਂ ਹੋਰ ਕਿਸੇ ਵੇਰਵੇ ਦਾ ਖ਼ੁਲਾਸਾ ਨਹੀਂ ਕੀਤਾ ਹੈ। ਉਨ੍ਹਾਂ ਕਿਹਾ ਕਿ ਇਸ ਵੇਰਵੇ ਦੀ ਵਰਤੋਂ ਟੈਕਸ ਚੋਰੀ, ਕਾਲੇ ਧਨ ਨੂੰ ਸਫ਼ੈਦ ਬਣਾਉਣ ਅਤੇ ਦਹਿਸ਼ਤੀ ਫੰਡਿੰਗ ਸਮੇਤ ਹੋਰ ਹੋਰ ਗਲਤ ਕੰਮਾਂ ਦੀ ਜਾਂਚ ਲਈ ਕੀਤੀ ਜਾਵੇਗੀ। ਬੈਂਕ ਖ਼ਾਤਿਆਂ ਸਬੰਧੀ ਜਾਣਕਾਰੀ ਪਿਛਲੇ ਮਹੀਨੇ ਸਾਂਝੀ ਕੀਤੀ ਗਈ ਹੈ ਅਤੇ ਸਵਿੱਟਜ਼ਰਲੈਂਡ ਵੱਲੋਂ ਅਗਲੀ ਜਾਣਕਾਰੀ ਸਤੰਬਰ 2024 ’ਚ ਦਿੱਤੀ ਜਾਵੇਗੀ। ਇਸ ਜਾਣਕਾਰੀ ਦੇ ਆਧਾਰ ’ਤੇ ਅਧਿਕਾਰੀ ਇਸ ਗੱਲ ਦੀ ਤਸਦੀਕ ਕਰਨਗੇ ਕਿ ਕੀ ਟੈਕਸਦਾਤਿਆਂ ਨੇ ਇਨਕਮ ਟੈਕਸ ਰਿਟਰਨ ’ਚ ਆਪਣੇ ਵਿੱਤੀ ਖ਼ਾਤਿਆਂ ਦਾ ਸਹੀ ਐਲਾਨ ਕੀਤਾ ਹੈ ਜਾਂ ਨਹੀਂ। ਸਵਿੱਟਜ਼ਰਲੈਂਡ ਦੀ ਰਾਜਧਾਨੀ ਬਰਨ ’ਚ ਫੈਡਰਲ ਟੈਕਸ ਐਡਮਨਿਿਸਟਰੇਸ਼ਨ (ਐੱਫਟੀਏ) ਨੇ ਸੋਮਵਾਰ ਨੂੰ ਜਾਰੀ ਬਿਆਨ ’ਚ ਕਿਹਾ ਕਿ ਉਨ੍ਹਾਂ ਸੂਚਨਾ ਦੀ ਆਟੋਮੈਟਿਕ ਅਦਲਾ-ਬਦਲੀ ਦੇ ਆਲਮੀ ਪੈਮਾਨੇ ਤਹਿਤ 104 ਮੁਲਕਾਂ ਨਾਲ ਵਿੱਤੀ ਖ਼ਾਤਿਆਂ ਦਾ ਬਿਉਰਾ ਸਾਂਝਾ ਕੀਤਾ ਹੈ। ਮੌਜੂਦਾ ਵਰ੍ਹੇ ਕਜ਼ਾਖਸਤਾਨ, ਮਾਲਦੀਵ ਅਤੇ ਓਮਾਨ ਨੂੰ 101 ਮੁਲਕਾਂ ਦੀ ਪਿਛਲੀ ਸੂਚੀ ’ਚ ਜੋੜਿਆ ਗਿਆ ਹੈ। ਵਿੱਤੀ ਖ਼ਾਤਿਆਂ ਦੀ ਗਿਣਤੀ ’ਚ ਕਰੀਬ ਦੋ ਲੱਖ ਦਾ ਵਾਧਾ ਹੋਇਆ ਹੈ। ਸੂਚਨਾਵਾਂ ਦੀ ਅਦਲਾ-ਬਦਲੀ 78 ਮੁਲਕਾਂ ਨਾਲ ਕੀਤੀ ਗਈ ਹੈ। ਸਵਿੱਟਜ਼ਰਲੈਂਡ ਨੇ 25 ਮੁਲਕਾਂ ਦੇ ਮਾਮਲੇ ’ਚ ਜਾਣਕਾਰੀ ਹਾਸਲ ਕੀਤੀ ਪਰ ਖੁਦ ਕੋਈ ਜਾਣਕਾਰੀ ਨਹੀਂ ਦਿੱਤੀ ਕਿਉਂਕਿ 13 ਮੁਲਕ ਅਜੇ ਤੱਕ ਖ਼ੁਫ਼ੀਆ ਅਤੇ ਡੇਟਾ ਸੁਰੱਖਿਆ ਸਬੰਧੀ ਕੌਮਾਂਤਰੀ ਲੋੜਾਂ ਨੂੰ ਪੂਰਾ ਨਹੀਂ ਕਰਦੇ ਹਨ ਜਾਂ 12 ਦੇਸ਼ਾਂ ਨੇ ਡੇਟਾ ਹਾਸਲ ਨਾ ਕਰਨ ਦਾ ਬਦਲ ਚੁਣਿਆ ਹੈ। ਇਸ ਸਾਲ ਰੂਸ ਨਾਲ ਕੋਈ ਜਾਣਕਾਰੀ ਸਾਂਝੀ ਨਹੀਂ ਕੀਤੀ ਗਈ ਹੈ। ਮੌਜੂਦਾ ਸਮੇਂ ’ਚ ਬੈਂਕਾਂ, ਟਰੱਸਟਾਂ ਅਤੇ ਇੰਸ਼ੋਰੈਂਸ ਸਮੇਤ ਕਰੀਬ 9 ਹਜ਼ਾਰ ਰਿਪੋਰਟਿੰਗ ਵਿੱਤੀ ਅਦਾਰੇ ਐੱਫਟੀਏ ਨਾਲ ਰਜਿਸਟਰਡ ਹਨ। ਇਹ ਅਦਾਰੇ ਡੇਟਾ ਇਕੱਤਰ ਕਰਕੇ ਐੱਫਟੀਏ ਨੂੰ ਭੇਜਦੇ ਹਨ। ਭਾਰਤ ਨੂੰ ਸਤੰਬਰ 2019 ’ਚ ਸਵਿੱਟਜ਼ਰਲੈਂਡ ਤੋਂ ਪਹਿਲੀ ਵਾਰ ਖ਼ਾਤਿਆਂ ਦਾ ਬਿਉਰਾ ਮਿਲਿਆ ਸੀ। ਉਸ ਵਰ੍ਹੇ ਅਜਿਹੀ ਜਾਣਕਾਰੀ ਹਾਸਲ ਕਰਨ ਵਾਲਿਆਂ ’ਚ ਭਾਰਤ 75 ਦੇਸ਼ਾਂ ’ਚੋਂ ਇਕ ਸੀ। ਸਵਿੱਟਜ਼ਰਲੈਂਡ ਨੇ ਪਹਿਲੀ ਵਾਰ ਸਤੰਬਰ, 2018 ਦੇ ਅਖੀਰ ’ਚ ਅਜਿਹੀ ਜਾਣਕਾਰੀ ਸਾਂਝੀ ਕੀਤੀ ਸੀ। ਇਸ ’ਚ 36 ਮੁਲਕ ਸ਼ਾਮਲ ਸਨ ਪਰ ਉਸ ’ਚ ਭਾਰਤ ਦਾ ਨਾਮ ਨਹੀਂ ਸੀ। ਇਕ ਅਧਿਕਾਰੀ ਨੇ ਕਿਹਾ ਕਿ ਜ਼ਿਆਦਾਤਰ ਵੇਰਵੇ ਪਰਵਾਸੀ ਭਾਰਤੀਆਂ ਸਮੇਤ ਕਾਰੋਬਾਰੀਆਂ ਦੇ ਹਨ ਜੋ ਹੁਣ ਦੱਖਣ-ਪੂਰਬੀ ਏਸ਼ਿਆਈ ਮੁਲਕਾਂ ਅਮਰੀਕਾ, ਇੰਗਲੈਂਡ ਅਤੇ ਕੁੱਝ ਅਫ਼ਰੀਕੀ ਮੁਲਕਾਂ ’ਚ ਵਸ ਗਏ ਹਨ।