ਇਜ਼ਰਾਈਲ ਵੱਲੋਂ ਗਾਜ਼ਾ ਦੀ ਮੁਕੰਮਲ ਘੇਰਾਬੰਦੀ

ਇਜ਼ਰਾਈਲ ਵੱਲੋਂ ਗਾਜ਼ਾ ਦੀ ਮੁਕੰਮਲ ਘੇਰਾਬੰਦੀ

ਹਮਾਸ ਲੜਾਕਿਆਂ ਨੂੰ ਨਿਸ਼ਾਨਾ ਬਣਾਉਣ ਲਈ ਦੱਖਣ ਵੱਲ ਵਧੀ ਫ਼ੌਜ
ਯੇਰੂਸ਼ਲੱਮ- ਹਮਾਸ ਲੜਾਕਿਆਂ ਦੀ ਫ਼ੌਜੀ ਅਤੇ ਸ਼ਾਸਨ ਸਮਰੱਥਾ ਤਬਾਹ ਕਰਨ ਦੇ ਪ੍ਰਧਾਨ ਮੰਤਰੀ ਬੈਂਜਾਮਨਿ ਨੇਤਨਯਾਹੂ ਵੱਲੋਂ ਲਏ ਗਏ ਅਹਿਦ ਦਰਮਿਆਨ ਇਜ਼ਰਾਇਲੀ ਫ਼ੌਜ ਨੇ ਸੋਮਵਾਰ ਨੂੰ ਗਾਜ਼ਾ ਪੱਟੀ ’ਤੇ ਹਵਾਈ ਹਮਲੇ ਤੇਜ਼ ਕਰ ਦਿੱਤੇ। ਇਜ਼ਰਾਈਲ ਦੇ ਰੱਖਿਆ ਮੰਤਰੀ ਯੁਏਵ ਗੈਲੇਂਟ ਨੇ ਫ਼ੌਜ ਨੂੰ ਗਾਜ਼ਾ ਪੱਟੀ ਦੀ ਮੁਕੰਮਲ ਘੇਰਾਬੰਦੀ ਦੇ ਹੁਕਮ ਦਿੱਤੇ ਹਨ। ਇਜ਼ਰਾਈਲ ਅਤੇ ਹਮਾਸ ਵਿਚਕਾਰ ਜੰਗ ’ਚ ਮੌਤਾਂ ਦੀ ਗਿਣਤੀ ਵਧ ਕੇ 1300 ਹੋ ਗਈ ਹੈ। ਇਨ੍ਹਾਂ ’ਚੋਂ 800 ਇਜ਼ਰਾਇਲੀ ਅਤੇ ਗਾਜ਼ਾ ’ਚ ਕਰੀਬ 500 ਵਿਅਕਤੀ ਮਾਰੇ ਗਏ ਹਨ। ਹਮਲਿਆਂ ’ਚ ਪੰਜ ਹਜ਼ਾਰ ਤੋਂ ਜ਼ਿਆਦਾ ਵਿਅਕਤੀ ਜ਼ਖ਼ਮੀ ਹੋਏ ਹਨ। ਫਲਸਤੀਨੀ ਦਹਿਸ਼ਤੀ ਗੁੱਟ ਨੇ ਦਾਅਵਾ ਕੀਤਾ ਹੈ ਕਿ ਉਨ੍ਹਾਂ 130 ਇਜ਼ਰਾਇਲੀਆਂ ਨੂੰ ਬੰਦੀ ਬਣਾਇਆ ਹੈ। ਇਜ਼ਰਾਇਲੀ ਫ਼ੌਜ ਨੇ ਸਰਹੱਦ ’ਤੇ ਲਗੀ ਕੰਡਿਆਲੀ ਤਾਰ ਰਾਹੀਂ ਸੰਨ੍ਹ ਲਾਉਣ ਦੇ ਖ਼ਦਸ਼ਿਆਂ ਨੂੰ ਟਾਲਣ ਲਈ ਉਥੇ ਟੈਂਕ ਤਾਇਨਾਤ ਕਰਦਿਆਂ ਹਮਾਸ ਲੜਾਕਿਆਂ ਦੀ ਭਾਲ ’ਚ ਆਪਣ ਜਵਾਨਾਂ ਨੂੰ ਦੱਖਣ ਵੱਲ ਰਵਾਨਾ ਕਰ ਦਿੱਤਾ ਹੈ। ਉਧਰ ਹਮਾਸ ਦੇ ਲੜਾਕਿਆਂ ਨੇ ਵੀ ਇਜ਼ਰਾਈਲ ’ਤੇ ਰਾਕੇਟ ਦਾਗ਼ਣੇ ਜਾਰੀ ਰੱਖੇ ਹਨ ਜਿਸ ਨਾਲ ਯੇਰੂਸ਼ਲੱਮ ਤੋਂ ਲੈ ਕੇ ਤਲ ਅਵੀਵ ਤੱਕ ਹਵਾਈ ਹਮਲਿਆਂ ਪ੍ਰਤੀ ਅਲਰਟ ਕਰਨ ਵਾਲੇ ਸਾਇਰਨ ਵਜ ਰਹੇ ਹਨ। ਇਜ਼ਰਾਇਲੀ ਰੱਖਿਆ ਮੰਤਰੀ ਯੁਏਵ ਗੈਂਲੇਂਟ ਨੇ ਗਾਜ਼ਾ ਦੀ ਮੁਕੰਮਲ ਘੇਰਾਬੰਦੀ ਦੇ ਹੁਕਮ ਦਿੰਦਿਆਂ ਕਿਹਾ ਕਿ ਅਧਿਕਾਰੀ ਖ਼ਿੱਤੇ ’ਚ ਬਿਜਲੀ ਸਪਲਾਈ ਠੱਪ ਕਰ ਦੇਣ ਅਤੇ ਉਥੇ ਭੋਜਨ ਅਤੇ ਈਂਧਣ ਦੀ ਸਪਲਾਈ ਰੋਕ ਦੇਣ। ਫ਼ੌਜ ਦੇ ਮੁੱਖ ਤਰਜਮਾਨ ਰੀਅਰ ਐਡਮਿਰਲ ਡੈਨੀਅਲ ਹੇਗਾਰੀ ਨੇ ਦੱਸਿਆ ਕਿ ਇਜ਼ਰਾਈਲ ਦਾ ਸਰਹੱਦੀ ਫਿਰਕਿਆਂ ’ਚ ਪੂਰਾ ਕੰਟਰੋਲ ਹੈ। ਉਨ੍ਹਾਂ ਕਿਹਾ ਕਿ ਸੋਮਵਾਰ ਤੜਕੇ ਕੁਝ ਮਾਮੂਲੀ ਘਟਨਾਵਾਂ ਵਾਪਰੀਆਂ ਹਨ ਪਰ ਖ਼ਿੱਤੇ ’ਚ ਕੁਝ ਅਤਵਿਾਦੀ ਅਜੇ ਵੀ ਹੋ ਸਕਦੇ ਹਨ। ਹੇਗਾਰੀ ਨੇ ਦੱਸਿਆ ਕਿ 24 ਸਰਹੱਦੀ ਫਿਰਕਿਆਂ ’ਚੋਂ 15 ਨੂੰ ਇਲਾਕੇ ’ਚੋਂ ਬਾਹਰ ਕੱਢਿਆ ਜਾ ਚੁੱਕਿਆ ਹੈ ਅਤੇ ਬਾਕੀਆਂ ਨੂੰ ਅਗਲੇ 24 ਘੰਟਿਆਂ ’ਚ ਉਥੋਂ ਬਾਹਰ ਕੱਢੇ ਜਾਣ ਦੀ ਉਮੀਦ ਹੈ। ਇਸ ਤੋਂ ਪਹਿਲਾਂ ਹਮਾਸ ਦੇ ਤਰਜਮਾਨ ਅਬਦੇਲ-ਲਤੀਫ਼ ਅਲ-ਕਾਨੌਆ ਨੇ ਏਪੀ ਨੂੰ ਦੱਸਿਆ ਕਿ ਗਾਜ਼ਾ ਦੇ ਬਾਹਰ ਲੜਾਈ ਜਾਰੀ ਹੈ ਅਤੇ ਸੋਮਵਾਰ ਸਵੇਰੇ ਕੁਝ ਹੋਰ ਇਜ਼ਰਾਇਲੀਆਂ ਨੂੰ ਬੰਦੀ ਬਣਾ ਲਿਆ ਹੈ। ਉਸ ਨੇ ਕਿਹਾ ਕਿ ਗਰੁੱਪ ਦਾ ਨਿਸ਼ਾਨਾ ਇਨ੍ਹਾਂ ਬੰਦੀਆਂ ਦੇ ਬਦਲੇ ’ਚ ਇਜ਼ਰਾਈਲ ਦੀ ਹਿਰਾਸਤ ’ਚ ਮੌਜੂਦ ਸਾਰੇ ਫਲਸਤੀਨੀ ਕੈਦੀਆਂ ਨੂੰ ਮੁਕਤ ਕਰਾਉਣਾ ਹੈ। ਇਜ਼ਰਾਈਲ ਦੀ ਫ਼ੌਜ ਨੇ ਕਿਹਾ ਕਿ ਉਸ ਨੇ ਗਾਜ਼ਾ ਪੱਟੀ ’ਚ ਇਕ ਹਜ਼ਾਰ ਤੋਂ ਵੱਧ ਟਿਕਾਣਿਆਂ ਨੂੰ ਨਿਸ਼ਾਨਾ ਬਣਾਇਆ ਹੈ ਜਿਸ ਨਾਲ ਉੱਤਰ-ਪੂਰਬੀ ਹਿੱਸੇ ’ਚ ਮੌਜੂਦ ਬੇਤ ਹਨੂਨ ਕਸਬੇ ਦਾ ਜ਼ਿਆਦਾਤਰ ਹਿੱਸਾ ਜ਼ਮੀਨਦੋਜ਼ ਹੋ ਗਿਆ ਹੈ। ਹੇਗਾਰੀ ਨੇ ਕਿਹਾ ਕਿ ਹਮਾਸ ਇਸ ਕਸਬੇ ਦੀ ਵਰਤੋਂ ਇਜ਼ਰਾਈਲ ਖ਼ਿਲਾਫ਼ ਹਵਾਈ ਹਮਲਿਆਂ ਨੂੰ ਅੰਜਾਮ ਦੇਣ ਲਈ ਕਰ ਰਿਹਾ ਸੀ। ਉਨ੍ਹਾਂ ਦੱਸਿਆ ਕਿ ਰਿਜ਼ਰਵ ’ਚ ਰੱਖੇ ਗਏ ਤਿੰਨ ਲੱਖ ਤੋਂ ਵਧੇਰੇ ਜਵਾਨਾਂ ਨੂੰ ਸੱਦ ਲਿਆ ਗਿਆ ਹੈ। ਇਜ਼ਰਾਇਲੀ ਫ਼ੌਜ ਦੇ ਇਕ ਤਰਜਮਾਨ ਜੌਨਾਥਨ ਕੌਨਰਿਕਨ ਨੇ ਇਕ ਵੀਡੀਓ ਸੁਨੇਹੇ ’ਚ ਕਿਹਾ ਕਿ ਹਮਾਸ ਕੋਲ ਇਜ਼ਰਾਈਲ ਨੂੰ ਨਿਸ਼ਾਨਾ ਬਣਾਉਣ ਲਈ ਫ਼ੌਜੀ ਅਤੇ ਗਾਜ਼ਾ ਪੱਟੀ ’ਚ ਰਾਜ ਕਰਨ ਦੀ ਕੋਈ ਸਮਰੱਥਾ ਨਾ ਬਚੇ।