ਨਿਊ ਜਰਸੀ ’ਚ ਅਮਰੀਕਾ ਦੇ ਸਭ ਤੋਂ ਵੱਡੇ ਮੰਦਰ ਦਾ ਉਦਘਾਟਨ

ਨਿਊ ਜਰਸੀ ’ਚ ਅਮਰੀਕਾ ਦੇ ਸਭ ਤੋਂ ਵੱਡੇ ਮੰਦਰ ਦਾ ਉਦਘਾਟਨ

ਰੌਬਨਿਜ਼ਵਿਲੇ- ਨਿਊ ਜਰਸੀ ਸੂਬੇ ’ਚ ਅਮਰੀਕਾ ਦੇ ਸਭ ਤੋਂ ਵੱਡੇ ਹਿੰਦੂ ਮੰਦਰ ਦਾ ਉਦਘਾਟਨ ਕੀਤਾ ਗਿਆ ਹੈ। ਬੀਏਪੀਐੱਸ ਸਵਾਮੀਨਾਰਾਇਣ ਅਕਸ਼ਰਧਾਮ ਮੰਦਰ 185 ਏਕੜ ਵਿਚ ਫੈਲਿਆ ਹੋਇਆ ਹੈ। ਮੰਦਰ ਦੇ ਉਦਘਾਟਨ ਸਬੰਧੀ ਸਮਾਗਮ 30 ਸਤੰਬਰ ਨੂੰ ਸ਼ੁਰੂ ਹੋ ਗਏ ਸਨ ਜੋ ਕਿ ਨੌਂ ਦਿਨਾਂ ਤੱਕ ਚੱਲੇ ਹਨ। ਰੌਬਨਿਜ਼ਵਿਲੇ ਵਿਚ ਅਕਸ਼ਰਧਾਮ ਮੰਦਰ ਦਾ ਉਦਘਾਟਨੀ ਸਮਾਰੋਹ ਐਤਵਾਰ ਨੂੰ ਮਹੰਤ ਸਵਾਮੀ ਮਹਾਰਾਜ ਦੀ ਮੌਜੂਦਗੀ ਵਿਚ ਹੋਇਆ। ਇਸ ਰਵਾਇਤੀ ਸਮਾਰੋਹ ਦੌਰਾਨ ਕਈ ਰਸਮਾਂ ਕੀਤੀਆਂ ਗਈਆਂ। ਭਗਵਾਨ ਸਵਾਮੀਨਾਰਾਇਣ ਨੂੰ ਸਮਰਪਿਤ ਮੰਦਰ ਦੀ ਉਸਾਰੀ ਸੰਨ 2011 ਵਿਚ ਸ਼ੁਰੂ ਹੋਈ ਸੀ ਤੇ ਇਸੇ ਸਾਲ ਪੂਰੀ ਹੋਈ ਹੈ। ਮੰਦਰ ਦੇ ਨਿਰਮਾਣ ਕਾਰਜਾਂ ਵਿਚ ਪੂਰੇ ਸੰਸਾਰ ਤੋਂ 12,500 ਵਾਲੰਟੀਅਰਾਂ ਨੇ ਹਿੱਸਾ ਲਿਆ। ਵਾਲੰਟੀਅਰ ਲੈਨਨਿ ਜੋਸ਼ੀ ਨੇ ਦੱਸਿਆ ਕਿ ਮੰਦਰ ਦੀ ਉਸਾਰੀ ਵਿਚ 19 ਲੱਖ ਕਿਊਬਿਕ ਫੁੱਟ ਪੱਥਰ ਵਰਤਿਆ ਗਿਆ ਹੈ। ਇਹ ਪੱਥਰ ਦੁਨੀਆ ਭਰ ਦੀਆਂ 29 ਵੱਖ-ਵੱਖ ਥਾਵਾਂ ਤੋਂ ਮੰਗਵਾਇਆ ਗਿਆ ਸੀ। ਵੇਰਵਿਆਂ ਮੁਤਾਬਕ ਮੰਦਰ ਦੀ ਉਸਾਰੀ ਲਈ ਭਾਰਤ ਤੋਂ ਗ੍ਰੇਨਾਈਟ, ਰਾਜਸਥਾਨ ਤੋਂ ਸੈਂਡਸਟੋਨ, ਮਿਆਂਮਾਰ ਤੋਂ ਸਾਗਵਾਨ ਦੀ ਲੱਕੜ, ਗਰੀਸ, ਤੁਰਕੀ ਤੇ ਇਟਲੀ ਤੋਂ ਮਾਰਬਲ ਅਤੇ ਬੁਲਗਾਰੀਆ ਤੇ ਤੁਰਕੀ ਤੋਂ ਲਾਈਮਸਟੋਨ (ਚੂਨਾ ਪੱਥਰ) ਮੰਗਵਾਇਆ ਗਿਆ ਹੈ। ਉਨ੍ਹਾਂ ਕਿਹਾ ਕਿ ਮੰਦਰ ਦੀ ਉਸਾਰੀ ਦੌਰਾਨ ਪੁਰਾਤਨ ਭਾਰਤੀ ਕਲਾਵਾਂ, ਇਮਾਰਤਸਾਜ਼ੀ ਤੇ ਸਭਿਆਚਾਰ ਦਾ ਪੂਰਾ ਖਿਆਲ ਰੱਖਿਆ ਗਿਆ ਹੈ ਤੇ ਇਨ੍ਹਾਂ ਨੂੰ ਡਿਜ਼ਾਈਨ ਵਿਚ ਸ਼ਾਮਲ ਕੀਤਾ ਗਿਆ ਹੈ। ਨਿਊਯਾਰਕ ਸ਼ਹਿਰ ਦੇ ਮੇਅਰ ਦੇ ਦਫ਼ਤਰ ’ਚ ਕੌਮਾਂਤਰੀ ਮਾਮਲਿਆਂ ਦੇ ਡਿਪਟੀ ਕਮਿਸ਼ਨਰ ਵਜੋਂ ਤਾਇਨਾਤ ਦਿਲੀਪ ਚੌਹਾਨ ਨੇ ਦੱਸਿਆ ਕਿ ਇਹ ਮੰਦਰ ਭਿੰਨਤਾ ਦਾ ਪ੍ਰਤੀਕ ਹੈ।