ਅਕਾਲੀ ਭਾਜਪਾ ਗੱਠਜੋੜ ਟੁੱਟਣ ਕਾਰਨ ਸ਼੍ਰੋਮਣੀ ਕਮੇਟੀ ਦੀ ਕਾਰਗੁਜ਼ਾਰੀ ਪ੍ਰਭਾਵਿਤ

ਅਕਾਲੀ ਭਾਜਪਾ ਗੱਠਜੋੜ ਟੁੱਟਣ ਕਾਰਨ ਸ਼੍ਰੋਮਣੀ ਕਮੇਟੀ ਦੀ ਕਾਰਗੁਜ਼ਾਰੀ ਪ੍ਰਭਾਵਿਤ

ਅੰਮ੍ਰਿਤਸਰ- ਅਕਾਲੀ ਭਾਜਪਾ ਗੱਠਜੋੜ ਟੁੱਟਣ ਤੋਂ ਬਾਅਦ ਸ਼੍ਰੋਮਣੀ ਕਮੇਟੀ ਅੰਤਰਰਾਜੀ ਸਿੱਖ ਮਾਮਲੇ ਹੱਲ ਕਰਵਾਉਣ ਵਿੱਚ ਕਮਜ਼ੋਰ ਪਈ ਹੈ। ਇਸ ਦਾ ਸਿੱਟਾ ਹੈ ਕਿ ਕਈ ਸੂਬਿਆਂ ਵਿੱਚ ਗੁਰਦੁਆਰਿਆਂ ਦੇ ਮਾਮਲੇ ਲਟਕ ਰਹੇ ਅਤੇ ਜੇਲ੍ਹਾਂ ਵਿੱਚੋਂ ਸਿੱਖ ਕੈਦੀਆਂ ਦੀ ਰਿਹਾਈ ਦੀ ਮੰਗ ਨੂੰ ਵੀ ਅਣਡਿੱਠਾ ਕਰ ਦਿੱਤਾ ਗਿਆ। ਕਿਸਾਨ ਅੰਦੋਲਨ ਵੇਲੇ ਸ਼੍ਰੋਮਣੀ ਅਕਾਲੀ ਦਲ ਕਿਸਾਨਾਂ ਦੇ ਹੱਕ ਵਿੱਚ ਨਿੱਤਰਿਆ ਸੀ ਅਤੇ ਕਿਸਾਨਾਂ ਦੇ ਮਾਮਲੇ ਵਿੱਚ ਕੇਂਦਰ ਸਰਕਾਰ ਦੇ ਫ਼ੈਸਲੇ ਦਾ ਵਿਰੋਧ ਕੀਤਾ ਸੀ। ਇਸ ਦੇ ਸਿੱਟੇ ਵਜੋਂ ਅਕਾਲੀ ਭਾਜਪਾ ਗੱਠਜੋੜ ਟੁੱਟ ਗਿਆ ਸੀ। ਇਹ ਗੱਠਜੋੜ ਟੁੱਟਣ ਅਤੇ ਹਰਸਿਮਰਤ ਕੌਰ ਬਾਦਲ ਵੱਲੋਂ ਕੇਂਦਰੀ ਮੰਤਰੀ ਮੰਡਲ ਤੋਂ ਅਸਤੀਫ਼ਾ ਦਿੱਤੇ ਜਾਣ ਕਾਰਨ ਸ਼੍ਰੋਮਣੀ ਅਕਾਲੀ ਦਲ ਦਾ ਕੇਂਦਰ ਸਰਕਾਰ ਵਿਚਲਾ ਮਜ਼ਬੂਤ ਆਧਾਰ ਖ਼ਤਮ ਹੋ ਗਿਆ ਸੀ। ਇਸ ਦਾ ਅਸਰ ਹੁਣ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਭਾਵ ਵਾਲੀ ਸ਼੍ਰੋਮਣੀ ਕਮੇਟੀ ’ਤੇ ਵੀ ਦੇਖਣ ਨੂੰ ਮਿਲ ਰਿਹਾ ਹੈ। ਗੱਠਜੋੜ ਟੁੱਟਣ ਤੋਂ ਬਾਅਦ ਸ਼੍ਰੋਮਣੀ ਕਮੇਟੀ ਦੀ ਕੇਂਦਰ ਸਰਕਾਰ ਤੱਕ ਪਹੁੰਚ ਵੀ ਕਮਜ਼ੋਰ ਪਈ ਹੈ। ਸਿੱਖ ਕੈਦੀਆਂ ਦੀ ਰਿਹਾਈ, ਜਨਿ੍ਹਾਂ ਬਾਰੇ ਕੇਂਦਰ ਸਰਕਾਰ ਵੱਲੋਂ ਐਲਾਨ ਵੀ ਕੀਤਾ ਜਾ ਚੁੱਕਿਆ ਸੀ, ਦੇ ਮਾਮਲੇ ਵਿੱਚ ਸ਼੍ਰੋਮਣੀ ਕਮੇਟੀ ਵੱਲੋਂ ਕੇਂਦਰੀ ਗ੍ਰਹਿ ਮੰਤਰੀ ਅਤੇ ਪ੍ਰਧਾਨ ਮੰਤਰੀ ਨੂੰ ਮਿਲਣ ਲਈ ਕਈ ਵਾਰ ਸਮਾਂ ਮੰਗਿਆ ਗਿਆ ਪਰ ਇਸ ਸਬੰਧੀ ਪੱਤਰਾਂ ਦਾ ਕੇਂਦਰ ਸਰਕਾਰ ਵੱਲੋਂ ਕੋਈ ਜਵਾਬ ਨਹੀਂ ਦਿੱਤਾ ਗਿਆ। ਸ਼੍ਰੋਮਣੀ ਕਮੇਟੀ ਵੱਲੋਂ ਇਸ ਸਬੰਧੀ ਦਸਤਖ਼ਤੀ ਮੁਹਿੰਮ ਵੀ ਚਲਾਈ ਗਈ ਸੀ, ਜਿਸ ਵਿੱਚ ਲੱਖਾਂ ਦੀ ਗਿਣਤੀ ਵਿੱਚ ਪੰਜਾਬ ਸਣੇ ਦੇਸ਼ ਭਰ ਅਤੇ ਵਿਦੇਸ਼ਾਂ ਵਿੱਚੋਂ ਵੀ ਸਿੱਖਾਂ ਦੇ ਦਸਤਖ਼ਤ ਕਰਵਾਏ ਗਏ। ਇਸ ਮੰਗ ਸਬੰਧੀ ਪ੍ਰੋਫਾਰਮੇ ਰਾਜਪਾਲ ਰਾਹੀਂ ਕੇਂਦਰ ਸਰਕਾਰ ਨੂੰ ਭੇਜੇ ਗਏ ਪਰ ਇਹ ਮਾਮਲਾ ਜਵਿੇਂ ਦਾ ਤਵਿੇਂ ਹੈ। ਇਸੇ ਤਰ੍ਹਾਂ ਗੁਰਦੁਆਰਾ ਗਿਆਨ ਗੋਦੜੀ ਹਰਿਦੁਆਰ, ਗੁਰਦੁਆਰਾ ਸ੍ਰੀ ਗੁਰੂ ਨਾਨਕ ਦੇਵ ਜੀ ਤਪ ਅਸਥਾਨ ਮੇਚੁਕਾ, ਅਰੁਣਾਚਲ ਪ੍ਰਦੇਸ਼ ਅਤੇ ਗੁਰਦੁਆਰਾ ਡਾਂਗਮਾਰ ਦਾ ਮਾਮਲਾ ਜਵਿੇਂ ਦਾ ਤਵਿੇਂ ਲਟਕ ਰਿਹਾ। ਹਰਿਆਣਾ ਵਿੱਚ ਭਾਜਪਾ ਸਰਕਾਰ ਦੇ ਹੁੰਦਿਆਂ ਉੱਥੇ ਵੱਖਰੀ ਸਿੱਖ ਗੁਰਦੁਆਰਾ ਕਮੇਟੀ ਬਣਾ ਦਿੱਤੀ ਗਈ। ਹੁਣ ਜਦੋਂ ਅਕਾਲੀ ਭਾਜਪਾ ਗੱਠਜੋੜ ਟੁੱਟਿਆ ਤਾਂ ਹਰਿਆਣਾ ਸਰਕਾਰ ਨੇ ਹੀ ਮਸਲੇ ਨੂੰ ਤੂਲ ਦੇ ਕੇ ਵੱਖਰੀ ਗੁਰਦੁਆਰਾ ਕਮੇਟੀ ਸਥਾਪਿਤ ਕਰ ਦਿੱਤੀ ਹੈ।