ਹੁਣ ਭਾਰਤ ਨੂੰ ਓਲੰਪਿਕ ਦੀ ਮੇਜ਼ਬਾਨੀ ਲਈ ਦਾਅਵਾ ਪੇਸ਼ ਕਰਨਾ ਚਾਹੀਦੈ: ਪੀਟੀ ਊਸ਼ਾ

ਹੁਣ ਭਾਰਤ ਨੂੰ ਓਲੰਪਿਕ ਦੀ ਮੇਜ਼ਬਾਨੀ ਲਈ ਦਾਅਵਾ ਪੇਸ਼ ਕਰਨਾ ਚਾਹੀਦੈ: ਪੀਟੀ ਊਸ਼ਾ

ਹਾਂਗਜ਼ੂ- ਹਾਂਗਜ਼ੂ ਏਸ਼ਿਆਈ ਖੇਡਾਂ ਵਿੱਚ ਰਿਕਾਰਡ ਤਗਮੇ ਜਿੱਤਣ ਤੋਂ ਉਤਸ਼ਾਹਿਤ ਭਾਰਤੀ ਓਲੰਪਿਕ ਐਸੋਸੀਏਸ਼ਨ (ਆਈਓਏ) ਦੀ ਪ੍ਰਧਾਨ ਪੀਟੀ ਊਸ਼ਾ ਨੇ ਅੱਜ 2036 ਓਲੰਪਿਕ ਦੀ ਮੇਜ਼ਬਾਨੀ ਲਈ ਸਰਕਾਰ ਦੀ ਤਜਵੀਜ਼ ਦਾ ਸਮਰਥਨ ਕੀਤਾ ਹੈ। ਅੱਜ ਖਤਮ ਹੋਈਆਂ ਏਸ਼ਿਆਈ ਖੇਡਾਂ ਵਿੱਚ ਭਾਰਤ ਨੇ 28 ਸੋਨ ਸਮੇਤ 107 ਤਗਮੇ ਜਿੱਤੇ ਹਨ। ਪਿਛਲੀ ਵਾਰ ਭਾਰਤ ਨੇ 70 ਤਗਮੇ ਜਿੱਤੇ ਸਨ। ਊਸ਼ਾ ਨੇ ਕਿਹਾ, ‘‘ਹਾਂਗਜ਼ੂ ਏਸ਼ਿਆਈ ਖੇਡਾਂ ’ਚ ਰਿਕਾਰਡ ਤੋੜ ਪ੍ਰਦਰਸ਼ਨ ਤੋਂ ਬਾਅਦ ਜੇ ਸਾਡੇ ਦੇਸ਼ ਦੇ ਖਿਡਾਰੀ, ਕੋਚ ਅਤੇ ਕੌਮੀ ਫੈਡਰੇਸ਼ਨਾਂ ਸਖਤ ਮਿਹਨਤ ਕਰਨ ਤਾਂ ਅਸੀਂ ਪੈਰਿਸ ਓਲੰਪਿਕ ’ਚ ਵੀ ਵੱਡੀ ਗਿਣਤੀ ਤਗਮੇ ਜਿੱਤ ਸਕਦੇ ਹਾਂ।’’ ਉਨ੍ਹਾਂ ਕਿਹਾ, ‘‘ਸਰਕਾਰ ਖੇਡਾਂ ਅਤੇ ਖਿਡਾਰੀਆਂ ਦੀ ਬਿਹਤਰੀ ਲਈ ਹਰ ਸੰਭਵ ਕੋਸ਼ਿਸ਼ ਕਰ ਰਹੀ ਹੈ। ਸਾਡੇ ਪ੍ਰਧਾਨ ਮੰਤਰੀ ਦੇਸ਼ ਦੀਆਂ ਖੇਡਾਂ ਵਿੱਚ ਕਾਫੀ ਦਿਲਚਸਪੀ ਲੈਂਦੇ ਹਨ।’’ ਉਨ੍ਹਾਂ ਕਿਹਾ, ‘‘ਸਾਨੂੰ 2023 ਓਲੰਪਿਕ ਦੀ ਮੇਜ਼ਬਾਨੀ ਦਾ ਦਾਅਵਾ ਪੇਸ਼ ਕਰਨਾ ਚਾਹੀਦਾ ਹੈ। ਮੈਨੂੰ ਯਕੀਨ ਹੈ ਕਿ ਪੈਰਿਸ ਓਲੰਪਿਕ ਵਿੱਚ ਭਾਰਤ ਟੋਕੀਓ ਨਾਲੋਂ ਵੱਧ ਤਗਮੇ ਜਿੱਤੇਗਾ। ਤਗਮੇ ਜਿੱਤਣ ਤੋਂ ਬਾਅਦ ਅਸੀਂ ਓਲੰਪਿਕ ਦੀ ਮੇਜ਼ਬਾਨੀ ਦਾ ਦਾਅਵਾ ਪੇਸ਼ ਕਰ ਸਕਦੇ ਹਾਂ।’’ 15 ਤੋਂ 17 ਅਕਤੂਬਰ ਤੱਕ ਮੁੰਬਈ ’ਚ ਹੋਣ ਵਾਲੇ ਕੌਮਾਂਤਰੀ ਓਲੰਪਿਕ ਕਮੇਟੀ (ਆਈਓਸੀ) ਦੇ ਸੈਸ਼ਨ ਦੌਰਾਨ ਸਰਕਾਰ 2036 ਓਲੰਪਿਕ ਦੀ ਮੇਜ਼ਬਾਨੀ ’ਚ ਦਿਲਚਸਪੀ ਜ਼ਾਹਰ ਕਰ ਸਕਦੀ ਹੈ। ਊਸ਼ਾ ਨੇ ਕਿਹਾ ਕਿ ਏਸ਼ਿਆਈ ਖੇਡਾਂ ਵਿੱਚ ਭਾਰਤ ਵੱਲੋਂ ਸੌ ਤੋਂ ਵੱਧ ਤਗ਼ਮੇ ਜਿੱਤਣ ’ਤੇ ਉਹ ਹੈਰਾਨ ਨਹੀਂ ਹਨ।