ਹਾਂਗਜ਼ੂ ਵਿੱਚ ਤਗਮਿਆਂ ਦੀ ਰਿਕਾਰਡ ਗਿਣਤੀ ਮਗਰੋਂ ਪੈਰਿਸ ਓਲੰਪਿਕ ’ਚ ਵੀ ਭਾਰਤ ਦੇ ਸ਼ਾਨਦਾਰ ਪ੍ਰਦਰਸ਼ਨ ਦੀ ਉਮੀਦ

ਹਾਂਗਜ਼ੂ ਵਿੱਚ ਤਗਮਿਆਂ ਦੀ ਰਿਕਾਰਡ ਗਿਣਤੀ ਮਗਰੋਂ ਪੈਰਿਸ ਓਲੰਪਿਕ ’ਚ ਵੀ ਭਾਰਤ ਦੇ ਸ਼ਾਨਦਾਰ ਪ੍ਰਦਰਸ਼ਨ ਦੀ ਉਮੀਦ

ਹਾਂਗਜ਼ੂ- ਹਾਂਗਜ਼ੂ ਏਸ਼ਿਆਈ ਖੇਡਾਂ ਵਿੱਚ 107 ਤਗ਼ਮਿਆਂ ਦੇ ਰਿਕਾਰਡ ਨਾਲ ਭਾਰਤੀ ਖਿਡਾਰੀਆਂ ਨੇ ਦੇਸ਼ ਦੇ ਖੇਡ ਇਤਿਹਾਸ ਵਿੱਚ ਸ਼ਾਨਦਾਰ ਅਧਿਆਏ ਲਿਖਣ ਦੇ ਨਾਲ ਹੀ ਅਗਲੇ ਸਾਲ ਪੈਰਿਸ ਵਿੱਚ ਹੋਣ ਵਾਲੀਆਂ ਓਲੰਪਿਕ ਖੇਡਾਂ ’ਚ ਆਪਣੇ ਸਰਬੋਤਮ ਪ੍ਰਦਰਸ਼ਨ ਦੀਆਂ ਉਮੀਦਾਂ ਵੀ ਜਗਾਈਆਂ ਹਨ। ਭਾਰਤ ਨੇ ਏਸ਼ਿਆਈ ਖੇਡਾਂ ਲਈ ਕਰੀਬ 660 ਖਿਡਾਰੀਆਂ ਦਾ ਦਲ ਭੇਜਿਆ ਸੀ। ਭਾਰਤ ਨੇ ਇਨ੍ਹਾਂ ਖੇਡਾਂ ਵਿੱਚ ਰਿਕਾਰਡ 28 ਸੋਨ, 38 ਚਾਂਦੀ ਅਤੇ 41 ਕਾਂਸੀ ਦੇ ਤਗਮੇ ਜਿੱਤੇ। 2018 ਜਕਾਰਤਾ ਖੇਡਾਂ ਦੇ ਮੁਕਾਬਲੇ ਕੁੱਲ ਮੈਡਲਾਂ ਦੀ ਗਿਣਤੀ 37 ਵੱਧ ਹੈ।

ਭਾਰਤੀ ਖਿਡਾਰੀਆਂ ਨੇ ਨਿਸ਼ਾਨੇਬਾਜ਼ੀ ਤੇ ਤੀਰਅੰਦਾਜ਼ੀ ਵਰਗੇ ਕੁਝ ਮੁਕਾਬਲਿਆਂ ਵਿੱਚ ਆਪਣੀ ਉਮੀਦ ਤੋਂ ਕਿਤੇ ਬਿਹਤਰ ਪ੍ਰਦਰਸ਼ਨ ਕੀਤਾ। ਭਾਰਤ ਇਨ੍ਹਾਂ ਖੇਡਾਂ ਦੀ ਤਗਮਾ ਸੂਚੀ ਵਿਚ ਚੀਨ, ਜਾਪਾਨ ਅਤੇ ਦੱਖਣੀ ਕੋਰੀਆ ਤੋਂ ਬਾਅਦ ਚੌਥੇ ਸਥਾਨ ’ਤੇ ਰਿਹਾ, ਜੋ ਖਿਡਾਰੀਆਂ ਦੇ ਦ੍ਰਿੜ ਇਰਾਦੇ ਅਤੇ ਸਖ਼ਤ ਮਿਹਨਤ ਦਾ ਸਬੂਤ ਹੈ। ਤਗਮਾ ਸੂਚੀ ਵਿੱਚ ਭਾਰਤ ਚੌਥੇ ਸਥਾਨ ’ਤੇ ਰਿਹਾ। ਇਸ ਤੋਂ ਪਹਿਲਾਂ 1951 ਵਿੱਚ ਭਾਰਤ ਦੂਜੇ ਅਤੇ 1962 ਵਿੱਚ ਤੀਜੇ ਸਥਾਨ ’ਤੇ ਰਿਹਾ ਸੀ।

ਹਾਂਗਜ਼ੂ ਖੇਡਾਂ ਸ਼ੁਰੂ ਹੋਣ ਤੋਂ ਪਹਿਲਾਂ ਭਾਰਤੀ ਓਲੰਪਿਕ ਐਸੋਸੀਏਸ਼ਨ ਦੇ ਅਧਿਕਾਰੀਆਂ ਨੇ 100 ਮੈਡਲਾਂ ਦਾ ਟੀਚਾ ਰੱਖਿਆ ਸੀ। ਭਾਰਤੀ ਖਿਡਾਰੀਆਂ ਨੇ ਖੇਡਾਂ ਦੇ ਪਹਿਲੇ ਦਨਿ ਤੋਂ ਹੀ ਤਗਮੇ ਜਿੱਤਣੇ ਸ਼ੁਰੂ ਕਰ ਦਿੱਤੇ ਅਤੇ ਇਹ ਉਨ੍ਹਾਂ ਦੇ ਮੁਕਾਬਲਿਆਂ ਦੇ ਆਖਰੀ ਦਨਿ ਤੱਕ ਜਾਰੀ ਰਹੇ। ਓਲੰਪੀਅਨ ਨੀਰਜ ਚੋਪੜਾ ਦੀ ਮੌਜੂਦਗੀ ਨੇ ਭਾਰਤੀ ਟੀਮ ਦਾ ਹੌਸਲਾ ਵਧਾਇਆ। ਇਸ ਵਿੱਚ ਕੋਈ ਸ਼ੱਕ ਨਹੀਂ ਕਿ ਜੈਵਲਨਿ ਥਰੋਅ ਵਿੱਚ ਇਸ ਖਿਡਾਰੀ ਦੇ ਓਲੰਪਿਕ ਸੋਨ ਤਗ਼ਮੇ ਨੇ ਹੋਰ ਅਥਲੀਟਾਂ ਨੂੰ ਵੀ ਪ੍ਰੇਰਿਤ ਕੀਤਾ। ਹਾਲਾਂਕਿ ਭਾਰਤੀ ਕੈਂਪ ਨੂੰ ਕੁਝ ਨਿਰਾਸ਼ਾ ਦਾ ਸਾਹਮਣਾ ਵੀ ਕਰਨਾ ਪਿਆ। ਸਭ ਤੋਂ ਵੱਡੀ ਨਿਰਾਸ਼ਾ ਕੁਸ਼ਤੀ ਵਿੱਚ ਬਜਰੰਗ ਪੂਨੀਆ ਦੀ ਹਾਰ ਸੀ। ਵੇਟਲਿਫਟਿੰਗ ਵਿੱਚ ਮੀਰਾਬਾਈ ਚਾਨੂ ਚੌਥੇ ਸਥਾਨ ’ਤੇ ਰਹੀ ਜਦਕਿ ਬੈਡਮਿੰਟਨ ਵਿੱਚ ਪੀਵੀ ਸਿੰਧੂ ਨੂੰ ਕੁਆਰਟਰ ਫਾਈਨਲ ਵਿੱਚ ਹਾਰ ਦਾ ਸਾਹਮਣਾ ਕਰਨਾ ਪਿਆ। ਮੁੱਕੇਬਾਜ਼ੀ ਵਿੱਚ ਵਿਸ਼ਵ ਚੈਂਪੀਅਨ ਲਵਲੀਨਾ ਬੋਰਗੋਹੇਨ ਨੂੰ ਸੋਨ ਤਗ਼ਮੇ ਦੀ ਮਜ਼ਬੂਤ ਦਾਅਵੇਦਾਰ ਮੰਨਿਆ ਜਾ ਰਿਹਾ ਸੀ ਪਰ ਫਾਈਨਲ ਮੈਚ ਵਿੱਚ ਉਹ ਹਾਰ ਗਈ। ਅਥਲੈਟਿਕਸ ਅਤੇ ਨਿਸ਼ਾਨੇਬਾਜ਼ੀ ਵਿੱਚ ਦੇਸ਼ ਦੇ ਸਭ ਤੋਂ ਵੱਧ ਕ੍ਰਮਵਾਰ 29 ਅਤੇ 22 ਤਗਮੇ ਜਿੱਤੇ। ਨਿਸ਼ਾਨੇਬਾਜ਼ੀ ਵਿੱਚ ਸਭ ਤੋਂ ਵੱਧ ਸੱਤ ਸੋਨ ਤਗਮੇ ਜਿੱਤੇ ਜਦਕਿ ਅਥਲੈਟਿਕਸ ਵਿੱਚ ਛੇ ਤਗਮੇ ਹਾਸਲ ਕੀਤੇ। ਇਨ੍ਹਾਂ ਖੇਡਾਂ ਵਿੱਚ ਤੀਰਅੰਦਾਜ਼ਾਂ ਨੇ ਵੀ ਸ਼ਾਨਦਾਰ ਪ੍ਰਦਰਸ਼ਨ ਕੀਤਾ।