ਆਇਚੀ-ਨਾਗੋਆ ’ਚ ਮਿਲਣ ਦੇ ਵਾਅਦੇ ਨਾਲ ਹਾਂਗਜ਼ੂ ਖੇਡਾਂ ਸਮਾਪਤ

ਆਇਚੀ-ਨਾਗੋਆ ’ਚ ਮਿਲਣ ਦੇ ਵਾਅਦੇ ਨਾਲ ਹਾਂਗਜ਼ੂ ਖੇਡਾਂ ਸਮਾਪਤ

ਹਾਂਗਜ਼ੂ- ਜਾਪਾਨ ਦੇ ਆਇਚੀ-ਨਾਗੋਆ ’ਚ ਮਿਲਣ ਦੇ ਵਾਅਦੇ ਨਾਲ ਹਾਂਗਜ਼ੂ ਏਸ਼ਿਆਈ ਖੇਡਾਂ ਅੱਜ ਸਮਾਪਤ ਹੋ ਗਈਆਂ ਹਨ। ਅਥਲੀਟਾਂ ਦੀਆਂ ਸ਼ਾਨਦਾਰ ਪ੍ਰਾਪਤੀਆਂ ਅਤੇ ਚੀਨ ਦੀ ਸੱਭਿਆਚਾਰਕ ਵਿਰਾਸਤ ਦਰਸਾਉਂਦੇ ਰੰਗਾਰੰਗ ਅਤੇ ਤਕਨੀਕੀ ਤੌਰ ’ਤੇ ਸ਼ਾਨਦਾਰ ਪ੍ਰੋਗਰਾਮ ਨਾਲ ਇਨ੍ਹਾਂ ਖੇਡਾਂ ਦੀ ਸਮਾਪਤ ਹੋਈ। ਓਲੰਪਿਕ ਕੌਂਸਲ ਆਫ ਏਸ਼ੀਆ (ਓਸੀਏ) ਦੇ ਕਾਰਜਕਾਰੀ ਮੁਖੀ ਰਣਧੀਰ ਸਿੰਘ ਨੇ ਸਮਾਪਤੀ ਦਾ ਐਲਾਨ ਕੀਤਾ। ਲਗਪਗ 80 ਹਜ਼ਾਰ ਦਰਸ਼ਕਾਂ ਦੀ ਸਮਰੱਥਾ ਵਾਲੇ ‘ਬਿੱਗ ਲੋਟਸ’ ਸਟੇਡੀਅਮ ਵਿੱਚ ਲਾਈਟਾਂ, ਸਾਊਂਡ ਅਤੇ ਲੇਜ਼ਰ ਦੇ 75 ਮਿੰਟ ਦੇ ਪ੍ਰੋਗਰਾਮ ਦੌਰਾਨ ਤਿਓਹਾਰ ਵਰਗਾ ਮਾਹੌਲ ਸੀ। ਦੋ ਹਫ਼ਤਿਆਂ ਤੋਂ ਵੱਧ ਸਮੇਂ ਤੱਕ ਮੁਕਾਬਲੇ ਕਰਨ ਤੋਂ ਬਾਅਦ ਇਨ੍ਹਾਂ ਖੇਡਾਂ ਵਿੱਚ ਹਿੱਸਾ ਲੈਣ ਵਾਲੇ 45 ਦੇਸ਼ਾਂ ਦੇ ਅਥਲੀਟ ਆਪੋ-ਆਪਣੇ ਘਰ ਪਰਤਣ ਲੱਗੇ ਹਨ।

ਦੇਸ਼ਾਂ ਦੇ ਖਿਡਾਰੀਆਂ ਤੇ ਅਧਿਕਾਰੀਆਂ ਵੱਲੋਂ ਸ਼ਿਰਕਤ ਕਰਨ ਤੋਂ ਪਹਿਲਾਂ ਸਾਰੇ ਮੁਲਕਾਂ ਦੇ ਝੰਡਾਬਰਦਾਰ ਮੈਦਾਨ ਵਿੱਚ ਪਹੁੰਚੇ। ਪੁਰਸ਼ ਹਾਕੀ ਟੀਮ ਦੇ ਗੋਲਕੀਪਰ ਪੀ.ਆਰ ਸ੍ਰੀਜੇਸ਼ ਭਾਰਤੀ ਝੰਡਾਬਰਦਾਰ ਸਨ। ਪਰੇਡ ਵਿੱਚ ਲਗਪਗ 100 ਭਾਰਤੀ ਅਥਲੀਟਾਂ ਅਤੇ ਅਧਿਕਾਰੀਆਂ ਨੇ ਹਿੱਸਾ ਲਿਆ। ਸਮਾਪਤੀ ਸਮਾਗਮ ਵਿੱਚ ਖੇਡਾਂ ਅਤੇ ਸੱਭਿਆਚਾਰ ਦੇ ਸੁਮੇਲ ਦਾ ਜਸ਼ਨ ਦੇਖਣ ਨੂੰ ਮਿਲਿਆ। ਓਸੀਏ ਦੇ ਕਾਰਜਕਾਰੀ ਮੁਖੀ ਰਣਧੀਰ ਸਿੰਘ ਨੇ ਚੀਨ ਦੇ ਪ੍ਰਧਾਨ ਮੰਤਰੀ ਲੀ ਕਿਆਂਗ ਅਤੇ ਹੋਰ ਪਤਵੰਤਿਆਂ ਦੀ ਮੌਜੂਦਗੀ ਵਿੱਚ ਏਸ਼ਿਆਈ ਖੇਡਾਂ ਦੇ 19ਵੇਂ ਐਡੀਸ਼ਨ ਦੀ ਸਮਾਪਤੀ ਦਾ ਐਲਾਨ ਕੀਤਾ। ਉਨ੍ਹਾਂ ਕਿਹਾ, ‘‘ਮੈਂ 19ਵੀਆਂ ਹਾਂਗਜ਼ੂ ਏਸ਼ਿਆਈ ਖੇਡਾਂ ਦੀ ਸਮਾਪਤੀ ਦਾ ਐਲਾਨ ਕਰਦਾ ਹਾਂ ਅਤੇ ਰਵਾਇਤ ਅਨੁਸਾਰ ਏਸ਼ੀਆ ਦੇ ਨੌਜਵਾਨਾਂ ਨੂੰ 20ਵੀਆਂ ਏਸ਼ਿਆਈ ਖੇਡਾਂ ਦਾ ਜਸ਼ਨ ਮਨਾਉਣ ਲਈ ਤਿੰਨ ਸਾਲ ਬਾਅਦ ਜਾਪਾਨ ਇਕੱਠੇ ਹੋਣ ਦਾ ਸੱਦਾ ਦਿੰਦਾ ਹਾਂ।’’ ਉਨ੍ਹਾਂ ਕਿਹਾ ਕਿ ਪਿਛਲੇ 16 ਦਿਨਾਂ ਵਿੱਚ ਸਾਰਿਆਂ ਨੇ ਇਸ ਸ਼ਾਨਦਾਰ ਸ਼ਹਿਰ ਵਿੱਚ ਕਈ ਖ਼ੁਸ਼ੀ ਦੇ ਪਲ ਸਾਂਝੇ ਕੀਤੇ।
ਤਗਮਾ ਸੂਚੀ ਵਿੱਚ ਇਸ ਵਾਰ ਫਿਰ ਚੀਨ ਦਾ ਦਬਦਬਾ ਰਿਹਾ। ਚੀਨ ਨੇ 201 ਸੋਨ, 111 ਚਾਂਦੀ ਅਤੇ 71 ਕਾਂਸੀ ਦੇ ਤਗਮੇ ਜਿੱਤੇ। ਇਸੇ ਤਰ੍ਹਾਂ ਜਾਪਾਨ 52 ਸੋਨ, 67 ਚਾਂਦੀ ਅਤੇ 69 ਕਾਂਸੇ ਦੇ ਤਗਮਿਆਂ ਨਾਲ ਦੂਜੇ ਅਤੇ ਦੱਖਣੀ ਕੋਰੀਆ 42 ਸੋਨ, 59 ਚਾਂਦੀ ਤੇ 89 ਕਾਂਸੇ ਦੇ ਤਗਮਿਆਂ ਨਾਲ ਤੀਜੇ ਸਥਾਨ ’ਤੇ ਰਿਹਾ। ਭਾਰਤ ਨੇ 107 ਤਗਮਿਆਂ (28 ਸੋਨੇ, 38 ਚਾਂਦੀ, 41 ਕਾਂਸੇ) ਦੇ ਰਿਕਾਰਡ ਨਾਲ ਚੌਥਾ ਸਥਾਨ ਹਾਸਲ ਕੀਤਾ। ਓਸੀਏ ਦੇ ਕਾਰਜਕਾਰੀ ਡਾਇਰੈਕਟਰ ਜਨਰਲ ਵਨਿੋਦ ਕੁਮਾਰ ਤਵਿਾੜੀ ਅਨੁਸਾਰ ਇਨ੍ਹਾਂ ਖੇਡਾਂ ਦੌਰਾਨ 13 ਵਿਸ਼ਵ ਰਿਕਾਰਡ, 26 ਏਸ਼ਿਆਈ ਰਿਕਾਰਡ ਅਤੇ 97 ਖੇਡਾਂ ਦੇ ਰਿਕਾਰਡ ਟੁੱਟੇ। ਪ੍ਰਬੰਧਕਾਂ ਨੇ ਦੱਸਿਆ ਕਿ 45 ਦੇਸ਼ਾਂ ਦੇ 12,407 ਅਥਲੀਟਾਂ ਨੇ ਹਾਂਗਜ਼ੂ ਵਿੱਚ 40 ਖੇਡਾਂ ਵਿੱਚ ਹਿੱਸਾ ਲਿਆ। ਸਮਾਪਤੀ ਸਮਾਗਮ ਵਿੱਚ 1951 ’ਚ ਨਵੀਂ ਦਿੱਲੀ ਵਿੱਚ ਹੋਈਆਂ ਪਹਿਲੀਆਂ ਏਸ਼ਿਆਈ ਖੇਡਾਂ ਦੀ ਮਸ਼ਾਲ ਅਤੇ ਝੰਡੇ ਦੇ ਨਾਲ- ਨਾਲ ਓਸੀਏ ਦਾ ਝੰਡਾ 2026 ਦੀਆਂ ਖੇਡਾਂ ਦੇ ਮੇਜ਼ਬਾਨ ਸ਼ਹਿਰ ਜਾਪਾਨ ਦੇ ਆਇਚੀ-ਨਾਗੋਆ ਦੇ ਰਾਜਪਾਲ ਨੂੰ ਸੌਂਪ ਦਿੱਤਾ ਗਿਆ।