ਹਲਕਾ ਇੰਚਾਰਜ ਮਾਮਲਾ: 21 ਮੈਂਬਰੀ ਕਮੇਟੀ ਵੱਲੋਂ ਰੱਖੜਾ ਨਾਲ ਮੁਲਾਕਾਤ

ਹਲਕਾ ਇੰਚਾਰਜ ਮਾਮਲਾ: 21 ਮੈਂਬਰੀ ਕਮੇਟੀ ਵੱਲੋਂ ਰੱਖੜਾ ਨਾਲ ਮੁਲਾਕਾਤ

ਘਨੌਰ- ਸੀਨੀਅਰ ਨੇਤਾ ਪ੍ਰੋ. ਪ੍ਰੇਮ ਸਿੰਘ ਚੰਦੂਮਾਜਰਾ ਦੀ ਥਾਂ ਅਕਾਲੀ ਦਲ ਵੱਲੋਂ ਘਨੌਰ ਲਈ ਨਵੇਂ ਬਣਾਏ ਗਏ ਹਲਕਾ ਇੰਚਾਰਜ ਭੁਪਿੰਦਰ ਸਿੰਘ ਸ਼ੇਖੂਪੁਰ ਦੇ ਵਿਰੋਧ ’ਚ ਉਤਰੇ ਹਰਵਿੰਦਰ ਸਿੰਘ ਹਰਪਾਲਪੁਰ ਧੜੇ ਵੱਲੋਂ ਗਠਿਤ ਕੀਤੀ ਗਈ 21 ਮੈਂਬਰੀ ਕਮੇਟੀ ਨੇ ਅੱਜ ਸਾਬਕਾ ਮੰਤਰੀ ਅਤੇ ਜ਼ਿਲ੍ਹਾ ਪ੍ਰਧਾਨ ਸੁਰਜੀਤ ਸਿੰਘ ਰੱਖੜਾ ਨਾਲ ਮੁਲਾਕਾਤ ਕੀਤੀ। ਵਫ਼ਦ ਦਾ ਕਹਿਣਾ ਸੀ ਕਿ ਪ੍ਰੋ. ਪ੍ਰੇਮ ਸਿੰਘ ਚੰਦੂਮਾਜਰਾ ਦੀ ਸਿਫ਼ਾਰਿਸ਼ ’ਤੇ ਬਣਾਇਆ ਗਿਆ ਹਲਕਾ ਇੰਚਾਰਜ ਇਸ ਅਹੁਦੇ ਦਾ ਹੱਕਦਾਰ ਨਹੀਂ ਹੈ।

ਵਫ਼ਦ ’ਚ ਖਾਦੀ ਬੋਰਡ ਦੇ ਸਾਬਕਾ ਚੇਅਰਮੈਨ ਹਰਵਿੰਦਰ ਹਰਪਾਲਪੁਰ ,ਅਜਾਇਬ ਮੰਜੋਲੀ , ਹਰਦੇਵ ਸਿਆਲੂ, ਜਸਵਿੰਦਰ ਬੰਬੀ, ਬਲਜਿੰਦਰ ਬੱਖੂ, ਬਹਾਦਰ ਖੈਰਪੁਰ, ਸਤਨਾਮ ਆਕੜ , ਬੇਅੰਤ ਸਿੰਘ ਆਕੜੀ ਅਵਤਾਰ ਕਪੂਰੀ, ਗੁਰਨਾਮ ਕੌਂਸਲਰ, ਧੰਨਾ ਹਰਪਾਲਾਂ, ਕੰਵਰਪਾਲ ਲੋਹਸਿੰਬਲੀ, ਪਰਮਜੀਤ ਸੰਧਾਰਸੀ, ਸਰਬਜੀਤ ਭੋਗਲਾਂ, ਸੁਖਦੇਵ ਖਾਨਪੁਰ ਗੰਡਿਆਂ, ਮਨਜੀਤ ਭੱਟਮਾਜਰਾ, ਸੁਖਬੀਰ ਵੜੈਚ, ਸੁੱਚਾ ਮਰਦਾਂਪੁਰ, ਕੁਲਵਿੰਦਰ ਘੱਗਰਸਰਾਏ, ਬਬਲਾ ਸਰਾਲਾ, ਹੈਪੀ ਨਨਹੇੜੀ, ਅੰਗਰੇਜ਼ ਕਾਮੀ, ਜੱਗੀ ਸੌਂਟਾ, ਸੁਲਖਣ ਸਿੰਘ ਤੇ ਗਿਆਨ ਮੰਡੋਲੀ ਹਾਜ਼ਰ ਸਨ।

ਵਫਦ ਦੀ ਅਗਵਾਈ ਕਰਦਿਆਂ ਹਰਵਿੰਦਰ ਹਰਪਾਲਪੁਰ ਨੇ ਸ੍ਰੀ ਰੱਖੜਾ ਨੂੰ ਦੱਸਿਆ ਕਿ ਸ਼ੇਖੂਪੁਰ ਨੇ ਪਹਿਲਾਂ ਅਕਾਲੀ ਸਰਕਾਰ ਦੌਰਾਨ ਤਾਂ ਜ਼ਿਲ੍ਹਾ ਪਰਿਸ਼ਦ ਦੀ ਮੈਂਬਰੀ ਦਾ ਆਨੰਦ ਮਾਣਿਆ, ਪਰ ਜਦੋਂਂ ਕਾਂਗਰਸੀ ਵਿਧਾਇਕ ਦੇ ਮੁੰਡੇ ਦੇ ਮੁਕਾਬਲੇ ਚੋਣ ਲੜਨੀ ਪਈ, ਤਾਂ ਉਹ ਵਿਦੇਸ਼ ਉਡਾਰੀ ਮਾਰ ਗਿਆ ਸੀ। ਇਸ ਕਾਰਨ ਪਾਰਟੀ ਹੁਕਮਾਂ ’ਤੇ ਉਸ (ਹਰਪਾਲਪੁਰ) ਨੇ ਚੋਣ ਲੜੀ ਜਿਸ ਦਾ ਖਮਿਆਜ਼ਾ ਉਸ ਨੂੰ ਤੇ ਉਸ ਦੇ ਹਮਾਇਤੀਆਂ ’ਤੇ ਝੂਠੇ ਕੇਸਾਂ ਅਤੇ ਜੇਲ੍ਹ ਯਾਤਰਾ ਕਰਕੇ ਭੁਗਤਣਾ ਪਿਆ ਤੇ ਇਹ ਕੇਸ ਦਰਜ ਕਰਵਾਉਣ ’ਚ ਇੱਕ ਅਕਾਲੀ ਵਿਧਾਇਕ ਦੀ ਭਾਗੀਦਾਰੀ ਵੀ ਰਹੀ ਪਰ ਹੁਣ ਜਦੋਂ ਹਲਕਾ ਇੰਚਾਰਜ ਬਣਾਉਣ ਦੀ ਵਾਰੀ ਆਈ, ਤਾਂ ਵਫਾਦਾਰਾਂ ਨੂੰ ਦਰਕਨਿਾਰ ਕਰਦਿਆਂ, ਭੁਪਿੰਦਰ ਸ਼ੇਖੂਪੁਰ ਦੇ ਸਿਰ ’ਤੇ ਤਾਜ ਸਜਾ ਦਿੱਤਾ ਗਿਆ।

ਉਨ੍ਹਾਂ ਕਿਹਾ ਕਿ ਅਜਿਹੇ ਫੈਸਲੇ ਕਿਸੇ ਇੱਕ ਨੇਤਾ ਦੀ ਸਿਫਾਰਿਸ਼ ਦੀ ਬਜਾਏ ਹਲਕੇ ਦੇ ਵਰਕਰਾਂ ਦੀ ਰਾਇ ਨਾਲ ਕੀਤੇ ਜਾਣੇ ਚਾਹੀਦੇ ਹਨ। ਬਾਅਦ ’ਚ ਹਰਪਾਲਪੁਰ ਨੇ ਦੱਸਿਆ ਕਿ ਉਹ ਜਿਲ੍ਹਾ ਪ੍ਰਧਾਨ ਵਜੋਂ ਸੁਰਜੀਤ ਰੱਖੜਾ ਨੂੰ ਪਾਰਟੀ ਪ੍ਰਧਾਨ ਦੇ ਕਹਿਣ ’ਤੇ ਹੀ ਮਿਲੇ ਹਨ, ਜੋ ਪਾਰਟੀ ਪ੍ਰਧਾਨ ਨੂੰ ਰਿਪੋਰਟ ਦੇਣਗੇ।