ਮਨੋਰੰਜਨ ਭਰਪੂਰ ਫਿਲਮ ‘ਐਨੀ ਹਾਓ-ਮਿੱਟੀ ਪਾਓ’

ਮਨੋਰੰਜਨ ਭਰਪੂਰ ਫਿਲਮ ‘ਐਨੀ ਹਾਓ-ਮਿੱਟੀ ਪਾਓ’

ਸੁਰਜੀਤ ਜੱਸਲ

ਲੇਖਕ-ਨਿਰਦੇਸ਼ਕ ਜਨਜੋਤ ਸਿੰਘ ਨੇ ਹਮੇਸ਼ਾਂ ਲੀਕ ਤੋਂ ਹਟਕੇ ਫਿਲਮਾਂ ਦਿੱਤੀਆਂ ਹਨ ਜੋ ਦਰਸ਼ਕਾਂ ਨੂੰ ਪਸੰਦ ਵੀ ਆਈਆਂ ਹਨ। ‘ਚੱਲ ਮੇਰਾ ਪੁੱਤ’ ਦੀ ਤੀਸਰੀ ਵੱਡੀ ਸਫਲਤਾ ਤੋਂ ਬਾਅਦ ਹੁਣ ਉਸ ਦੀ ਟੀਮ ਇੱਕ ਹੋਰ ਮਨੋਰੰਜਨ ਭਰੀ ਕਾਮੇਡੀ ਫਿਲਮ ‘ਐਨੀ ਹਾਓ-ਮਿੱਟੀ ਪਾਓ’ ਲੈ ਕੇ ਆਏ ਹਨ। ਥੀਏਟਰ ਦੇ ਕਲਾਕਾਰਾਂ ਬਾਰੇ ਹਲਕੀ ਸੋਚ ਰੱਖਣ ਵਾਲੇ ਲੋਕਾਂ ਨੂੰ ਨਸੀਹਤ ਦਿੰਦੀ ਇਹ ਫਿਲਮ ਥੀਏਟਰ ਕਲਾਕਾਰਾਂ ਦੀ ਜ਼ਿੰਦਗੀ ਦੇ ਵੱਖ ਵੱਖ ਰੰਗ ਪੇਸ਼ ਕਰਦੀ ਰੁਮਾਂਸ ਭਰਪੂਰ ਪਰਿਵਾਰਕ ਕਹਾਣੀ ਹੈ।

ਸਿੰਬਲਜ਼ ਐਂਟਰਟਨਮੈਂਟ ਅਤੇ ਵਿਰਾਸਤ ਫਿਲਮਜ਼ ਦੇ ਬੈਨਰ ਹੇਠ ਪਿਛਲੇ ਦਨਿੀਂ ਰਿਲੀਜ਼ ਹੋਈ ਇਸ ਫਿਲਮ ਵਿੱਚ ਹਰੀਸ਼ ਵਰਮਾ ਲੰਮੇ ਸਮੇਂ ਮਗਰੋਂ ਪਰਦੇ ’ਤੇ ਨਜ਼ਰ ਆਇਆ ਹੈ। ਉਸ ਦੀ ਹੀਰੋਇਨ ਬੌਲੀਵੁੱਡ ਅਤੇ ਦੱਖਣ ਭਾਰਤੀ ਫਿਲਮਾਂ ਦੀ ਨਾਮੀਂ ਅਦਾਕਾਰਾ ਅਮਾਇਰਾ ਦਸਤੂਰ ਬਣੀ ਹੈ। ਫਿਲਮ ਦੀ ਕਹਾਣੀ ਵਿੱਚ ਹਰੀਸ਼ ਵਰਮਾ ਆਪਣੇ ਪਿਆਰ ਨੂੰ ਪਾਉਣ ਲਈ ਤਰ੍ਹਾਂ-ਤਰ੍ਹਾਂ ਦੇ ਡਰਾਮੇ ਖੇਡਦਾ ਹੈ ਜਿਸ ਵਿੱਚ ਉਸ ਦਾ ਸਾਥ ਕਰਮਜੀਤ ਅਨਮੋਲ ਦਿੰਦਾ ਹੈ। ਕੁੜੀ ਦੇ ਪਰਿਵਾਰ ਨੂੰ ਪ੍ਰਭਾਵਿਤ ਕਰਨ ਦੇ ਚੱਕਰ ਵਿੱਚ ਫਿਲਮ ਕਈ ਦਿਲਚਸਪ ਮੋੜ ਲੈਂਦੀ ਹੈ ਜੋ ਦਰਸ਼ਕਾਂ ਲਈ ਰੌਚਕਤਾ ਭਰਪੂਰ ਬਣ ਜਾਂਦੇ ਹਨ। ਜਿੱਥੇ ਫਿਲਮ ਵਿੱਚ ਹਰੀਸ਼ ਵਰਮਾ ਤੇ ਅਮਾਇਰਾ ਦਸਤੂਰ ਦੀ ਜੋੜੀ ਪ੍ਰਭਾਵਿਤ ਕਰਦੀ ਹੈ, ਉੱਥੇ ਕਰਮਜੀਤ ਅਨਮੋਲ ਨੇ ਵੀ ਵੱਖ ਵੱਖ ਕਿਰਦਾਰਾਂ ’ਚ ਕਮਾਲ ਦੀ ਕਾਮੇਡੀ ਨਿਭਾਅ ਕੇ ਦਰਸ਼ਕਾਂ ਨੂੰ ਖੂਬ ਹਸਾਇਆ ਹੈ। ਇਸ ਤੋਂ ਇਲਾਵਾ ਬੀ.ਐੱਨ. ਸ਼ਰਮਾ, ਨਿਰਮਲ ਰਿਸ਼ੀ, ਸੀਮਾ ਕੌਸ਼ਲ, ਦੀਦਾਰ ਗਿੱਲ, ਨੇਹਾ ਸ਼ਰਮਾ ਆਦਿ ਕਲਾਕਾਰਾਂ ਦਾ ਕੰਮ ਵੀ ਕਾਬਲੇ ਤਾਰੀਫ਼ ਹੈ। ਪਾਕਿਸਤਾਨੀ ਡਰਾਮਾ ਕਲਾਕਾਰ ਵਿੱਕੀ ਕੌਡੂ ਵੀ ਪੰਜਾਬੀ ਪਰਦੇ ’ਤੇ ਨਜ਼ਰ ਆਇਆ ਹੈ।

ਇਸ ਫਿਲਮ ਦਾ ਗੀਤ ਸੰਗੀਤ ਵੀ ਚੰਗਾ ਹੈ ਜੋ ਦਰਸ਼ਕਾਂ ਨੂੰ ਪ੍ਰਭਾਵਿਤ ਕਰਦਾ ਹੈ। ਗੀਤਕਾਰ ਹਰਮਨਜੀਤ, ਜਸ ਗਰੇਵਾਲ, ਸੱਤਾ ਵੈਰੋਵਾਲੀਆ, ਖੁਸ਼ੀ ਪੰਧੇਰ ਤੇ ਕਪਤਾਨ ਦੇ ਲਿਖੇ ਗੀਤਾਂ ਨੂੰ ਐਮੀ ਵਿਰਕ, ਮਾਸਟਰ ਸਲੀਮ, ਗੁਰਸ਼ਬਦ, ਜੋਤਿਕਾ ਤਾਂਗੜੀ, ਸਿਮਰਨ ਭਾਰਦਵਾਜ ਤੇ ਅਨੁਸ਼ਕਾ ਬਜਾਜ ਨੇ ਗਾਇਆ ਹੈ। ਸੰਗੀਤ ਜੈ ਦੇਵ ਕੁਮਾਰ, ਗੁਰਮੀਤ ਸਿੰਘ, ਗੁਰਮੋਹ ਅਤੇ ਜੇ ਬੀ ਸਿੰਘ ਨੇ ਦਿੱਤਾ ਹੈ। ਇਸ ਫਿਲਮ ਦੇ ਨਿਰਮਾਤਾ ਉਪਕਾਰ ਸਿੰਘ, ਜਰਨੈਲ ਸਿੰਘ ਅਤੇ ਹਰਮੀਤ ਸਿੰਘ ਹਨ। ਫਿਲਮ ਦੀ ਕਹਾਣੀ ‘ਦਾਣਾ ਪਾਣੀ’ ਅਤੇ ‘ਬਾਜਰੇ ਦਾ ਸਿੱਟਾ’ ਵਰਗੀਆਂ ਮਿਆਰੀ ਫਿਲਮਾਂ ਲਿਖਣ ਵਾਲੇ ਜੱਸ ਗਰੇਵਾਲ ਨੇ ਲਿਖੀ ਹੈ। ਲੰਮੇ ਸਮੇਂ ਬਾਅਦ ਹਰੀਸ਼ ਵਰਮਾ ਦੀ ਕੋਈ ਚੰਗੀ ਫਿਲਮ ਦਰਸ਼ਕਾਂ ਨੂੰ ਵੇਖਣ ਨੂੰ ਮਿਲੀ ਹੈ। ਭਾਵੇਂ ਫਿਲਮ ਦਾ ਨਾਂ ਦਰਸ਼ਕਾਂ ਨੂੰ ਬਹੁਤਾ ਪ੍ਰਭਾਵਿਤ ਨਹੀਂ ਕਰਦਾ, ਪ੍ਰੰਤੂ ਕਹਾਣੀ ਪੱਖੋਂ ਫਿਲਮ ਦਰਸ਼ਕਾਂ ਦਾ ਚੰਗਾ ਮਨੋਰੰਜਨ ਕਰਨ ਦਾ ਦਮ ਰੱਖਦੀ ਹੈ।