ਬਚਪਨ ਦੀ ਮਨਭਾਉਂਦੀ ਖੇਡ ਗੁੱਲੀ ਡੰਡਾ

ਬਚਪਨ ਦੀ ਮਨਭਾਉਂਦੀ ਖੇਡ ਗੁੱਲੀ ਡੰਡਾ

ਜੈਕਬ ਮਸੀਹ ਤੇਜਾ

ਲਗਭਗ 25-30 ਸਾਲ ਪਹਿਲਾਂ ਵੱਲ ਝਾਤ ਮਾਰੀਏ ਤਾਂ ਛੋਟੀਆਂ-ਛੋਟੀਆਂ ਅਤੇ ਸਸਤੀਆਂ ਖੇਡਾਂ ਖੇਡੀਆਂ ਜਾਂਦੀਆਂ ਸਨ। ਜਨਿ੍ਹਾਂ ਨੂੰ ਅਸੀਂ ਲੋਕ ਖੇਡਾਂ ਆਖਦੇ ਸਾਂ, ਹੁਣ ਉਹ ਖੇਡਾਂ ਅਲੋਪ ਹੀ ਹੋ ਗਈਆਂ ਹਨ। ਇਨਸਾਨ ਦਾ ਖੇਡਾਂ ਨਾਲ ਡੂੰਘਾ ਸਬੰਧ ਹੈ। ਇਨਸਾਨ ਖੇਡਾਂ ਤੋਂ ਬਿਨਾ ਅਤੇ ਖੇਡਾਂ ਇਨਸਾਨ ਤੋਂ ਬਿਨਾ ਅਧੂਰੀਆਂ ਹਨ। ਛੋਟੇ ਬੱਚੇ ਦੇ ਹੱਥਾਂ ਪੈਰਾਂ ਨੂੰ ਹਿਲਾਉਣ ਤੋਂ ਹੀ ਖੇਡਾਂ ਸ਼ੁਰੂ ਹੋ ਜਾਂਦੀਆਂ ਹਨ। ਬਚਪਨ ਦੀ ਉਮਰ ਖੇਡਾਂ ਵਿੱਚ ਹੀ ਬੀਤਦੀ ਹੈ।

ਪੰਜਾਬ ਦੀਆਂ ਪੁਰਾਤਨ ਖੇਡਾਂ ਮੁੰਡੇ-ਕੁੜੀਆਂ ਦੀਆਂ ਬੇਸ਼ੱਕ ਵੱਖਰੀਆਂ-ਵੱਖਰੀਆਂ ਅਤੇ ਹਰ ਉਮਰ ਦੇ ਵਿਅਕਤੀ ਦੀਆਂ ਆਪਣੀਆਂ-ਆਪਣੀਆਂ ਹੁੰਦੀਆਂ ਸਨ। ਜਵਿੇਂ ਕਿ ਬਾਂਦਰ ਕਿੱਲਾ, ਭੰਡਾ ਭੰਡਾਰੀਆ, ਕੋਟਲਾ-ਛਪਾਕੀ, ਪਿੱਠੂ ਗਰਮ, ਪਰਚੀਆਂ, ਖਿੱਦੋ ਖੂੰਡੀ, ਛੂਣ-ਛੁਪਾਈ, ਬਲੋਰ (ਬਾਟੇ), ਲਾਟੂ, ਭੰਬੀਰੀਆਂ ਚਲਾਉਣਾ, ਅੱਕੜ-ਬੱਕੜ, ਗੀਟੇ, ਟਾਹਣਾ, ਕਿੱਕਲੀ, ਛਟਾਪੂ, ਅੱਡੀ ਟੱਪਾ, ਗੁਲੇਲ, ਕਬੱਡੀ, ਮੁਗਦਰ ਫੇਰਨੇ, ਮੂੰਗਲੀਆਂ ਫੇਰਨੀਆਂ, ਤਾਸ਼ ਖੇਡਣਾ, ਸ਼ਤਰੰਜ, ਚੌਪਟ ਅਤੇ ਗੁੱਲੀ-ਡੰਡਾ ਆਦਿ ਖੇਡ ਕੇ ਬੱਚੇ ਆਪਣਾ ਮਨੋਰੰਜਨ ਕਰਦੇ ਸਨ। ਇਨ੍ਹਾਂ ਨੂੰ ਖੇਡਣ ਲਈ ਕੋਈ ਜ਼ਿਆਦਾ ਸਾਮਾਨ ਦੀ ਜ਼ਰੂਰਤ ਨਹੀਂ ਹੁੰਦੀ ਸੀ। ਇੱਧਰੋਂ ਉੱਧਰੋਂ ਲੱਕੜਾਂ, ਗੀਟੇ, ਰੋੜੇ, ਸ਼ੀਸ਼ੇ ਫੜ ਕੇ ਖੇਡ ਲੈਂਦੇ ਸਨ। ਇਹ ਖੇਡਾਂ ਗਲੀਆਂ, ਹਵੇਲੀਆਂ, ਵਿਹੜੇ ਅਤੇ ਕਿਸੇ ਵੀ ਖੁੱਲ੍ਹੀ ਥਾਂ ’ਤੇ ਖੇਡੀਆਂ ਜਾਂਦੀਆਂ ਸਨ। ਇਨ੍ਹਾਂ ਖੇਡਾਂ ਵਿੱਚ ਸਮੇਂ ਦੀ ਕੋਈ ਹੱਦ ਨਹੀਂ ਸੀ ਹੁੰਦੀ। ਇਹ ਕਈ-ਕਈ ਘੰਟੇ ਚੱਲਦੀਆਂ ਰਹਿੰਦੀਆਂ ਸਨ ਜਨਿ੍ਹਾਂ ਨੂੰ ਥੱਕ ਹਾਰ ਕੇ ਖੇਡਣਾ ਬੰਦ ਕਰਨਾ ਪੈਂਦਾ ਸੀ। ਇਨ੍ਹਾਂ ਖੇਡਾਂ ਦਾ ਕੋਈ ਵੇਲਾ ਨਿਸ਼ਚਿਤ ਨਹੀਂ ਹੁੰਦਾ ਸੀ। ਬਸ ਜਦੋਂ ਦਿਲ ਚਾਹਿਆ ਸ਼ੁਰੂ ਕਰ ਦਿੰਦੇ ਸਨ। ਜਵਿੇਂ ਸ਼ਾਹ ਵੇਲੇ, ਦੁਪਹਿਰ ਵੇਲੇ, ਲੌਢੇ ਵੇਲੇ, ਤਿਰਕਾਲਾਂ ਵੇਲੇ ਅਤੇ ਚਾਨਣੀਆਂ ਰਾਤਾਂ ਵਿੱਚ ਜਦੋਂ ਵੀ ਮੁੰਡੇ ਕੁੜੀਆਂ ਨੂੰ ਵਿਹਲ ਮਿਲਦਾ ਸੀ, ਉਹ ਖੇਡਣਾ ਸ਼ੁਰੂ ਕਰ ਦਿੰਦੇ ਸਨ।

ਮੁੰਡੇ ਗੁੱਲੀ-ਡੰਡਾ ਖੇਡਣਾ ਬਹੁਤ ਜ਼ਿਆਦਾ ਪਸੰਦ ਕਰਦੇ ਸਨ। ਇਸ ਖੇਡ ਦੀ ਕੋਈ ਵੀ ਸਿਖਲਾਈ ਪ੍ਰਾਪਤ ਨਹੀਂ ਕਰਨੀ ਪੈਂਦੀ ਸੀ। ਇਹ ਇੱਕ ਅਜਿਹੀ ਖੇਡ ਸੀ ਜੋ ਹਰ ਵਰਗ ਦਾ ਵਿਅਕਤੀ ਖੇਡ ਸਕਦਾ ਸੀ, ਪਰ ਬੱਚੇ ਇਸ ਨੂੰ ਜ਼ਿਆਦਾ ਸ਼ੌਕ ਨਾਲ ਖੇਡਦੇ ਸਨ। ਪੰਜਾਬ ਦੇ ਕਈ ਪਿੰਡਾਂ ਵਿੱਚ ਅੱਜ ਵੀ ਬੱਚੇ ਗੁੱਲੀ ਡੰਡਾ ਖੇਡਦੇ ਹਨ। ਛੋਟੇ ਹੁੰਦੇ ਪਿੰਡ ਦੀ ਗਲੀ, ਘਰ ਦੇ ਖੁੱਲ੍ਹੇ ਵਿਹੜੇ ਜਾਂ ਖੁੱਲ੍ਹੇ ਮੈਦਾਨ ਵਿੱਚ ਬੱਚਿਆਂ ਦੀ ਮਨ ਪਸੰਦ ਪ੍ਰਸਿੱਧ ਰਵਾਇਤੀ ਖੇਡ ਗੁੱਲੀ-ਡੰਡੇ ਦੇ ਟੁੱਲ ਦੀ ਯਾਦ ਅੱਜ ਵੀ ਸਤਾਉਂਦੀ ਹੈ। ਗੁੱਲੀ-ਡੰਡਾ ਖੇਡ ਮਨ ਵਿੱਚ ਆਉਣ ’ਤੇ ਹੀ ਹਾਣੀ ਇਕੱਠੇ ਕਰਨੇ ਸ਼ੁਰੂ ਕਰ ਦਿੰਦੇ ਸਨ। ਸਾਰੇ ਸਾਥੀ ਬੱਚਿਆਂ ਨੂੰ ਇਕੱਠਾ ਕਰਨ ਲਈ ਇੱਕ ਵੱਖਰੀ ਤਰ੍ਹਾਂ ਦੀ ਆਵਾਜ਼ ਮਾਰਨ ਦਾ ਢੰਗ ਹੁੰਦਾ ਸੀ। ਕਿਸੇ ਉੱਚੀ ਜਗ੍ਹਾ ’ਤੇ ਖਲੋ ਕੇ ਇੱਕ ਜਾਣਾ ਸਾਰਿਆਂ ਨੂੰ ਖੇਡਣ ਲਈ ਆਵਾਜ਼ ਮਾਰਦਾ ਤੇ ਸਾਰੇ ਸਾਥੀ ਝੱਟ ਆਉਂਦੇ ਸਨ।

ਖੇਡ-ਖੇਡਣ ਤੋਂ ਪਹਿਲਾਂ ਸਾਰੇ ਹਾਣੀ ਦਰੱਖਤ ਦੀ ਤਿੰਨ-ਚਾਰ ਫੁੱਟ ਦੇ ਲਗਭਗ ਲੰਮੀ ਤੇ ਦੋ ਇੰਚ ਮੋਟੀ ਸਿੱਧੀ ਜਿਹੀ ਟਾਹਣੀ ਤੋੜ ਕੇ ਉਸ ਨੂੰ ਸਾਫ਼ ਕਰ ਲੈਂਦੇ, ਉਸ ਡੰਡੇ ਨਾਲੋਂ ਇੱਕ ਗਿੱਠ ਦੇ ਬਰਾਬਰ ਜਵਿੇਂ ਕਿ 7-8 ਇੰਚ ਲੰਮੀ ਗੁੱਲੀ ਵੱਢ ਕੇ ਦੋਵਾਂ ਸਿਰਿਆਂ ਨੂੰ (ਪਾਸਿਓਂ) ਦਾਤਰੀ ਜਾਂ ਦਾਤਰ ਦੀ ਸਹਾਇਤਾ ਨਾਲ ਜਾਂ ਫਿਰ ਤਰਖਾਣ ਦੇ ਕੋਲੋਂ ਤਿੱਖੀ (ਪਤਲੀ) ਘੜ ਕੇ ਲੈ ਆਉਂਦੇ ਸਨ। ਗੁੱਲੀ ਦੇ ਸਰੂਪ ਵਾਂਗ ਇੱਕ ਸੱਤ ਅੱਠ ਇੰਚ ਪੱਧਰੀ ਧਰਤੀ ’ਤੇ ਇੱਕ ਇੰਚ ਡੂੰਘੀ ਖਾਲ ਪੁੱਟਦੇ ਜੋ ਗੁੱਲੀ ਵਾਂਗ ਲੰਮੀ ਹੁੰਦੀ ਸੀ, ਜਿਸ ਨੂੰ ਰਾਬ ਆਖਦੇ ਸਨ। ਖੇਡ ਸ਼ੁਰੂ ਕਰਨ ਤੋਂ ਪਹਿਲਾਂ ਹਾਣੀ ਵੰਡ ਲਏ ਜਾਂਦੇ ਸਨ। ਇਸ ਖੇਡ ਵਿੱਚ ਖਿਡਾਰੀਆਂ ਦੀ ਕੋਈ ਵੀ ਗਿਣਤੀ ਨਹੀਂ ਹੁੰਦੀ ਸੀ।

ਦੋਵਾਂ ਟੋਲੀਆਂ ਦਾ ਇੱਕ-ਇੱਕ ਖਿਡਾਰੀ ਅੱਗੇ ਆ ਕੇ ਡੰਡੇ ਨੂੰ ਗੁੱਲੀ ਦੇ ਥੱਲੇ ਵਾਲੇ ਪਾਸੇ ਰੱਖ ਕੇ ਉੱਤੇ ਵੱਲ ਨੂੰ ਬਾਰ-ਬਾਰ ਬੜ੍ਹਕਾ-ਬੜ੍ਹਕਾ ਸੁੱਟਣਾ ਸ਼ੁਰੂ ਕਰ ਦਿੰਦੇ ਅਤੇ ਥੱਲੇ ਡਿੱਗਣ ਤੋਂ ਰੋਕਦੇ, ਜਿਸ ਨੂੰ ਬੁੱਚੀਆਂ ਪਾਉਣਾ ਆਖਦੇ ਸਨ। ਜਿਸ ਟੋਲੀ ਦੇ ਮੁੰਡੇ ਦੀਆਂ ਬੁੱਚੀਆਂ ਵੱਧ ਪੈਂਦੀਆਂ ਸਨ, ਪਹਿਲਾਂ ਉਨ੍ਹਾਂ ਦੀ ਵਾਰੀ ਆਉਂਦੀ ਸੀ, ਪਰ ਕਈ ਵਾਰ ਬੁੱਚੀਆਂ ਨਾ ਪਾਉਣੀਆਂ ਹੁੰਦੀਆਂ ਤਾਂ ਪੁੱਗ ਕੇ ਜਾਂ ਉੱਪਰ ਵੱਲ ਨੂੰ ਗੀਟੀ/ਠੀਕਰੀ ਜੋ ਇੱਕ ਪਾਸੇ ਤੋਂ ਗਿੱਲੀ ਕਰਕੇ ਸੁੱਟ ਕੇ ਆਪਣੀ ਮੀਟੀ ਲੈਂਦੇ ਸਨ।
ਗੁੱਲੀ ਨੂੰ ਰਾਬ ਉੱਤੇ ਰੱਖ ਕੇ ਦੋਵਾਂ ਹੱਥਾਂ ਨਾਲ ਡੰਡਾ ਫੜ ਗੁੱਲੀ ਨੂੰ ਅੱਗੇ ਵੱਲ ਨੂੰ ਵਗਾਹ ਕੇ ਮਾਰਦੇ ਸਨ। ਡੰਡੇ ਨਾਲ ਗੁੱਲੀ ਨੂੰ ਦੂਰ ਉੱਚੀ ਚੜ੍ਹਾਉਣ ਵਾਲਾ ਵਿਰੋਧੀ ਖਿਡਾਰੀ ਨੂੰ ਆਵਾਜ਼ ਦਿੰਦਾ ਸੀ ‘ਆਵੇ’। ਫਿਰ ਉਸ ਦੇ ਅੱਗੇ ਵਾਲਾ ਕਹਿੰਦਾ ਸੀ ‘ਆਉਣ ਦੇ’। ਜੇਕਰ ਸਾਹਮਣੇ ਵੱਲ ਖੜ੍ਹਾ ਮੁੰਡਾ ਗੁੱਲੀ ਨੂੰ ਬੋਚ ਲੈਂਦਾ ਤਾਂ ਰਾਬ ਉਸ ਦੀ ਹੋ ਜਾਂਦੀ ਸੀ। ਕ੍ਰਿਕਟ ਦੀ ਬਾਲ ਵਾਂਗ ਕੈਚ ਕਰਦਾ ਸੀ। ਜੇ ਗੁੱਲੀ ਨਾ ਬੋਚ ਹੁੰਦੀ ਤਾਂ ਖੇਡਣ ਵਾਲਾ ਖਿਡਾਰੀ ਆਪਣਾ ਡੰਡਾ ਰਾਬ ਦੇ ਆਰ-ਪਾਰ ਉੱਪਰ ਰੱਖ ਦਿੰਦਾ। ਵਿਰੋਧੀ ਖਿਡਾਰੀ ਗੁੱਲੀ ਨੂੰ ਡੰਡੇ ਵੱਲ ਨੂੰ ਰੇੜ੍ਹ ਕੇ ਸੁੱਟਦਾ ਸੀ। ਜੇਕਰ ਗੁੱਲੀ ਡੰਡੇ ਨਾਲ ਵੱਜ ਜਾਂਦੀ ਤਾਂ ਰਾਬ ਨਿਸ਼ਾਨਾ ਮਾਰਨ ਵਾਲੇ ਦੀ ਹੋ ਜਾਂਦੀ ਸੀ। ਨਾ ਵੱਜਣ ’ਤੇ ਰਾਬ ਉੱਤੇ ਖੜ੍ਹਾ ਮੁੰਡਾ ਪੂਰੇ ਜ਼ੋਰ ਨਾਲ ਗੁੱਲੀ ਦੇ ਨੋਕ ਵਾਲੇ ਹਿੱਸੇ ਉੱਤੇ ਡੰਡੇ ਨਾਲ ਸੱਟ ਮਾਰ ਕੇ ਹਵਾ ਵਿੱਚ ਬੁੜ੍ਹਕਦੇ ਸਾਰ ਹੀ ਗੁੱਲੀ ਨੂੰ ਫਿਰ ਜ਼ੋਰ ਨਾਲ ਡੰਡਾ ਮਾਰਦਾ ਸੀ ਤਾਂ ਗੁੱਲੀ ਬਹੁਤ ਦੂਰ ਜਾ ਕੇ ਡਿੱਗਦੀ ਅਤੇ ਕਈ ਵਾਰ ਨੇੜੇ ਡਿੱਗ ਪੈਂਦੀ ਸੀ। ਫਿਰ ਵੀ ਗੁੱਲੀ ਬੋਚਣ ਦਾ ਯਤਨ ਕੀਤਾ ਜਾਂਦਾ ਸੀ। ਇਸ ਨੂੰ ਅਸੀਂ ਟੁੱਲ ਲਾਉਣਾ ਵੀ ਆਖਦੇ ਸਾਂ। ਟੁੱਲ ਕਿਸੇ ਵੀ ਪਾਸੇ ਵੱਲ ਨੂੰ ਮਾਰ ਸਕਦੇ ਸਨ। ਖੇਡ ਰਹੇ ਖਿਡਾਰੀ ਕੋਲੋਂ ਜੇ ਤਿੰਨ ਟੁੱਲਾਂ ਵਿੱਚੋਂ ਕੋਈ ਵੀ ਨਾ ਵੱਜੇ ਤਾਂ ਖਿਡਾਰੀ ਮੁੜ ਡੰਡਾ ਰਾਬ ਉੱਪਰ ਰੱਖਦਾ ਸੀ। ਅੱਗੇ ਵਾਲਾ ਵਿਰੋਧੀ ਖਿਡਾਰੀ ਗੁੱਲੀ ਨੂੰ ਡੰਡੇ ਵੱਲ ਸੁੱਟਦਾ ਸੀ। ਜੇ ਗੁੱਲੀ ਡੰਡੇ ਨੂੰ ਵੱਜ ਜਾਵੇ ਤਾਂ ਮੀਟੀ ਲੈ ਰਹੇ ਖਿਡਾਰੀ ਦੀ ਵਾਰੀ ਚੱਲ ਜਾਂਦੀ ਸੀ। ਡੰਡੇ ਨਾਲ ਨਾ ਵੱਜਣ ’ਤੇ ਖੇਡ ਰਿਹਾ ਖਿਡਾਰੀ ਫਿਰ ਤੋਂ ਟੁੱਲ ਮਾਰ ਸਕਦਾ ਸੀ।

ਖੇਡ ਦੇ ਨਿਯਮਾਂ ਦੀ ਨਿਗਰਾਨੀ ਕਰਨ ਲਈ ਰੈਫਰੀ ਦੀ ਲੋੜ ਨਹੀਂ ਪੈਂਦੀ। ਇਸ ਖੇਡ ਵਿੱਚ ਖ਼ੁਦ ਹੀ ਦੋਵਾਂ ਟੋਲੀਆਂ ਦੇ ਖਿਡਾਰੀ ਹੀ ਖੇਡ ਵੱਲ ਪੂਰਾ ਧਿਆਨ ਰੱਖਦੇ ਸਨ। ਪਹਿਲੀ ਖੇਡ ਰਹੀ ਟੋਲੀ ਨੂੰ ਹਰਾਉਣ ਤੋਂ ਬਾਅਦ ਦੂਜੀ ਟੋਲੀ ਦੀ ਮੀਟੀ ਆਉਂਦੀ ਸੀ। ਦੂਜੀ ਟੋਲੀ ਦੇ ਖਿਡਾਰੀ ਵੀ ਆਪਣੀ ਵਾਰੀ ਉਸੇ ਤਰ੍ਹਾਂ ਲੈਂਦੇ ਸਨ। ਜਦੋਂ ਦੋਵੇਂ ਟੋਲੀਆਂ ਦੀਆਂ ਮਿੱਥੀਆਂ ਹੋਈਆਂ ਵਾਰੀਆਂ ਖ਼ਤਮ ਹੋ ਜਾਂਦੀਆਂ ਸਨ ਤਾਂ ਖੇਡ ਵੀ ਮੁੱਕ ਜਾਂਦੀ ਸੀ, ਪਰ ਜੇਕਰ ਵਾਰੀ ਮਿੱਥੇ ਬਿਨਾ ਖੇਡਿਆ ਜਾਂਦਾ ਤਾਂ ਫਿਰ ਜਿੰਨਾ ਮਰਜ਼ੀ ਖੇਡ ਸਕਦੇ ਸਨ। ਗੁੱਲੀ ਡੰਡੇ ਵਿੱਚ ਜਿੱਤਣ ਹਾਰਨ ਦਾ ਵੱਖਰਾ ਢੰਗ ਹੁੰਦਾ ਸੀ। ਜਿਹੜੀ ਟੋਲੀ ਜ਼ਿਆਦਾ ਦੇਰ ਤੱਕ ਖੇਡਦੀ ਰਹਿੰਦੀ, ਉਹ ਜੇਤੂ ਮੰਨੀ ਜਾਂਦੀ ਸੀ। ਕਈ ਵਾਰ ਖੇਡਦੇ ਸਮੇਂ ਛੋਟੀਆਂ-ਛੋਟੀਆਂ ਗੱਲਾਂ ਤੋਂ ਖਿਡਾਰੀਆਂ ਵਿੱਚ ਲੜਾਈ-ਝਗੜਾ ਵੀ ਹੋ ਜਾਂਦਾ ਸੀ। ਗੁੱਲੀ ਵੱਜਣ ਨਾਲ ਮੂੰਹ-ਮੱਥਾ ਵੀ ਪਾਟ ਜਾਂਦਾ ਸੀ।

ਕਿਸੇ ਸਮੇਂ ਪੰਜਾਬ ਦੀ ਹਰਮਨਪਿਆਰੀ ਖੇਡ ਰਹੀ ਗੁੱਲੀ ਡੰਡਾ ਅੱਜ ਅਲੋਪ ਹੋ ਗਈ ਹੈ। ਹੁਣ ਸਿਰਫ਼ ਗੁੱਲੀ ਤੇ ਡੰਡਾ ਅਜਾਇਬ ਘਰਾਂ ਦਾ ਸ਼ਿੰਗਾਰ ਬਣ ਕੇ ਹੀ ਰਹਿ ਗਿਆ ਹੈ। ਅੱਜ ਦੇ ਭੱਜੋ-ਭਜਾਈ ਦੇ ਸਮੇਂ ਵਿੱਚ ਇਨਸਾਨ ਮਸ਼ੀਨ ਬਣ ਕੇ ਹੀ ਰਹਿ ਗਿਆ ਹੈ। ਸਵੇਰੇ ਚਾਬੀ ਦੇ ਕੇ ਛੱਡਿਆ ਜਾਂਦਾ ਹੈ, ਸ਼ਾਮ ਨੂੰ ਘਰ ਮੁੜਦਾ ਹੈ। ਪੈਸੇ ਦੀ ਦੌੜ ਵਿੱਚ ਮਨੋਰੰਜਨ ਹੀ ਭੁੱਲ ਬੈਠਾ ਹੈ। ਇਸ ਦੇ ਨਾਲ ਹੀ ਪਰਿਵਾਰ ਦੇ ਬਾਕੀ ਮੈਂਬਰ ਵੀ ਉਸੇ ਤਰ੍ਹਾਂ ਦੇ ਹੀ ਹੋ ਜਾਂਦੇ ਹਨ। ਖ਼ਾਸ ਕਰਕੇ ਬੱਚੇ ਤਾਂ ਖੇਡਣਾ ਛੱਡ ਕੇ ਮੋਬਾਈਲ, ਕੰਪਿਊਟਰ ਦੇ ਨਾਲ ਹੀ ਜੁੜ ਗਏ ਹਨ। ਉਸੇ ਨੂੰ ਹੀ ਆਪਣਾ ਜੀਵਨ ਸਮਝ ਕੇ ਆਪਣੀ ਮਾਨਸਿਕਤਾ ਉੱਤੇ ਬੋਝ ਬਣਾ ਬੈਠੇ ਹਨ। ਗੁਰਦਾਸਪੁਰ ਦੀ ਇੱਕ ਸੱਭਿਆਚਾਰਕ ਸੰਸਥਾ ਲੋਕ ਸੱਭਿਆਚਾਰਕ ਪਿੜ ਵੱਲੋਂ ਭੰਗੜਾ ਸਿਖਲਾਈ ਕੈਂਪ ਦੌਰਾਨ ਪਹਿਲਕਦਮੀ ਕਰਦੇ ਹੋਏ ਭੰਗੜਾ ਸਿਖਿਆਰਥੀਆਂ ਨੂੰ ਗੁੱਲੀ-ਡੰਡੇ ਦੀ ਵੀ ਸਿਖਲਾਈ ਵੀ ਦਿੱਤੀ ਜਾਂਦੀ ਹੈ।