ਬਠਿੰਡਾ ’ਚ ਲੋਕਾਂ ਦੀ ਰਾਇ ਤੋਂ ਬਿਨਾ ਬੱਸ ਅੱਡਾ ਨਹੀਂ ਬਣਾਵਾਂਗੇ: ਭਗਵੰਤ ਮਾਨ

ਬਠਿੰਡਾ ’ਚ ਲੋਕਾਂ ਦੀ ਰਾਇ ਤੋਂ ਬਿਨਾ ਬੱਸ ਅੱਡਾ ਨਹੀਂ ਬਣਾਵਾਂਗੇ: ਭਗਵੰਤ ਮਾਨ

ਬਠਿੰਡਾ- ਬਠਿੰਡਾ ਦੇ ਬੱਸ ਸਟੈਂਡ ਨੂੰ ਅੱਜ ਮੁੱਖ ਮੰਤਰੀ ਭਗਵੰਤ ਮਾਨ ਦੀ ਆਮਦ ਨੇ ਇੱਕ ਵਾਰ ‘ਬਰੇਕਾਂ’ ਲਾ ਦਿੱਤੀਆਂ ਹਨ। ਉਨ੍ਹਾਂ ‘ਆਪ’ ਆਗੂਆਂ ਤੇ ਪ੍ਰਸ਼ਾਸਨਿਕ ਅਧਿਕਾਰੀਆਂ ਨੂੰ ਨਵੇਂ ਬੱਸ ਸਟੈਂਡ ਦੀ ਜਗ੍ਹਾ ਬਾਰੇ ਆਮ ਜਨਤਾ ਤੋਂ ‘ਰਾਏ’ ਲੈਣ ਦੇ ਆਦੇਸ਼ ਦਿੱਤੇ ਹਨ। ਮੁੱਖ ਮੰਤਰੀ ਦੇ ਪ੍ਰਸਤਾਵਿਤ ਦੌਰੇ ਲਈ ਭਾਵੇਂ ਜ਼ਿਲ੍ਹਾ ਪ੍ਰਸ਼ਾਸਨ ਕਈ ਦਿਨਾਂ ਤੋਂ ਪੱਬਾਂ ਭਾਰ ਸੀ ਪਰ ਇਸ ਨੂੰ ਪੂਰੀ ਤਰ੍ਹਾਂ ਗੁਪਤ ਰੱਖਣ ਦੀ ਕੋਸ਼ਿਸ਼ ਕੀਤੀ ਗਈ। ਮੁੱਖ ਮੰਤਰੀ ਦੇ ਇਸ ਦੌਰੇ ਨੇ ਸ਼ਹਿਰ ਦੇ ਭੂ-ਮਾਫ਼ੀਆ ਨੂੰ ਇਕ ਵਾਰ ਸ਼ਸ਼ੋਪੰਜ ’ਚ ਪਾ ਦਿੱਤਾ ਹੈ। ਸੂਤਰਾਂ ਅਨੁਸਾਰ ਮੁੱਖ ਮੰਤਰੀ ਨੇ ਬੰਦ ਹੋਏ ਬਠਿੰਡਾ ਥਰਮਲ ਪਲਾਂਟ ਦੀ ਜਗ੍ਹਾ ਦਾ ਦੌਰਾ ਕੀਤਾ। ਉਨ੍ਹਾਂ ਮਲੋਟ ਰੋਡ ’ਤੇ ਉਸ ਜਗ੍ਹਾ ਦਾ ਵੀ ਜਾਇਜ਼ਾ ਲਿਆ ਜਿੱਥੇ ਬੱਸ ਸਟੈਂਡ ਬਣਾਏ ਜਾਣ ਦੀ ਚਰਚਾ ਚੱਲ ਰਹੀ ਸੀ। ਜ਼ਿਕਰਯੋਗ ਹੈ ਕਿ ਚਰਚਾ ਦੌਰਾਨ ਇਸ ਜਗ੍ਹਾ ਦੇ ਨੇੜੇ-ਤੇੜੇ ਭੂ-ਮਾਫ਼ੀਆ ਵੱਲੋਂ ਜ਼ਮੀਨ ਦੀ ਖ਼ਰੀਦ ਦਾ ਸਿਲਸਿਲਾ ਲਗਾਤਾਰ ਜਾਰੀ ਹੈ। ਇਸ ਮੌਕੇ ਮੁੱਖ ਮੰਤਰੀ ਦੇ ਨਾਲ ਰਹੇ ਇੰਪਰੂਵਮੈਂਟ ਟਰੱਸਟ ਦੇ ਚੇਅਰਮੈਨ ਜਤਿੰਦਰ ਸਿੰਘ ਭੱਲਾ ਨੇ ਆਖਿਆ ਕਿ ਮੁੱਖ ਮੰਤਰੀ ਵੱਲੋਂ ਇਲਾਕੇ ਦੇ ‘ਆਪ’ ਆਗੂਆਂ ਅਤੇ ਪ੍ਰਸ਼ਾਸਨਿਕ ਅਧਿਕਾਰੀਆਂ ਨੂੰ ਨਿਰਦੇਸ਼ ਦਿੱਤੇ ਕਿ ਉਹ ਨਵੇਂ ਬੱਸ ਸਟੈਂਡ ਲਈ ਜਗ੍ਹਾ ਵਾਸਤੇ ‘ਲੋਕ-ਰਾਇ’ ਜਾਨਣ। ਇਸ ਸਬੰਧ ’ਚ ਸ਼ਹਿਰੀਆਂ ਅਤੇ ਆਮ ਲੋਕਾਂ ਨਾਲ ਗੱਲ ਕੀਤੀ ਜਾਵੇ। ਗੌਰਤਲਬ ਹੈ ਕਿ ਮੌਜੂਦਾ ਬੱਸ ਸਟੈਂਡ ਨੂੰ ਬਦਲਣ ਲਈ ਅਕਾਲੀ-ਭਾਜਪਾ ਸਰਕਾਰ ਸਮੇਂ ਭੁੱਚੋ ਰੋਡ ’ਤੇ ਨਿਸ਼ਾਨਦੇਹੀ ਕੀਤੀ ਗਈ ਸੀ ਪਰ ਲੋਕਾਂ ਵੱਲੋਂ ਵਿਆਪਕ ਵਿਰੋਧ ਹੋਣ ’ਤੇ ਸਮੇਂ ਦੀ ਹਕੂਮਤ ਨੂੰ ਇਹ ਫੈਸਲਾ ਵਾਪਸ ਲੈਣ ਲਈ ਮਜਬੂਰ ਹੋਣਾ ਪਿਆ ਸੀ। ਹੁਣ ਵੀ ਮੌਜੂਦਾ ਬੱਸ ਅੱਡੇ ਨੇੜਲੇ ਦੁਕਾਨਦਾਰਾਂ ਅਤੇ ਸ਼ਹਿਰੀਆਂ ਦਾ ਇਕ ਹਿੱਸਾ ਬੱਸ ਸਟੈਂਡ ਨੂੰ ਪਹਿਲੀ ਜਗ੍ਹਾ ’ਤੇ ਰੱਖਣ ਦੇ ਹੱਕ ’ਚ ਹੈ। ਕਈਆਂ ਦਾ ਤਰਕ ਹੈ ਕਿ ਜੇਕਰ ਬੱਸ ਸਟੈਂਡ ਦੇ ਅੱਗੇ ਪੁਲ ਬਣਾ ਦਿੱਤਾ ਜਾਵੇ ਤਾਂ ਆਵਾਜਾਈ ਦੀ ਸਮੱਸਿਆ ਕਿਸੇ ਹੱਦ ਤੱਕ ਠੀਕ ਹੋ ਸਕਦੀ ਹੈ। ਸ਼ਹਿਰ ਵਾਸੀਆਂ ਦਾ ਇਕ ਹਿੱਸਾ ਬੱਸ ਅੱਡੇ ਨੂੰ ਸ਼ਹਿਰ ਤੋਂ ਬਾਹਰ ਕੱਢਣ ਦੇ ਪੱਖ ਵਿਚ ਹੈ। ਦੂਜੇ ਪਾਸੇ ਸਰਕਾਰ ਦੇ ਸੂਤਰਾਂ ਨੇ ਵੀ ਅਜਿਹੀ ਹੀ ਪੁਸ਼ਟੀ ਕਰਦਿਆਂ ਦੱਸਿਆ ਕਿ ਮੁੱਖ ਮੰਤਰੀ ਭਗਵੰਤ ਮਾਨ ਨੇ ਅੱਜ ਇੱਥੇ ਥਰਮਲ ਜ਼ਮੀਨ ਦੀ ਢੁੱਕਵੀਂ ਵਰਤੋਂ ਦੇ ਮੱਦੇਨਜ਼ਰ ਦੌਰਾ ਕੀਤਾ।

ਇਸ ਮੌਕੇ ਉਨ੍ਹਾਂ ਨੂੰ ਇਨਵੈਸਟ ਪੰਜਾਬ, ਹਾਊਸਿੰਗ ਐਂਡ ਅਰਬਨ ਡਵਿੈਲਪਮੈਂਟ, ਪੀਐੱਸਪੀਸੀਐੱਲ ਅਤੇ ਜ਼ਿਲ੍ਹਾ ਪ੍ਰਸ਼ਾਸਨ ਤੋਂ ਵੱਖ-ਵੱਖ ਪ੍ਰਸਤਾਵ ਪ੍ਰਾਪਤ ਹੋਏ। ਇਸ ਦੌਰਾਨ ਮੁੱਖ ਮੰਤਰੀ ਨੇ ਇੱਛਾ ਪ੍ਰਗਟਾਈ ਕਿ ਥਰਮਲ ਜ਼ਮੀਨ ਦੀ ਢੁੱਕਵੀਂ ਵਰਤੋਂ ਦਾ ਫੈਸਲਾ ਕਰਨ ਲਈ ਸਾਰੇ ਹਿੱਸੇਦਾਰਾਂ ਨੂੰ ਨਾਲ ਲੈ ਕੇ ਜਨਤਕ ਸਲਾਹ-ਮਸ਼ਵਰੇ ਅਤੇ ਵਿਚਾਰ-ਵਟਾਂਦਰੇ ਕੀਤੇ ਜਾਣ। ਮੁੱਖ ਮੰਤਰੀ ਨੇ ਕਿਹਾ ਕਿ ਥਰਮਲ ਦੀ ਜ਼ਮੀਨ ’ਤੇ ਲੱਗਣ ਵਾਲੇ ਪ੍ਰਾਜੈਕਟ ਲੋਕ ਦੀ ਰਾਇ ’ਤੇ ਨਿਰਭਰ ਕਰਨਗੇ। ਉਨ੍ਹਾਂ ਕਿਹਾ ਬਠਿੰਡਾ ਗੁਰੂ ਨਾਨਕ ਦੇਵ ਥਰਮਲ ਦੀਆਂ ਚਿਮਨੀਆਂ ਨੂੰ ਵਿਰਾਸਤ ਵਜੋਂ ਸਾਂਭਿਆ ਜਾਵੇਗਾ। ਹਲਕਾ ਬਠਿੰਡਾ (ਸ਼ਹਿਰੀ) ਤੋਂ ਵਿਧਾਇਕ ਜਗਰੂਪ ਸਿੰਘ ਗਿੱਲ ਨੇ ਦੱਸਿਆ ਕਿ ਉਨ੍ਹਾਂ ਪਰਸ ਰਾਮ ਨਗਰ ’ਚ ਸੀਵਰੇਜ ਤੇ ਬਰਸਾਤੀ ਪਾਣੀ ਦੀ ਨਿਕਾਸੀ ਦੇ ਮਸਲੇ ਸਮੇਤ ਕਈ ਹੋਰ ਸਮੱਸਿਆਵਾਂ ਮੁੱਖ ਮੰਤਰੀ ਨਾਲ ਸਾਂਝੀਆਂ ਕੀਤੀਆਂ ਹਨ।