ਸਰਵੇ ਨਹੀਂ ਹੋਣ ਦਿਆਂਗੇ ਭਾਵੇਂ ਕੇਂਦਰ ਫੌਜ ਲਾ ਦੇਵੇ: ਸੁਖਬੀਰ

ਸਰਵੇ ਨਹੀਂ ਹੋਣ ਦਿਆਂਗੇ ਭਾਵੇਂ ਕੇਂਦਰ ਫੌਜ ਲਾ ਦੇਵੇ: ਸੁਖਬੀਰ

ਪਟਿਆਲਾ- ਬੇਅਦਬੀ ਮਾਮਲੇ ਵਿੱਚ ਹਾਸ਼ੀਏ ’ਤੇ ਪੁੱਜੇ ਸ਼੍ਰੋਮਣੀ ਅਕਾਲੀ ਦਲ ਨੇ ਪੰਜਾਬ ਦੀ ਸਿਆਸਤ ’ਚ ਮੁੜ ਪੈਰ ਜਮਾਉਣ ਲਈ ਐੱਸਵਾਈਐੱਲ ਦਾ ਮੁੱਦਾ ਉਭਾਰਨਾ ਸ਼ੁਰੂ ਕਰ ਦਿੱਤਾ ਹੈ। ਇਸੇ ਕੜੀ ਵਜੋਂ ਸ਼੍ਰੋਮਣੀ ਅਕਾਲੀ ਦਲ ਨੇ ਅੱਜ ਇਸ ਨਹਿਰ ਦੇ ਨੀਂਹ ਪੱਥਰ ਵਾਲੇ ਪਿੰਡ ਕਪੂਰੀ ਨੇੜੇ ਐੱਸਵਾਈਐੱਲ ਕੰਢੇ ਰੈਲੀ ਕੀਤੀ।

ਰੈਲੀ ਦੌਰਾਨ ਭਾਜਪਾ ਪ੍ਰਤੀ ਭਾਵੇਂ ਸੁਰ ਨਰਮ ਰਹੀ ਪਰ ਅਕਾਲੀ ਆਗੂਆਂ ਨੇ ਕਾਂਗਰਸ ਨੂੰ ਖੂਬ ਭੰਡਿਆ ਅਤੇ ‘ਆਪ’ ’ਤੇ ਵੀ ਨਿਸ਼ਾਨੇ ਸੇਧੇ। ਪਾਰਟੀ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੇ 10 ਅਕਤੂਬਰ ਨੂੰ ਮੁੱਖ ਮੰਤਰੀ ਭਗਵੰਤ ਮਾਨ ਦੀ ਚੰਡੀਗੜ੍ਹ ਸਥਿਤ ਰਿਹਾਇਸ਼ ਘੇਰਨ ਦਾ ਐਲਾਨ ਕੀਤਾ ਹੈ। ਉਨ੍ਹਾਂ ਕਿਹਾ ਕਿ ਭਾਵੇਂ ਸੁਪਰੀਮ ਕੋਰਟ ਦਾ ਹੁਕਮ ਹੋਵੇ ਜਾਂ ਕੇਂਦਰ ਸਰਕਾਰ ਫੌਜ ਤਾਇਨਾਤ ਕਰ ਦੇਵੇ ਪਰ ਐੱਸਵਾਈਐੱਲ ਲਈ ਸਰਵੇ ਕਰਨ ਆਉਣ ਵਾਲੀਆਂ ਟੀਮਾਂ ਨੂੰ ਅਕਾਲੀ ਵਰਕਰ ਇੱਥੇ ਫਟਕਣ ਨਹੀਂ ਦੇਣੇਗੇ।

ਜਾਣਕਾਰੀ ਅਨੁਸਾਰ ਸ਼੍ਰੋਮਣੀ ਅਕਾਲੀ ਦਲ ਵੱਲੋਂ ਰੈਲੀ ਦਾ ਪ੍ਰੋਗਰਾਮ ਗੁਪਤ ਰੱਖਿਆ ਗਿਆ। ਕੱਲ੍ਹ ਰਾਤ ਤੱਕ ਕਿਸੇ ਨੂੰ ਰੈਲੀ ਬਾਰੇ ਕੋਈ ਖਬਰ ਨਹੀਂ ਸੀ। ਇਹ ਖੇਤਰ ਘਨੌਰ ਹਲਕੇ ’ਚ ਪੈਂਦਾ ਹੈ ਤੇ ਹੁਣ ਤੱਕ ਘਨੌਰ ਦੇ ਹਲਕਾ ਇੰਚਾਰਜ ਰਹੇ ਪ੍ਰੇਮ ਸਿੰਘ ਚੰਦੂਮਾਜਰਾ ਵੀ ਮੁੰਬਈ ਤੋਂ ਸਿੱਧੇ ਰੈਲੀ ’ਚ ਹੀ ਪੁੱਜੇ। ਇਸ ਰੈਲੀ ਦਾ ਰਾਤੋ-ਰਾਤ ਪ੍ਰਬੰਧ ਕੀਤਾ ਗਿਆ। ਇਸ ਮੌਕੇ ਪ੍ਰੇਮ ਸਿੰਘ ਚੰਦੂਮਾਜਰਾ, ਡਾ. ਦਲਜੀਤ ਸਿੰਘ ਚੀਮਾ, ਗੁਰਪ੍ਰੀਤ ਸਿੰਘ ਰਾਜੂ ਖੰਨਾ, ਸਰਬਜੀਤ ਸਿੰਘ ਝਿੰਜਰ, ਹਰਿੰਦਰਪਾਲ ਸਿੰਘ ਚੰਦੂਮਾਜਰਾ ਤੇ ਜਸਮੇਰ ਲਾਛੜੂ ਆਦਿ ਨੇ ਸੰਬੋਧਨ ਕੀਤਾ। ਬੁਲਾਰਿਆਂ ਦਾ ਕਹਿਣਾ ਸੀ ਕਿ ਜਵਿੇਂ ਪਹਿਲਾਂ ਕਾਂਗਰਸ ਦੀ ਸੂਬਾਈ ਲੀਡਰਸ਼ਿਪ ਨੇ ਆਪਣੀ ਹਾਈਕਮਾਨ ਨੂੰ ਖੁਸ਼ ਕਰਨ ਲਈ ਐੱਸਵਾਈਐੱਲ ਦਾ ਨਿਰਮਾਣ ਯਕੀਨੀ ਬਣਾਇਆ, ਉਸੇ ਤਰ੍ਹਾਂ ਹੁਣ ਕੇਜਰੀਵਾਲ ਨੂੰ ਖੁਸ਼ ਕਰਨ ਲਈ ਭਗਵੰਤ ਮਾਨ ਵੀ ‘ਤੋਤਾ’ ਬਣੇ ਹੋਏ ਹਨ। ਇਸੇ ਕਰਕੇ ਐੱਸਵਾਈਐੱਲ ਦੇ ਮੁੱਦੇ ’ਤੇ ਅੱਜ ਇੱਥੋਂ ਕੀਤੀ ਗਈ ਸ਼ੁਰੂਆਤ ਦੇ ਅਗਲੇ ਪੜਾਅ ਵਜੋਂ 10 ਅਕਤੂਬਰ ਨੂੰ ਮੁੱਖ ਮੰਤਰੀ ਦੀ ਰਿਹਾਇਸ਼ ਘੇਰੀ ਜਾਵੇਗੀ। ਸੁਖਬੀਰ ਬਾਦਲ ਨੇ ਕਿਹਾ ਕਿ ਪਾਣੀ ਦੀ ਬੂੰਦ ਵੀ ਬਾਹਰ ਨਹੀਂ ਜਾਣ ਦਿੱਤੀ ਜਾਵੇਗੀ। ਉਨ੍ਹਾਂ ਕਿਹਾ ਕਿ ਜਵਿੇਂ ਉਹ ਕਾਂਗਰਸ ਨਾਲ ਲੜਦੇ ਆਏ ਹਨ, ਉਸੇ ਤਰ੍ਹਾਂ ਨਹਿਰ ਦੇ ਮਾਮਲੇ ’ਤੇ ‘ਆਪ’ ਦੇ ਮਨਸੂਬੇ ਵੀ ਖੁੰਢੇ ਕਰ ਦੇਣਗੇ। ਪਾਰਟੀ ਪ੍ਰਧਾਨ ਨੇ ਪੰਜਾਬੀਆਂ ਨੂੰ ਅਪੀਲ ਕੀਤੀ ਕਿ ਉਹ ਕਿਸੇ ਤਰ੍ਹਾਂ ਦਾ ਸਰਵੇਖਣ ਕੇਂਦਰੀ ਟੀਮਾਂ ਨੂੰ ਨਾ ਕਰਨ ਦੇਣ। ਉਨ੍ਹਾਂ ਕਿਹਾ ਕਿ ਆਗਾਮੀ ਚੋਣਾਂ ’ਚ ਲਾਹੇ ਵਾਸਤੇ ਕੇਜਰੀਵਾਲ ਹਰਿਆਣਾ ਤੇ ਰਾਜਸਥਾਨ ਨੂੰ ਪਾਣੀ ਦੀ ਸਪਲਾਈ ਯਕੀਨੀ ਬਣਾਉਣਾ ਲੋਚਦੇ ਹਨ। ਇਸ ਮੌਕੇ ਪ੍ਰੇਮ ਸਿੰਘ ਚੰਦੂਮਾਜਰਾ ਨੇ ਨਹਿਰ ਲਈ ਟੱਕ ਰੱਖਣ ਮਗਰੋਂ ਹੋਈ ਸੰਘਰਸ਼ ਦੀ ਗਾਥਾ ਸੁਣਾਈ। ਯੂਥ ਪ੍ਰਧਾਨ ਸਰਬਜੀਤ ਝਿੰਜਰ ਨੇ ਪੰਜਾਬ ਤੇ ਪਾਣੀਆਂ ਖਾਤਰ ਨੌਜਵਾਨਾਂ ਵੱਲੋਂ ਖੂਨ ਵਹਾਉਣ ਦੀ ਗੱਲ ਆਖੀ।