ਸੂਨਕ ਤੇ ਟਰੂਡੋ ਵੱਲੋਂ ਭਾਰਤ-ਕੈਨੇਡਾ ਤਣਾਅ ਘਟਾਉਣ ’ਤੇ ਜ਼ੋਰ

ਸੂਨਕ ਤੇ ਟਰੂਡੋ ਵੱਲੋਂ ਭਾਰਤ-ਕੈਨੇਡਾ ਤਣਾਅ ਘਟਾਉਣ ’ਤੇ ਜ਼ੋਰ

ਲੰਡਨ- ਬਰਤਾਨੀਆ ਦੇ ਪ੍ਰਧਾਨ ਮੰਤਰੀ ਰਿਸ਼ੀ ਸੂਨਕ ਅਤੇ ਕੈਨੇਡਾ ਦੇ ਪ੍ਰਧਾਨ ਮੰਤਰੀ ਜਸਟਨਿ ਟਰੂਡੋ ਨੇ ਨਵੀਂ ਦਿੱਲੀ ਅਤੇ ਓਟਵਾ ਵਿਚਕਾਰ ਤਣਾਅ ਘਟਾਉਣ ਤੇ ਕਾਨੂੰਨ ਦੇ ਰਾਜ ਦਾ ਸਨਮਾਨ ਕਰਨ ’ਤੇ ਜ਼ੋਰ ਦਿੱਤਾ ਹੈ। ਡਾਊਨਿੰਗ ਸਟਰੀਟ ਨੇ ਇਕ ਬਿਆਨ ’ਚ ਕਿਹਾ ਕਿ ਸੂਨਕ ਨੇ ਸ਼ੁੱਕਰਵਾਰ ਸ਼ਾਮ ਟਰੂਡੋ ਨਾਲ ਫੋਨ ’ਤੇ ਗੱਲਬਾਤ ਕੀਤੀ ਅਤੇ ਇਸ ਦੌਰਾਨ ਉਨ੍ਹਾਂ ਨੂੰ ਭਾਰਤ ’ਚ ਕੈਨੇਡਾ ਦੇ ਡਿਪਲੋਮੈਟਾਂ ਨਾਲ ਸਬੰਧਤ ਸਥਿਤੀ ਬਾਰੇ ਜਾਣਕਾਰੀ ਦਿੱਤੀ ਗਈ। ਦੋਵੇਂ ਆਗੂ ਇਕ-ਦੂਜੇ ਦੇ ਸੰਪਰਕ ’ਚ ਬਣੇ ਰਹਿਣ ਲਈ ਵੀ ਸਹਿਮਤ ਹੋਏ। ਖਾਲਿਸਤਾਨ ਪੱਖੀ ਹਰਦੀਪ ਸਿੰਘ ਨਿੱਝਰ ਦੀ ਹੱਤਿਆ ’ਚ ਭਾਰਤ ਸਰਕਾਰ ਦੇ ਏਜੰਟਾਂ ਦੀ ਸ਼ਮੂਲੀਅਤ ਦੇ ਕੈਨੇਡਾ ਵੱਲੋਂ ਲਾਏ ਗਏ ਦੋਸ਼ਾਂ ਮਗਰੋਂ ਸੂਨਕ ਨੇ ਕਾਨੂੰਨ ਦੇ ਸ਼ਾਸਨ ਪ੍ਰਤੀ ਬਰਤਾਨੀਆ ਦੇ ਰੁਖ਼ ਨੂੰ ਦੁਹਰਾਇਆ ਹੈ। ਬਿਆਨ ’ਚ ਕਿਹਾ ਗਿਆ,‘‘ਪ੍ਰਧਾਨ ਮੰਤਰੀ ਟਰੂਡੋ ਨੇ ਭਾਰਤ ’ਚ ਕੈਨੇਡਾ ਦੇ ਡਿਪਲੋਮੈਟਾਂ ਨਾਲ ਸਬੰਧਤ ਹਾਲਾਤ ਬਾਰੇ ਤਾਜ਼ਾ ਜਾਣਕਾਰੀ ਦਿੱਤੀ।’’ ਇਸ ’ਚ ਕਿਹਾ ਗਿਆ ਕਿ ਪ੍ਰਧਾਨ ਮੰਤਰੀ (ਸੂਨਕ) ਨੇ ਬਰਤਾਨੀਆ ਦੇ ਉਸ ਰੁਖ਼ ਨੂੰ ਦੁਹਰਾਇਆ ਕਿ ਸਾਰੇ ਮੁਲਕਾਂ ਨੂੰ ਡਿਪਲੋਮੈਟਿਕ ਸਬੰਧਾਂ ਦੇ ਮਾਮਲੇ ’ਚ ਵਿਆਨਾ ਸੰਧੀ ਦੇ ਸਿਧਾਂਤਾਂ ਸਮੇਤ ਪ੍ਰਭੂਸੱਤਾ ਅਤੇ ਕਾਨੂੰਨ ਦੇ ਸ਼ਾਸਨ ਦਾ ਸਨਮਾਨ ਕਰਨਾ ਚਾਹੀਦਾ ਹੈ। ਉਨ੍ਹਾਂ ਹਾਲਾਤ ਬਿਹਤਰ ਹੋਣ ਦੀ ਉਮੀਦ ਜਤਾਈ ਹੈ।