ਸਿੱਕਿਮ: ਹੜ੍ਹ ਕਾਰਨ 8 ਸੈਨਿਕਾਂ ਸਣੇ ਮੌਤਾਂ ਦੀ ਗਿਣਤੀ 30 ਹੋਈ

ਸਿੱਕਿਮ: ਹੜ੍ਹ ਕਾਰਨ 8 ਸੈਨਿਕਾਂ ਸਣੇ ਮੌਤਾਂ ਦੀ ਗਿਣਤੀ 30 ਹੋਈ

ਗੰਗਟੋਕ/ਜਲਪਾਈਗੁੜੀ- ਸਿੱਕਿਮ ’ਚ ਬੱਦਲ ਫਟਣ ਮਗਰੋਂ ਤੀਸਤਾ ਨਦੀ ’ਚ ਅਚਾਨਕ ਆਏ ਹੜ੍ਹ ਕਾਰਨ ਮਰਨ ਵਾਲਿਆਂ ਦੀ ਗਿਣਤੀ ਅੱਜ ਵੱਧ ਕੇ 30 ਹੋ ਗਈ ਹੈ। ਇਸ ਦੌਰਾਨ ਲਾਪਤਾ 141 ਵਿਅਕਤੀਆਂ ’ਚੋਂ 62 ਵਿਅਕਤੀ ਸਹੀ ਸਲਾਮਤ ਮਿਲੇ ਹਨ ਜਿਸ ਨਾਲ ਲਾਪਤਾ ਵਿਅਕਤੀਆਂ ਦੀ ਗਿਣਤੀ ਘੱਟ ਕੇ 81 ਰਹਿ ਗਈ ਹੈ। ਇਸੇ ਦੌਰਾਨ ਕੇਂਦਰੀ ਮੰਤਰੀ ਅਜੈ ਕੁਮਾਰ ਮਿਸ਼ਰਾ ਨੇ ਦੱਸਿਆ ਕਿ ਹੜ੍ਹਾਂ ਕਾਰਨ ਹੋਏ ਨੁਕਸਾਨ ਦਾ ਜਾਇਜ਼ਾ ਲੈਣ ਲਈ ਕੇਂਦਰੀ ਟੀਮ ਭਲਕ ਤੋਂ ਦੌਰੇ ਲਈ ਇੱਥੇ ਪਹੁੰਚੇਗੀ। ਉੱਧਰ ਰੱਖਿਆ ਮੰਤਰੀ ਰਾਜਨਾਥ ਸਿੰਘ ਨੇ ਇੱਥੇ ਹੜ੍ਹਾਂ ਕਾਰਨ ਅੱਠ ਸੈਨਿਕਾਂ ਦੀ ਮੌਤ ਹੋਣ ’ਤੇ ਦੁੱਖ ਦਾ ਪ੍ਰਗਟਾਵਾ ਕੀਤਾ ਹੈ। ਭੂ ਮਾਲ ਤੇ ਆਫ਼ਤ ਪ੍ਰਬੰਧਨ ਵਿਭਾਗ ਦੇ ਸਕੱਤਰ ਤੇ ਸੂਬਾਈ ਰਾਹਤ ਕਮਿਸ਼ਨਰ ਵੱਲੋਂ ਅੱਜ ਜਾਰੀ ਰਿਪੋਰਟ ਅਨੁਸਾਰ ਬੁੱਧਵਾਰ ਤੜਕੇ ਆਏ ਹੜ੍ਹ ਕਾਰਨ ਹੁਣ ਤੱਕ ਅੱਠ ਸੈਨਿਕਾਂ ਸਮੇਤ 30 ਵਿਅਕਤੀਆਂ ਦੀ ਮੌਤ ਹੋ ਚੁੱਕੀ ਹੈ ਅਤੇ 41 ਹਜ਼ਾਰ ਤੋਂ ਵੱਧ ਲੋਕ ਪ੍ਰਭਾਵਿਤ ਹੋਏ ਹਨ। ਇਸ ਤੋਂ ਇਲਾਵਾ 1200 ਤੋਂ ਵੱਧ ਮਕਾਨ ਨੁਕਸਾਨੇ ਗਏ ਹਨ ਤੇ 13 ਪੁਲ ਰੁੜ੍ਹ ਗਏ ਹਨ। ਇਸ ਦੌਰਾਨ ਇਕ ਹੋਰ ਸੈਨਿਕ ਦੀ ਲਾਸ਼ ਅੱਜ ਪੱਛਮੀ ਬੰਗਾਲ ਤੋਂ ਬਰਾਮਦ ਹੋਈ ਹੈ। ਹੜ੍ਹ ਆਉਣ ਤੇ ਸੜਕੀ ਸੰਪਰਕ ਟੁੱਟ ਜਾਣ ਕਾਰਨ ਮੰਗਨ ਜ਼ਿਲ੍ਹੇ ਦੇ ਲਾਚੇਨ ਤੇ ਲਾਚੁੰਗ ’ਚ ਤਿੰਨ ਹਜ਼ਾਰ ਤੋਂ ਵੱਧ ਸੈਲਾਨੀ ਫਸੇ ਹੋਏ ਹਨ।