ਆਰਬੀਆਈ ਵੱਲੋਂ ਰੈਪੋ ਦਰ 6.5 ਫੀਸਦ ’ਤੇ ਕਾਇਮ

ਆਰਬੀਆਈ ਵੱਲੋਂ ਰੈਪੋ ਦਰ 6.5 ਫੀਸਦ ’ਤੇ ਕਾਇਮ

ਮੁੰਬਈ- ਭਾਰਤੀ ਰਿਜ਼ਰਵ ਬੈਂਕ ਨੇ ਅੱਜ ਲਗਾਤਾਰ ਚੌਥੀ ਵਾਰ ਨੀਤੀਗਤ ਰੈਪੋ ਦਰ 6.5 ਫੀਸਦ ’ਤੇ ਕਾਇਮ ਰੱਖੀ ਹੈ। ਪ੍ਰਚੂਨ ਮਹਿੰਗਾਈ ਦਰ ਹੁਣ ਵੀ ਟੀਚੇ ਤੋਂ ਵੱਧ ਉੱਪਰ ਰਹਿਣ ਕਾਰਨ ਕੇਂਦਰੀ ਬੈਂਕ ਨੇ ਇਹ ਕਦਮ ਚੁੱਕਿਆ ਹੈ। ਕੇਂਦਰੀ ਬੈਂਕ ਨੇ ਨਾਲ ਹੀ ਮਹਿੰਗਾਈ ਨੂੰ ਟੀਚੇ ਦੇ ਦਾਇਰੇ ਹੇਠ ਲਿਆਉਣ ਲਈ ਜ਼ਰੂਰੀ ਹੋਣ ’ਤੇ ਬਾਂਡ ਵਿਕਰੀ ਰਾਹੀਂ ਬੈਂਕਾਂ ਤੋਂ ਵਾਧੂ ਨਕਦੀ ਕੱਢਣ ਦੀ ਵੀ ਗੱਲ ਕਹੀ ਹੈ। ਰੈਪੋ ਦਰ 6.5 ’ਤੇ ਰੱਖਣ ਦਾ ਮਤਲਬ ਹੈ ਕਿ ਮਕਾਨ, ਵਾਹਨ ਸਮੇਤ ਵੱਖ ਵੱਖ ਕਰਜ਼ਿਆਂ ਦੀਆਂ ਮਹੀਨਾਵਾਰ ਕਿਸ਼ਤਾਂ ’ਚ ਕੋਈ ਤਬਦੀਲੀ ਨਹੀਂ ਹੋਵੇਗੀ।

ਮੁਦਰਾ ਨੀਤੀ ਕਮੇਟੀ (ਐੱਮਪੀਸੀ) ਦੀ ਲੰਘੇ ਬੁੱਧਵਾਰ ਸ਼ੁਰੂ ਹੋਈ ਤਿੰਨ ਰੋਜ਼ਾ ਮੀਟਿੰਗ ’ਚ ਲਏ ਗਏ ਫ਼ੈਸਲਿਆਂ ਦੀ ਜਾਣਕਾਰੀ ਦਿੰਦਿਆਂ ਆਰਬੀਆਈ ਦੇ ਗਵਰਨਰ ਸ਼ਕਤੀਕਾਂਤ ਦਾਸ ਨੇ ਕਿਹਾ, ‘ਐੱਮਪੀਸੀ ਦੇ ਸਾਰੇ ਛੇ ਮੈਂਬਰਾਂ ਨੇ ਹਾਲਾਤ ’ਤੇ ਗੌਰ ਕਰਨ ਤੋਂ ਬਾਅਦ ਆਮ ਸਹਿਮਤੀ ਨਾਲ ਰੈਪੋ ਦਰ 6.5 ਫੀਸਦ ’ਤੇ ਕਾਇਮ ਰੱਖਣ ਦਾ ਫ਼ੈਸਲਾ ਕੀਤਾ ਹੈ। ਨਾਲ ਹੀ ਐੱਮਪੀਸੀ ਨਰਮ ਰੁਖ਼ ਵਾਪਸ ਲੈਣ ਲਈ ਕੰਮ ਕਰਦੀ ਰਹੇਗੀ।’