ਏਸ਼ਿਆਡ ਕ੍ਰਿਕਟ ’ਚ ਭਾਰਤ ਦਾ ਤਗ਼ਮਾ ਪੱਕਾ

ਏਸ਼ਿਆਡ ਕ੍ਰਿਕਟ ’ਚ ਭਾਰਤ ਦਾ ਤਗ਼ਮਾ ਪੱਕਾ

ਹਾਂਗਜ਼ੂ – ਭਾਰਤ ਨੇ ਅੱਜ ਇੱਥੇ ਸੈਮੀਫਾਈਨਲ ਵਿੱਚ ਬੰਗਲਾਦੇਸ਼ ਨੂੰ ਨੌਂ ਵਿਕਟਾਂ ਨਾਲ ਹਰਾ ਕੇ ਪੁਰਸ਼ ਕ੍ਰਿਕਟ ਦੇ ਫਾਈਨਲ ਵਿੱਚ ਜਗ੍ਹਾ ਬਣਾਉਂਦਿਆਂ ਤਗ਼ਮਾ ਯਕੀਨੀ ਬਣਾ ਲਿਆ ਹੈ।

ਭਾਰਤੀ ਕਪਤਾਨ ਰਿਤੂਰਾਜ ਗਾਇਕਵਾੜ ਨੇ ਟਾਸ ਜਿੱਤ ਕੇ ਪਹਿਲਾਂ ਫੀਲਡਿੰਗ ਕਰਨ ਦਾ ਫ਼ੈਸਲਾ ਕੀਤਾ ਅਤੇ ਗੇਂਦਬਾਜ਼ਾਂ ਨੇ ਇਸ ਨੂੰ ਸਹੀ ਸਾਬਿਤ ਕਰਦਿਆਂ ਬੰਗਲਾਦੇਸ਼ ਨੂੰ 20 ਓਵਰ ਵਿੱਚ ਨੌਂ ਵਿਕਟਾਂ ’ਤੇ 96 ਦੌੜਾਂ ਦੇ ਸਕੋਰ ’ਤੇ ਰੋਕ ਦਿੱਤਾ। ਭਾਰਤ ਨੇ ਇਸ ਦੇ ਜੁਆਬ ਵਿੱਚ 9.2 ਓਵਰ ਵਿੱਚ ਇੱਕ ਵਿਕਟ ’ਤੇ 97 ਦੌੜਾਂ ਬਣਾ ਕੇ ਸੌਖਿਆਂ ਹੀ ਮੈਚ ਜਿੱਤ ਲਿਆ।

ਭਾਰਤੀ ਟੀਮ ਪਹਿਲੀ ਵਾਰ ਏਸ਼ਿਆਈ ਖੇਡਾਂ ਦੇ ਇਸ ਮੁਕਾਬਲੇ ਵਿੱਚ ਹਿੱਸਾ ਲੈ ਰਹੀ ਹੈ। ਟੀਚੇ ਦਾ ਪਿੱਛਾ ਕਰਦਿਆਂ ਭਾਰਤ ਨੇ ਪਹਿਲੇ ਓਵਰ ਵਿੱਚ ਹੀ ਯਸ਼ਸਵੀ ਜੈਸਵਾਲ ਦੀ ਵਿਕਟ ਲਈ, ਜੋ ਖਾਤਾ ਵੀ ਨਹੀਂ ਖੋਲ੍ਹ ਸਕਿਆ। ਕਪਤਾਨ ਅਤੇ ਸਲਾਮੀ ਬੱਲੇਬਾਜ਼ ਗਾਇਕਵਾੜ ਨੇ 26 ਗੇਂਦਾਂ ’ਤੇ 40 ਦੌੜਾਂ ਦੀ ਨਾਬਾਦ ਪਾਰੀ ਖੇਡਦਿਆਂ ਚਾਰ ਚੌਕੇ ਅਤੇ ਤਿੰਨ ਛਿੱਕੇ ਜੜੇ, ਜਦੋਂ ਕਿ ਤਿਲਕ ਵਰਮਾ ਨੇ 26 ਗੇਂਦਾਂ ’ਤੇ 55 ਦੌੜਾਂ ਦੀ ਨਾਬਾਦ ਪਾਰੀ ਖੇਡੀ। ਦੋਵਾਂ ਨੇ 97 ਦੌੜਾਂ ਦੀ ਭਾਈਵਾਲੀ ਕਰਦਿਆਂ ਭਾਰਤ ਨੂੰ ਜਿੱਤ ਦਵਾਈ।

ਉੱਭਰਦੇ ਆਲਰਾਊਂਡਰ ਵਰਮਾ ਨੇ ਸਿਰਫ਼ 25 ਗੇਂਦ ਵਿੱਚ ਅਰਧ ਸੈਂਕੜਾ ਜੜਨ ਮਗਰੋਂ ਖੁਸ਼ੀ ਵਿੱਚ ਖੀਵੇ ਹੁੰਦਿਆਂ ਆਪਣੀ ਸ਼ਰਟ ਚੁੱਕ ਕੇ ਮਾਤਾ-ਪਿਤਾ ਨੂੰ ਸਮਰਪਿਤ ਟੈਟੂ ਦਿਖਾਇਆ। ਭਾਰਤ ਸੋਨ ਤਗ਼ਮੇ ਦੇ ਮੁਕਾਬਲੇ ਵਿੱਚ ਭਲਕੇ ਅਫਗਾਨਿਸਤਾਨ ਨਾਲ ਖੇਡੇਗਾ, ਜਿਸ ਨੇ ਦੂਜੇ ਸੈਮੀਫਾਈਨਲ ਵਿੱਚ ਪਾਕਿਸਤਾਨ ਨੂੰ ਹਰਾਇਆ ਸੀ। ਇਸ ਤੋਂ ਪਹਿਲਾਂ ਸਾਈ ਕਿਸ਼ੋਰ ਭਾਰਤ ਦੇ ਸਫ਼ਲ ਗੇਂਦਬਾਜ਼ ਰਹੇ, ਜਿਸ ਨੇ 12 ਦੌੜਾਂ ਦੇ ਕੇ ਤਿੰਨ ਵਿਕਟਾਂ ਲਈਆਂ। ਵਾਸ਼ਿੰਗਟਨ ਸੁੰਦਰ ਨੇ ਵੀ 15 ਦੌੜਾਂ ਦੇ ਕੇ ਦੋ ਵਿਕਟਾਂ ਲਈਆਂ। ਅਰਸ਼ਦੀਪ ਸਿੰਘ, ਤਿਲਕ ਵਰਮਾ, ਰਵੀ ਬਿਸ਼ਨੋਈ ਅਤੇ ਸ਼ਹਬਿਾਜ਼ ਅਹਿਮਦ ਨੂੰ ਵੀ ਇੱਕ-ਇੱਕ ਵਿਕਟ ਮਿਲੀ।

ਬੰਗਲਾਦੇਸ਼ ਤਰਫੋਂ ਪਰਵੇਜ਼ ਹੁਸੈਨ ਇਮੋਨ ਨੇ 23, ਜਾਕਿਰ ਅਲੀ ਨੇ ਨਾਬਾਦ 24 ਅਤੇ ਰਕੀਬੁਲ ਹਸਨ ਨੇ 14 ਦੌੜਾਂ ਬਣਾਈਆਂ।