ਸੰਜੈ ਸਿੰਘ ਦੀ ਗ੍ਰਿਫ਼ਤਾਰੀ ਮਗਰੋਂ ‘ਆਪ’ ਤੇ ਭਾਜਪਾ ਆਹਮੋ-ਸਾਹਮਣੇ

ਸੰਜੈ ਸਿੰਘ ਦੀ ਗ੍ਰਿਫ਼ਤਾਰੀ ਮਗਰੋਂ ‘ਆਪ’ ਤੇ ਭਾਜਪਾ ਆਹਮੋ-ਸਾਹਮਣੇ

ਨਵੀਂ ਦਿੱਲੀ- ਆਬਕਾਰੀ ਨੀਤੀ ਮਾਮਲੇ ਵਿੱਚ ‘ਆਪ’ ਆਗੂ ਸੰਜੈ ਸਿੰਘ ਦੀ ਗ੍ਰਿਫ਼ਤਾਰੀ ਮਗਰੋਂ ਆਮ ਆਦਮੀ ਪਾਰਟੀ ਅਤੇ ਭਾਜਪਾ ਆਗੂ ਇੱਕ ਵਾਰ ਪਿਰ ਆਹਮੋ-ਸਾਹਮਣੇ ਹੋ ਗਏ ਹਨ। ਆਮ ਆਦਮੀ ਪਾਰਟੀ ਨੇ ਇਸ ਕਾਰਵਾਈ ਨੂੰ ਵਿਰੋਧੀ ਧਿਰ ਦੀ ਮਜ਼ਬੂਤ ​​ਆਵਾਜ਼ ਨੂੰ ਦਬਾਉਣ ਦੀ ਕਾਰਵਾਈ ਕਰਾਰ ਦਿੱਤਾ ਹੈ। ‘ਆਪ’ ਦੇ ਸੀਨੀਅਰ ਆਗੂ ਸੌਰਭ ਭਾਰਦਵਾਜ ਨੇ ਕਿਹਾ ਕਿ ਸੰਜੈ ਸਿੰਘ ਵਿਰੋਧੀ ਧਿਰ ਦੀ ਸਭ ਤੋਂ ਮਜ਼ਬੂਤ ​​ਆਵਾਜ਼ ’ਚੋਂ ਇੱਕ ਹਨ। ਉਹ ਕੇਂਦਰ ਸਰਕਾਰ ਤੋਂ ਜਨਤਾ ਨਾਲ ਸਬੰਧਤ ਸਵਾਲ ਪੁੱਛਣ ਤੋਂ ਕਦੇ ਵੀ ਪਿੱਛੇ ਨਹੀਂ ਹਟੇ। ਉਨ੍ਹਾਂ ਕਿਹਾ ਕਿ ਈਡੀ ਅਤੇ ਸੀਬੀਆਈ ਪਿਛਲੇ 15 ਮਹੀਨਿਆਂ ਤੋਂ ਜਾਂਚ ਕਰ ਰਹੀ ਹੈ। ਇੱਕ ਹਜ਼ਾਰ ਤੋਂ ਵੱਧ ਥਾਵਾਂ ’ਤੇ ਛਾਪੇ ਮਾਰੇ ਗਏ ਪਰ ਕੁਝ ਨਹੀਂ ਮਿਲਿਆ। ਸੰਜੈ ਸਿੰਘ ਦੇ ਘਰੋਂ ਵੀ ਕੁਝ ਨਹੀਂ ਮਿਲੇਗਾ। ਆਮ ਆਦਮੀ ਪਾਰਟੀ ਇਨ੍ਹਾਂ ਛਾਪਿਆਂ ਦੀ ਸਖ਼ਤ ਨਿਖੇਧੀ ਕਰਦੀ ਹੈ।

‘ਆਪ’ ਆਗੂ ਆਤਿਸ਼ੀ ਨੇ ਕਿਹਾ ਕਿ ਵਿਰੋਧੀਆਂ ਨੇ ‘ਆਪ’ ਆਗੂਆਂ ਪਿੱਛੇ ਈਡੀ ਅਤੇ ਸੀਬੀਆਈ ਦੇ ਸੌ ਅਫਸਰ ਲਾਏ, ਲੋਕਾਂ ਨੂੰ ਗ੍ਰਿਫਤਾਰ ਕੀਤਾ ਅਤੇ ਤਸ਼ੱਦਦ ਕੀਤਾ ਪਰ ਹੁਣ ਤੱਕ ਕੇਂਦਰ ਸਰਕਾਰ ਅਤੇ ਉਨ੍ਹਾਂ ਦੀਆਂ ਏਜੰਸੀਆਂ ਇਕ ਰੁਪਏ ਦਾ ਵੀ ਭ੍ਰਿਸ਼ਟਾਚਾਰ ਸਾਬਤ ਨਹੀਂ ਕਰ ਸਕੀਆਂ। ਆਤਿਸ਼ੀ ਨੇ ਕਿਹਾ, ‘ਮੈਂ ਇਹ ਗੱਲ ਭਰੋਸੇ ਨਾਲ ਕਹਿ ਸਕਦੀ ਹਾਂ ਕਿ ਉਨ੍ਹਾਂ ਨੂੰ ਸੰਜੈ ਸਿੰਘ ਤੋਂ ਭ੍ਰਿਸ਼ਟਾਚਾਰ ਦਾ ਇੱਕ ਪੈਸਾ ਵੀ ਨਹੀਂ ਮਿਲੇਗਾ।’’ ਉਨ੍ਹਾਂ ਕਿਹਾ, ‘‘ਮਨੀਸ਼ ਸਿਸੋਦੀਆ ਅਤੇ ਸਤੇਂਦਰ ਜੈਨ ਤੋਂ ਬਾਅਦ ‘ਰੇਡ ਸਰਕਾਰ’ ਨੇ ਬੁਲੰਦੀ ਨਾਲ ਜਨਤਾ ਦੀ ਆਵਾਜ਼ ਉਠਾਉਣ ਵਾਲੇ ਸੰਜੈ ਸਿੰਘ ਨੂੰ ਵੀ ਗ੍ਰਿਫ਼ਤਾਰ ਕਰ ਲਿਆ। ਉਹ ਈਡੀ ਦਾ ਇੱਕ ਦਫ਼ਤਰ ਸਾਡੇ ਪਾਰਟੀ ਦਫ਼ਤਰ ਵਿੱਚ ਹੀ ਕਿਉਂ ਨਹੀਂ ਖੋਲ੍ਹ ਲੈਂਦੇ। ਲੱਗਦਾ ਹੈ ਕਿ ‘ਆਪ’ ’ਤੇ ਝੂਠੇ ਦੋਸ਼ ਲਾ ਕੇ ਹੀ ਇਨ੍ਹਾਂ ਦਾ ਗੁਜ਼ਾਰਾ ਹੁੰਦਾ ਹੈ।’’

ਉਧਰ ਭਾਜਪਾ ਆਗੂ ਗੌਰਵ ਭਾਟੀਆ ਨੇ ‘ਆਪ’ ’ਤੇ ਨਿਸ਼ਾਨਾ ਸਾਧਦਿਆਂ ਅਰਵਿੰਦ ਕੇਜਰੀਵਾਲ ਨੂੰ ‘ਸ਼ਰਾਬ ਘੁਟਾਲੇ ਦਾ ਕਿੰਗਪਨਿ’ ਕਿਹਾ। ਭਾਟੀਆ ਨੇ ਕੇਜਰੀਵਾਲ ਨੂੰ ਤੁਰੰਤ ਪ੍ਰੈਸ ਕਾਨਫਰੰਸ ਕਰਨ ਦੀ ਚੁਣੌਤੀ ਦਿੱਤੀ। ਉਨ੍ਹਾਂ ਸੰਜੈ ਸਿੰਘ ਨੂੰ ਕੇਜਰੀਵਾਲ ਦਾ ਖੱਬਾ ਹੱਥ ਦੱਸਦਿਆਂ ਕਿਹਾ, ‘‘ਸ਼ਰਾਬ ਘੁਟਾਲੇ ਦੇ ਸਰਗਨੇ ਦਾ ਸੱਜਾ ਹੱਥ 7.5 ਮਹੀਨੇ ਤੋਂ ਸਲਾਖਾਂ ਪਿੱਛੇ ਹੈ ਅਤੇ ਹੁਣ ਖੱਬਾ ਹੱਥ ਵੀ ਗਿਆ।’’ ਉਨ੍ਹਾਂ ਕਿਹਾ, ‘‘ਅੱਜ ਅਰਵਿੰਦ ਕੇਜਰੀਵਾਲ ਦੇ ਖੱਬੇ ਹੱਥ ਸੰਜੈ ਸਿੰਘ ਦੇ ਟਿਕਾਣੇ ’ਤੇ ਵੀ ਜਾਂਚ ਏਜੰਸੀਆਂ ਨੇ ਛਾਪਾ ਮਾਰਿਆ ਹੈ। ਦੇਸ਼ ਅਤੇ ਦਿੱਲੀ ਦੀ ਜਨਤਾ ਜਾਣਦੀ ਹੈ ਕਿ ਸ਼ਰਾਬ ਘੁਟਾਲੇ ਦੇ ਮੁੱਖ ਸਰਗਨਾ ਅਰਵਿੰਦ ਕੇਜਰੀਵਾਲ ਹਨ। ਆਪਣੇ ਆਪ ਨੂੰ ਆਮ ਆਦਮੀ ਦੱਸਣ ਵਾਲੇ ਇਹ ਲੋਕ ਹੁਣ ਇੰਨੇ ਖਾਸ ਹੋ ਗਏ ਹਨ ਕਿ ਇਹ ਕਰੋੜਾਂ ਦਾ ਸ਼ਰਾਬ ਘੁਟਾਲਾ ਕਰਦੇ ਹਨ ਅਤੇ ਫਿਰ ਕਹਿੰਦੇ ਹਨ ਕਿ ਸਾਡੇ ’ਤੇ ਇਹ ਕਾਰਵਾਈ ਸਿਆਸੀ ਦੁਸ਼ਮਣੀ ਕਾਰਨ ਹੋ ਰਹੀ ਹੈ।’’ ਉਨ੍ਹਾਂ ਕਿਹਾ ਕਿ ਇਹ ਕੇਜਰੀਵਾਲ ਹੀ ਹਨ ਜੋ ਆਪਣੇ ਖਜ਼ਾਨੇ ਨੂੰ ਭਰਨ ਲਈ ਆਪਣੇ ਸੰਸਦ ਮੈਂਬਰਾਂ ਅਤੇ ਮੰਤਰੀਆਂ ਨੂੰ ਭ੍ਰਿਸ਼ਟਾਚਾਰ ਕਰਨ ਲਈ ਮਜਬੂਰ ਕਰਦੇ ਹਨ। ਉਨ੍ਹਾਂ ਕਿਹਾ ਕਿ ਹੱਥਕੜੀਆਂ ਅਰਵਿੰਦ ਕੇਜਰੀਵਾਲ ਦੇ ਨੇੜੇ ਹੋ ਰਹੀਆਂ ਹਨ।

ਇਸੇ ਤਰ੍ਹਾਂ ਭਾਜਪਾ ਆਗੂ ਮਨਜਿੰਦਰ ਸਿੰਘ ਸਿਰਸਾ ਨੇ ਕਿਹਾ ਕਿ ਈਡੀ ਦੀ ਸੰਜੈ ਸਿੰਘ ਖ਼ਿਲਾਫ਼ ਕਾਰਵਾਈ ਆਸ ਮੁਤਾਬਕ ਹੋਈ ਹੈ ਕਿਉਂਕਿ ਉਹ ਵਵਿਾਦਤ ਆਬਕਾਰੀ ਨੀਤੀ ਪ੍ਰਵਾਨ ਕਰਵਾਉਣ ਵਿਚ ਸਭ ਤੋਂ ਸਰਗਰਮ ਸਨ। ਸਿਰਸਾ ਨੇ ਕਿਹਾ ਕਿ ਸੰਜੈ ਸਿੰਘ ਨੇ ਹੀ ਦਨਿੇਸ਼ ਅਰੋੜਾ ਨੂੰ ਮਨੀਸ਼ ਸਿਸੋਦੀਆ ਨਾਲ ਮਿਲਵਾਇਆ ਤੇ ਫਿਰ ਪ੍ਰਾਈਵੇਟ ਸ਼ਰਾਬ ਕਾਰੋਬਾਰੀਆਂ ਤੋਂ ਪੈਸੇ ਵਸੂਲਣ ਵਾਸਤੇ ਨੀਤੀ ਬਣਾਈ ਗਈ। ਉਨ੍ਹਾਂ ਕਿਹਾ ਕਿ ਗ੍ਰਿਫਤਾਰੀ ਤੋਂ ਪਹਿਲਾਂ ਹੀ ਸੰਜੈ ਸਿੰਘ ਨੇ ਮੰਨ ਲਿਆ ਸੀ ਕਿ ਈਡੀ ਉਨ੍ਹਾਂ ਦੇ ਘਰ ’ਤੇ ਛਾਪਾ ਮਾਰੇਗੀ ਕਿਉਂਕਿ ਉਹ ਜਾਣਦੇ ਸਨ ਕਿ ਉਨ੍ਹਾਂ ਨੇ ਘੁਟਾਲਾ ਕੀਤਾ ਹੈ। ਉਨ੍ਹਾਂ ਕਿਹਾ ਕਿ ਭ੍ਰਿਸ਼ਟਾਚਾਰ ਕਰਨ ਵਾਲਿਆਂ ਨੂੰ ਕਾਨੂੰਨ ਅਨੁਸਾਰ ਸਜ਼ਾ ਮਿਲੇਗੀ।