ਪ੍ਰਨੀਤ ਨੇ ਤੀਰਅੰਦਾਜ਼ੀ ਵਿੱਚ ਸੋਨ ਤਗਮਾ ਜਿੱਤਿਆ

ਪ੍ਰਨੀਤ ਨੇ ਤੀਰਅੰਦਾਜ਼ੀ ਵਿੱਚ ਸੋਨ ਤਗਮਾ ਜਿੱਤਿਆ

ਪਟਿਆਲਾ- ਇੱਥੋਂ ਦੇ ਖ਼ਾਲਸਾ ਕਾਲਜ ਦੀ ਵਿਦਿਆਰਥਣ ਪ੍ਰਨੀਤ ਕੌਰ ਨੇ ਚੀਨ ਵਿੱਚ ਹੋ ਰਹੀਆਂ ਏਸ਼ੀਆਈ ਖੇਡਾਂ ਵਿੱਚ ਭਾਰਤ ਵੱਲੋਂ ਤੀਰਅੰਦਾਜ਼ੀ ਵਿੱਚ ਸ਼ਾਨਦਾਰ ਪ੍ਰਦਰਸ਼ਨ ਕਰਦਿਆਂ ਸੋਨ ਤਗਮਾ ਹਾਸਲ ਕੀਤਾ ਹੈ। ਤੀਰਅੰਦਾਜ਼ੀ ਦੀ ਤਿੰਨ ਮੈਂਬਰੀ ਭਾਰਤੀ ਮਹਿਲਾ ਕੰਪਾਊਂਡ ਟੀਮ ਵਿੱਚ ਸ਼ਾਮਲ ਖ਼ਾਲਸਾ ਕਾਲਜ ਪਟਿਆਲਾ ਦੀ ਵਿਦਿਆਰਥਣ ਪ੍ਰਨੀਤ ਕੌਰ ਦੇ ਇਹ ਸਨਮਾਨਯੋਗ ਪ੍ਰਾਪਤੀ ਕਰ ਸਕਿਆ।

ਖ਼ਾਲਸਾ ਕਾਲਜ ਪਟਿਆਲਾ ਦੇ ਪ੍ਰਿੰਸੀਪਲ ਡਾ. ਧਰਮਿੰਦਰ ਸਿੰਘ ਉੱਭਾ ਨੇ ਕਿਹਾ ਕਿ ਏਸ਼ਿਆਈ ਖੇਡਾਂ ਵਿੱਚ ਭਾਰਤੀ ਕੰਪਾਊਂਡ ਟੀਮ ਦੀ ਸਫ਼ਲਤਾ ਅਥਲੀਟਾਂ ਦੀ ਸਖ਼ਤ ਮਿਹਨਤ ਦੇ ਨਾਲ-ਨਾਲ ਪ੍ਰਨੀਤ ਕੌਰ ਦੇ ਕੋਚ ਸੁਰਿੰਦਰ ਸਿੰਘ ਦੇ ਮਾਰਗਦਰਸ਼ਨ ਨਾਲ ਸੰਭਵ ਹੋਈ ਹੈ। ਉਨ੍ਹਾਂ ਕਿਹਾ ਕਿ ਕਾਲਜ ਦੇ ਡੀਨ ਸਪੋਰਟਸ ਡਾ. ਗੁਰਸ਼ਰਨ ਸਿੰਘ ਗਿੱਲ ਖਿਡਾਰੀਆਂ ਦੀ ਪ੍ਰਤਿਭਾ ਨੂੰ ਨਿਖਾਰਨ ਦੇ ਨਾਲ ਨਾਲ ਸਹਾਇਤਾ ਪ੍ਰਦਾਨ ਕਰਦੇ ਹਨ। ਇਸ ਮੌਕੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਹਰਜਿੰਦਰ ਸਿੰਘ ਧਾਮੀ ਨੇ ਕਾਲਜ ਪ੍ਰਿੰਸੀਪਲ ਅਤੇ ਸਮੁੱਚੇ ਸਟਾਫ਼ ਨੂੰ ਵਧਾਈ ਦਿੱਤੀ। ਕਾਲਜ ਪ੍ਰਬੰਧਕ ਕਮੇਟੀ ਦੇ ਆਨਰੇਰੀ ਸਕੱਤਰ ਸੁਰਜੀਤ ਸਿੰਘ ਰੱਖੜਾ, ਕਾਲਜ ਪ੍ਰਬੰਧਕ ਕਮੇਟੀ ਦੇ ਮੈਂਬਰ ਸਤਵਿੰਦਰ ਸਿੰਘ ਟੌਹੜਾ ਤੇ ਸ਼੍ਰੋਮਣੀ ਕਮੇਟੀ ਦੇ ਸਿੱਖਿਆ ਸਕੱਤਰ ਸੁਖਮਿੰਦਰ ਸਿੰਘ ਨੇ ਵੀ ਟੀਮ ਨੂੰ ਉਨ੍ਹਾਂ ਦੀ ਜਿੱਤ ’ਤੇ ਵਧਾਈ ਦਿੱਤੀ।