ਸਰਕਾਰ ਖ਼ਾਲਸਾ ਦਾ ਸ਼ਾਹੀ ਬਾਗ ਰਾਮਬਾਗ, ਅੰਮ੍ਰਿਤਸਰ

ਸਰਕਾਰ ਖ਼ਾਲਸਾ ਦਾ ਸ਼ਾਹੀ ਬਾਗ ਰਾਮਬਾਗ, ਅੰਮ੍ਰਿਤਸਰ

ਇੰਦਰਜੀਤ ਸਿੰਘ ਹਰਪੁਰਾ
ਸ੍ਰੀ ਗੁਰੂ ਰਾਮਦਾਸ ਜੀ ਦੀ ਵਰੋਸਾਈ ਨਗਰੀ ਸ੍ਰੀ ਅੰਮ੍ਰਿਤਸਰ ਜਿਸ ਨੂੰ ਕੁਲ ਆਲਮ ਵਿਚ ’ਸਿਫ਼ਤੀ ਦੇ ਘਰ’ ਵਜੋਂ ਜਾਣਿਆ ਜਾਂਦਾ ਹੈ। ਇਸ ਦੀ ਖ਼ੂਬਸੂਰਤੀ ਵਿਚ ਇੱਥੋਂ ਦਾ ਪ੍ਰਸਿੱਧ ਇਤਿਹਾਸਕ ‘ਰਾਮਬਾਗ’ ਹੋਰ ਵੀ ਵਾਧਾ ਕਰਦਾ ਹੈ। ਸ਼ੇਰ-ਏ-ਪੰਜਾਬ ਮਹਾਰਾਜਾ ਰਣਜੀਤ ਸਿੰਘ ਵਲੋਂ ਇਸ ਪਵਿੱਤਰ ਸ਼ਹਿਰ ਵਿਚ ਬਣਾਏ ਰਾਮਬਾਗ ਦੀ ਸੁੰਦਰਤਾ ਅੱਜ ਵੀ ਬਾ-ਕਮਾਲ ਹੈ ਅਤੇ ਇਸ ਨੂੰ ਦੇਖ ਕੇ ਲਾਹੌਰ ਦਰਬਾਰ ਦੀ ਸ਼ਾਨ-ਸ਼ੌਕਤ ਦਾ ਅੰਦਾਜ਼ਾ ਮਹਿਜੇ ਹੀ ਲਗਾਇਆ ਜਾ ਸਕਦਾ ਹੈ।
ਹਾਲਾਂਕਿ ਅੰਮ੍ਰਿਤਸਰ ਵਿਚ ਰੋਜ਼ਾਨਾ ਇਕ ਲੱਖ ਤੋਂ ਵੱਧ ਸ਼ਰਧਾਲੂ (ਯਾਤਰੂ ਸ੍ਰੀ ਹਰਿਮੰਦਰ ਸਾਹਿਬ ਜੀ ਦੇ ਦਰਸ਼ਨਾਂ ਨੂੰ ਜਾਂਦੇ ਹਨ ਪਰ ਜਾਣਕਾਰੀ ਨਾ ਹੋਣ ਕਾਰਨ ਬਹੁਤ ਘੱਟ ਯਾਤਰੀ ਹੀ ‘ਰਾਮਬਾਗ’ ਵਿਖੇ ਪਹੁੰਚਦੇ ਹਨ। ਆਓ, ਇਸ ਲੇਖ ਜ਼ਰੀਏ ਰਾਮਬਾਗ ਦੇ ਇਤਿਹਾਸ ਪ੍ਰਤੀ ਰੂ-ਬਰੂ ਹੁੰਦੇ ਹਾਂ।
ਸ਼ੇਰ-ਏ-ਪੰਜਾਬ ਮਹਾਰਾਜਾ ਰਣਜੀਤ ਸਿੰਘ ਅੰਮ੍ਰਿਤਸਰ ਸ਼ਹਿਰ ਨੂੰ ਬਹੁਤ ਪਿਆਰ ਕਰਦੇ ਸਨ। ਭਾਵੇਂ ਕਿ ਸਰਕਾਰ-ਏ-ਖ਼ਾਲਸਾ ਦੀ ਰਾਜਧਾਨੀ ਲਾਹੌਰ ਸੀ ਪਰ ਸਿੱਖ ਮਾਨਸਿਕਤਾ ਵਿਚ ਹਮੇਸ਼ਾ ਹੀ ਅੰਮ੍ਰਿਤਸਰ ਦਾ ਸਿਰਮੌਰ ਸਥਾਨ ਰਿਹਾ ਹੈ। ਮਹਾਰਾਜਾ ਰਣਜੀਤ ਸਿੰਘ ਜੋ ਕਿ ਅਕਸਰ ਹੀ ਅੰਮ੍ਰਿਤਸਰ ਵਿਖੇ ਸ੍ਰੀ ਗੁਰੂ ਰਾਮਦਾਸ ਜੀ ਦੇ ਚਰਨਾਂ ਵਿਚ ਸੀਸ ਨਿਵਾਉਣ ਆਉਂਦੇ ਰਹਿੰਦੇ ਸਨ, ਉਨ੍ਹਾਂ ਨੇ ਇਸ ਪਾਵਨ ਸ਼ਹਿਰ ਵਿਚ ਲਾਹੌਰ ਦੇ ਸ਼ਾਲਾਮਾਰ ਬਾਗ ਵਾਂਗ ਇਕ ਖ਼ੂਬਸੂਰਤ ਬਾਗ ਬਣਾਉਣ ਦੀ ਸੋਚੀ।
ਸ਼ੇਰ-ਏ-ਪੰਜਾਬ ਮਹਾਰਾਜਾ ਰਣਜੀਤ ਸਿੰਘ ਦੇ ਹੁਕਮਾਂ ’ਤੇ ਸੰਨ 1819 ਵਿਚ ਸਰਕਾਰ ਖ਼ਾਲਸਾ ਨੇ ਅੰਮ੍ਰਿਤਸਰ ਸ਼ਹਿਰ ਦੀ ਉੱਤਰ ਬਾਹੀ ’ਤੇ ਸ੍ਰੀ ਹਰਿਮੰਦਰ ਸਾਹਿਬ ਤੋਂ ਕਰੀਬ ਇਕ ਕਿੱਲੋਮੀਟਰ ਦੂਰ ਇਕ ਖ਼ੂਬਸੂਰਤ ਬਾਗ ਨੂੰ ਬਣਾਉਣਾ ਸ਼ੁਰੂ ਕੀਤਾ। ਸ਼ੇਰ-ਏ-ਪੰਜਾਬ ਨੇ ਇਸ ਬਾਗ ਨੂੰ ਬਣਾਉਣ ਦੀ ਜ਼ਿੰਮੇਵਾਰੀ ਮਸ਼ਹੂਰ ਮੁਸਲਿਮ ਆਰਕੀਟੈਕਟ ਮੁਹੰਮਦ ਯਾਰ ਨੂੰ ਦਿੱਤੀ। ਫ਼ਕੀਰ ਇਮਾਮ-ਉੱਦ-ਦੀਨ ਨੂੰ ਇਸ ਬਾਗ ਦੀ ਉਸਾਰੀ ਵਿਚ ਜੋ ਵੀ ਖਰਚਾ ਆਉਣਾ ਸੀ, ਉਸ ਦਾ ਹਿਸਾਬ ਰੱਖਣ ਦੀ ਜ਼ਿੰਮੇਵਾਰੀ ਦਿੱਤੀ ਗਈ। ਸੰਨ 1831 ਵਿਚ ਇਹ ਬਾਗ ਬਣ ਕੇ ਮੁਕੰਮਲ ਹੋਇਆ ਅਤੇ ਇਸ ਉੱਪਰ ਉਸ ਸਮੇਂ 1,45,000 ਰੁਪਏ ਖਰਚਾ ਆਇਆ, ਜੋ ਕਿ ਅੱਜ ਦੇ ਕਰੋੜਾਂ ਰੁਪਏ ਦੇ ਬਰਾਬਰ ਹੈ।
ਬਾਗ ਵਿਚ ਬਹੁਤ ਸੁੰਦਰ ਬਗੀਚੇ, ਫਲ-ਫੁੱਲ ਅਤੇ ਛਾਂ-ਦਾਰ ਪੌਦੇ ਲਗਾਏ ਗਏ। ਫੁੱਲ-ਬੂਟਿਆਂ ਨੂੰ ਪਾਣੀ ਦੇਣ ਅਤੇ ਬਾਗ ਦੀ ਸੁੰਦਰਤਾ ਨੂੰ ਵਧਾਉਣ ਲਈ ਫੁਹਾਰੇ ਲਗਾਏ ਗਏ। ਮਹਾਰਾਜੇ ਦੀ ਰਿਹਾਇਸ਼ ਦੇ ਲਈ ਬਾਗ ਦੇ ਵਿਚਕਾਰ ਬਾਰਾਂਦਰੀ ਵਰਗੀ ਇਕ ਬਹੁਤ ਖ਼ੂਬਸੂਰਤ ਇਮਾਰਤ ਬਣਾਈ ਗਈ, ਜਿਸ ਨੂੰ ਸ਼ੀਸ਼ ਮਹਿਲ ਦੇ ਨਾਂਅ ਨਾਲ ਜਾਣਿਆ ਜਾਂਦਾ ਹੈ। ਇਸ ਤੋਂ ਇਲਾਵਾ ਡਿਓੜੀ ਅਤੇ ਹੋਰ ਇਮਾਰਤਾ ਵੀ ਬਾਗ ਵਿਚ ਉਸਾਰੀਆਂ ਗਈਆਂ। ਇਹ ਇਮਾਰਤਾਂ ਸਿੱਖ ਭਵਨ ਕਲਾ ਦਾ ਸ਼ਾਹਕਾਰ ਨਮੂਨਾ ਹਨ, ਜੋ ਅੱਜ ਵੀ ਦੇਖੀਆਂ ਜਾ ਸਕਦੀਆਂ ਹਨ।
ਸੰਨ 1831 ਵਿਚ ਅੰਮ੍ਰਿਤਸਰ ਸ਼ਹਿਰ ਵਿਖੇ ਜਦੋਂ ਇਹ ਬਾਗ ਪੂਰੀ ਤਰ੍ਹਾਂ ਮੁਕੰਮਲ ਹੋ ਗਿਆ ਤਾਂ ਦਰਬਾਰੀਆਂ ਨੇ ਮਹਾਰਾਜੇ ਨੂੰ ਇਸ ਦਾ ਨਾਂਅ ਰਣਜੀਤ ਸਿੰਘ ਬਾਗ ਰੱਖਣ ਦੀ ਬੇਨਤੀ ਕੀਤੀ। ਦਰਬਾਰੀਆਂ ਦੀ ਇਸ ਮੰਗ ਨੂੰ ਮਹਾਰਾਜਾ ਰਣਜੀਤ ਸਿੰਘ ਨੇ ਸਿਰੇ ਤੋਂ ਨਕਾਰਦੇ ਹੋਏ ਕਿਹਾ ਕਿ ਇਹ ਬਾਗ ਸ੍ਰੀ ਗੁਰੂ ਰਾਮਦਾਸ ਜੀ ਦੇ ਪਾਵਨ ਸ਼ਹਿਰ ਵਿਚ ਹੈ ਅਤੇ ਇਸ ਦਾ ਨਾਂਅ ਵੀ ‘ਰਾਮਬਾਗ’ ਹੋਣਾ ਚਾਹੀਦਾ ਹੈ। ਇਸ ਤਰ੍ਹਾਂ ਮਹਾਰਾਜਾ ਰਣਜੀਤ ਸਿੰਘ ਨੇ ਸ੍ਰੀ ਗੁਰੂ ਰਾਮਦਾਸ ਜੀ ਦੇ ਨਾਂਅ ਉੱਪਰ ਇਸ ਬਾਗ ਦਾ ਨਾਂਅ ‘ਰਾਮਬਾਗ’ ਰੱਖ ਦਿੱਤਾ।
ਸ਼ੇਰ-ਏ-ਪੰਜਾਬ ਜਦੋਂ ਵੀ ਅੰਮ੍ਰਿਤਸਰ ਆਉਂਦੇ ਤਾਂ ਉਨ੍ਹਾਂ ਦੀ ਰਿਹਾਇਸ਼ ਰਾਮਬਾਗ ਵਿਚਲੇ ਆਪਣੇ ਮਹਿਲ ਵਿਚ ਹੁੰਦੀ। ਇਸ ਤਰ੍ਹਾਂ ‘ਰਾਮਬਾਗ’ ਸਰਕਾਰ ਖ਼ਾਲਸਾ ਦਾ ਧੁਰਾ ਬਣ ਗਿਆ ਅਤੇ ਮਹਾਰਾਜਾ ਨੇ ਇੱਥੋਂ ਹੀ ਆਪਣੇ ਰਾਜ ਦੇ ਕਈ ਅਹਿਮ ਫ਼ੈਸਲੇ ਕੀਤੇ। ਸਿੱਖ ਰਾਜ ਸਮੇਂ ਅੰਮ੍ਰਿਤਸਰ ਦੇ ’ਰਾਮਬਾਗ’ ਦੀ ਸੁੰਦਰਤਾ ਦੀ ਧੁੰਮ ਸਾਰੇ ਪਾਸੇ ਸੀ ਅਤੇ ਜੋ ਕੋਈ ਵੀ ਬਾਗ ਨੂੰ ਦੇਖਦਾ ਤਾਂ ਇਸ ਦੀ ਖ਼ੂਬਸੂਰਤੀ ਦਾ ਕਾਇਲ ਹੋ ਜਾਂਦਾ।
ਜਦੋਂ ਸੰਨ 1849 ਵਿਚ ਈਸਟ ਇੰਡੀਆ ਕੰਪਨੀ ਨੇ ਦੇਸ਼-ਪੰਜਾਬ ਉੱਪਰ ਕਬਜ਼ਾ ਕਰ ਲਿਆ ਤਾਂ ‘ਰਾਮਬਾਗ’ ਵਿਚ ਵੀ ਈਸਟ ਇੰਡੀਆ ਕੰਪਨੀ ਦੇ ਅਧਿਕਾਰੀ ਰਹਿਣ ਲੱਗ ਪਏ। ਈਸਟ ਇੰਡੀਆ ਕੰਪਨੀ ਵਲੋਂ ਕਬਜ਼ਾ ਕਰਨ ਨਾਲ ਰਾਮਬਾਗ ਦੀ ਥਾਂ ਇਸ ਦਾ ਨਵਾਂ ਨਾਂਅ ‘ਕੰਪਨੀ ਬਾਗ’ ਪ੍ਰਚਲਿਤ ਕੀਤਾ ਗਿਆ। ਹੁਣ ਸੋਚਣ ਵਾਲੀ ਗੱਲ ਹੈ ਕਿ ਈਸਟ ਇੰਡੀਆ ਕੰਪਨੀ ਦਾ ਕਬਜ਼ਾ ਖ਼ਤਮ ਹੋਏ ਕਿੰਨਾ ਸਮਾਂ ਬੀਤ ਗਿਆ ਪਰ ਅਜੇ ਵੀ ਬਹੁਤੇ ਲੋਕ ਇਸ ਬਾਗ ਨੇ ‘ਕੰਪਨੀ ਬਾਗ’ ਹੀ ਕਹਿੰਦੇ ਹਨ। ਜਦੋਂ ਇਸ ਬਾਗ਼ ਨੂੰ ਬਣਾਉਣ ਵਾਲੇ ਮਹਾਰਾਜਾ ਰਣਜੀਤ ਸਿੰਘ ਨੇ ਇਸ ਦਾ ਨਾਂਅ ਸ੍ਰੀ ਗੁਰੂ ਰਾਮਦਾਸ ਜੀ ਦੇ ਨਾਂਅ ਉੱਪਰ ’ਰਾਮਬਾਗ’ ਰੱਖਿਆ ਸੀ ਤਾਂ ਹਰ ਕਿਸੇ ਨੂੰ ਇਸ ਦਾ ਨਾਂਅ ‘ਰਾਮਬਾਗ’ ਹੀ ਲੈਣਾ ਚਾਹੀਦਾ ਹੈ। ਜੇਕਰ ਕਿਤੇ ਸਰਕਾਰੀ ਰਿਕਾਰਡ ਵਿਚ ਵੀ ਕੰਪਨੀ ਬਾਗ ਹੈ ਤਾਂ ਉਸ ਨੂੰ ਵੀ ‘ਰਾਮਬਾਗ’ ਕੀਤਾ ਜਾਵੇ ਅਤੇ ਬੋਰਡ ਆਦਿ ਵੀ ਸਿਰਫ਼ ’ਰਾਮਬਾਗ’ ਦੇ ਹੀ ਲਗਾਏ ਜਾਣ।
ਹੁਣ ਗੱਲ ਕਰਦੇ ਹਾਂ ਅਜੋਕੇ ‘ਰਾਮਬਾਗ’ ਦੀ। ਰਾਮਬਾਗ ਵਿਚ ਇਕ ਬਹੁਤ ਹੀ ਖ਼ੂਬਸੂਰਤ ਮਹਾਰਾਜਾ ਰਣਜੀਤ ਸਿੰਘ ਪੈਨੋਰਮਾ ਹੈ। ਸੰਨ 2001 ਦੀ 18 ਨਵੰਬਰ ਨੂੰ ਤਤਕਾਲੀਨ ਪ੍ਰਧਾਨ ਮੰਤਰੀ ਸ੍ਰੀ ਅਟਲ ਬਿਹਾਰੀ ਵਾਜਪਾਈ ਵਲੋਂ ਇਸ ਦਾ ਨੀਂਹ ਪੱਥਰ ਰੱਖਿਆ ਗਿਆ ਸੀ ਅਤੇ 20 ਜੁਲਾਈ 2006 ਵਿਚ ਤਤਕਾਲੀਨ ਮੁੱਖ ਮੰਤਰੀ ਪੰਜਾਬ ਕੈਪਟਨ ਅਮਰਿੰਦਰ ਸਿੰਘ ਨੇ ਇਸ ਦਾ ਉਦਘਾਟਨ ਕੀਤਾ ਸੀ। ਇਸ ਪੈਨੋਰਮਾ ਵਿਚ ਸ਼ੇਰ-ਏ-ਪੰਜਾਬ ਮਹਾਰਾਜਾ ਰਣਜੀਤ ਸਿੰਘ ਦੇ ਜੀਵਨ ਦੀ ਝਲਕ ਬਹੁਤ ਖ਼ੂਬਸੂਰਤੀ ਨਾਲ ਪੇਸ਼ ਕੀਤੀ ਗਈ ਹੈ। ਮਹਾਰਾਜਾ ਰਣਜੀਤ ਸਿੰਘ ਦੇ ਵੱਡ ਅਕਾਰੀ ਚਿੱਤਰ, ਮੋਮ ਦੇ ਬੁੱਤਾਂ ਰਾਹੀਂ ਉਨ੍ਹਾਂ ਦੇ ਦਰਬਾਰ ਦੀ ਸ਼ਾਨ, ਵੱਖ-ਵੱਖ ਜੰਗਾਂ ਅਤੇ ਇਤਿਹਾਸਕ ਘਟਨਾਵਾਂ ਨੂੰ ਬਾਖੂਬੀ ਬਿਆਨ ਕੀਤਾ ਗਿਆ ਹੈ। ਸਿਰਫ਼ 10 ਰੁਪਏ ਦੀ ਟਿਕਟ ਲੈ ਕੇ ਇਸ ਨੂੰ ਦੇਖਿਆ ਜਾ ਸਕਦਾ ਹੈ। ਇਸ ਤੋਂ ਇਲਾਵਾ ਮਹਾਰਾਜਾ ਰਣਜੀਤ ਸਿੰਘ ਦੇ ਮਹਿਲ ਵਿਚ ਮਿਊਜ਼ੀਅਮ ਵੀ ਚੱਲ ਰਿਹਾ ਹੈ।
ਭਾਵੇਂ ਕਿ ਸਰਕਾਰ ਵਲੋਂ ਪੈਨੋਰਮਾ ਤੇ ਮਿਊਜ਼ੀਅਮ ਦੇ ਰਾਹੀਂ ਸ਼ੇਰ-ਏ-ਪੰਜਾਬ ਮਹਾਰਾਜਾ ਰਣਜੀਤ ਸਿੰਘ ਦੇ ਜੀਵਨ ਬਾਰੇ ਜਾਣਕਾਰੀ ਦੇਣ ਦਾ ਵਧੀਆ ਉਪਰਾਲਾ ਕੀਤਾ ਗਿਆ ਹੈ ਪਰ ਯਾਤਰੂਆਂ ਕੋਲ ਇਸ ਪੈਨੋਰਮੇ ਤੇ ਮਿਊਜ਼ੀਅਮ ਦੀ ਜਾਣਕਾਰੀ ਨਾ ਹੋਣ ਕਾਰਨ ਬਹੁਤ ਘੱਟ ਲੋਕ ਹੀ ਇੱਥੇ ਪਹੁੰਚਦੇ ਹਨ। ਲੋੜ ਹੈ ਇਸ ਦੇ ਪ੍ਰਚਾਰ ਤੇ ਪਸਾਰ ਦੀ। ਰਾਮਬਾਗ ਵਿਚ ਅੱਜ ਵੀ ਮਹਾਰਾਜਾ ਰਣਜੀਤ ਸਿੰਘ ਦੀਆਂ ਇਮਾਰਤਾਂ ਮੌਜੂਦ ਹਨ। ਉਸ ਸਮੇਂ ਦੇ ਬਹੁਤ ਸਾਰੇ ਦਰੱਖਤ ਵੀ ਬਾਗ ਵਿਚ ਦੇਖੇ ਜਾ ਸਕਦੇ ਹਨ। ਰਾਮਬਾਗ ਬਹੁਤ ਹੀ ਖ਼ੂਬਸੂਰਤ ਹੈ ਅਤੇ ਇਸ ਦੀ ਹਰਿਆਲੀ, ਸੁੰਦਰਤਾ ਅਤੇ ਸ਼ਾਨਾਮੱਤੀ ਵਿਰਾਸਤ ਹਰ ਕਿਸੇ ਨੂੰ ਕੀਲ ਕੇ ਰੱਖ ਦਿੰਦੀ ਹੈ। ਰਾਮਬਾਗ ਵਿਚ ਕਈ ਕਲੱਬ ਵੀ ਚੱਲ ਰਹੇ ਹਨ ਅਤੇ ਨਾਲ ਇਕ ਮਹਾਰਾਜਾ ਰਣਜੀਤ ਸਿੰਘ ਟੈਨਿਸ ਕੋਰਟ ਵੀ ਹੈ। ਬੱਚਿਆਂ ਦੇ ਮਨੋਰੰਜਨ ਲਈ ਬਹੁਤ ਸਾਰੇ ਪੰਘੂੜੇ ਹਨ। ਅਗਲੀ ਵਾਰ ਜਦੋਂ ਤੁਸੀਂ ਅੰਮ੍ਰਿਤਸਰ ਗਏ ਤਾਂ ਰਾਮਬਾਗ ਦੀ ਸੈਰ ਵੀ ਕਰਕੇ ਆਇਓ। ਕਈ ਏਕੜ ਵਿਚ ਫੈਲੇ ਸ਼ੇਰ-ਏ-ਪੰਜਾਬ ਮਹਾਰਾਜਾ ਰਣਜੀਤ ਸਿੰਘ ਦੇ ਇਸ ’ਰਾਮਬਾਗ’ ਦੀ ਸੈਰ ਤੁਹਾਨੂੰ ਇਤਿਹਾਸ ਤੇ ਕੁਦਰਤ ਦਾ ਖ਼ੂਬਸੂਰਤ ਸੁਮੇਲ ਲੱਗੇਗੀ।