ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਨਤਮਸਤਕ ਹੋਏ ਰਾਹੁਲ ਗਾਂਧੀ

ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਨਤਮਸਤਕ ਹੋਏ ਰਾਹੁਲ ਗਾਂਧੀ

-ਰਾਹੁਲ ਗਾਂਧੀ ਨੇ ਹਰਿਮੰਦਰ ਸਾਹਿਬ ’ਚ ਜੂਠੇ ਭਾਂਡਿਆਂ ਨੂੰ ਸਾਫ਼ ਕੀਤਾ ਤੇ ਸਬਜ਼ੀਆਂ ਕੱਟਣ ਦੀ ਸੇਵਾ ਕਰਨ ਦੇ ਨਾਲ ਲੰਗਰ ਵੀ ਵਰਤਾਇਆ
-ਪਾਲਕੀ ਸਾਹਿਬ ਨੂੰ ਮੋਢਾ ਦੇਣ ਦੀ ਸੇਵਾ ਨਿਭਾਈ; ਸੰਗਤ ਨੂੰ ਲੰਗਰ ਵਰਤਾਇਆ


ਅੰਮ੍ਰਿਤਸਰ : ਕਾਂਗਰਸੀ ਆਗੂ ਰਾਹੁਲ ਗਾਂਧੀ ਸ੍ਰੀ ਹਰਿਮੰਦਰ ਸਾਹਿਬ ਨਤਮਸਤਕ ਹੋਣ ਲਈ ਪਹੁੰਚ, ਜਿਥੇ ਉਨ੍ਹਾਂ ਨੇ ਪਰਮਾਤਮਾ ਦੇ ਚਰਨਾਂ ’ਚ ਅਰਦਾਸ ਕੀਤੀ ਤੇ ਇਲਾਹੀ ਬਾਣੀ ਦਾ ਕੀਰਤਨ ਸੁਣਿਆ। ਇਸ ਤੋਂ ਪਹਿਲਾਂ ਉਹ ਅੰਮ੍ਰਿਤਸਰ ਹਵਾਈ ਅੱਡੇ ’ਤੇ ਪਹੁੰਚੇ ਸੀ, ਜਿਥੇ ਕਾਂਗਰਸੀ ਆਗੂਆਂ ਵੱਲੋਂ ਉਨ੍ਹਾਂ ਦਾ ਨਿੱਘਾ ਸਵਾਗਤ ਕੀਤਾ ਗਿਆ। ਜਾਣਕਾਰੀ ਮੁਤਾਬਕ ਇਸ ਦੌਰਾਨ ਕੁਝ ਸੀਨੀਅਰ ਆਗੂ ਰਾਹੁਲ ਗਾਂਧੀ ਨਾਲ ਰਹਿਣਗੇ। ਇਹ ਦੌਰਾ ਉਨ੍ਹਾਂ ਦਾ ਨਿੱਜੀ ਦੱਸਿਆ ਜਾ ਰਿਹਾ ਹੈ ਤੇ ਉਹ ਸਿਰਫ਼ ਸ੍ਰੀ ਹਰਿਮੰਦਰ ਸਾਹਿਬ ਵਿਖੇ ਨਤਮਸਤਕ ਹੋਣ ਲਈ ਆਏ ਹਨ। ਕਾਂਗਰਸੀ ਆਗੂ ਗੁਰਜੀਤ ਸਿੰਘ ਔਜਲਾ ਮੁਤਾਬਕ ਰਾਹੁਲ ਗਾਂਧੀ ਦਾ ਇਹ ਨਿੱਜੀ ਦੌਰਾ ਹੈ। ਇਸ ਦੌਰਾਨ ਕੋਈ ਸਿਆਸੀ ਪ੍ਰੋਗਰਾਮ ਜਾਂ ਮੀਟਿੰਗ ਨਹੀਂ ਰੱਖੀ ਗਈ ਹੈ। ਰਾਹੁਲ ਗਾਂਧੀ ਨੇ ਆਪਣੀ ਨਿੱਜੀ ਫੇਰੀ ਦੌਰਾਨ ਸ੍ਰੀ ਹਰਿਮੰਦਰ ਸਾਹਿਬ ’ਚ ਸੇਵਾ ਕਰਨ ਦੀ ਇੱਛਾ ਪ੍ਰਗਟ ਕੀਤੀ, ਜਿਸ ’ਚ ਉਹ ਭਾਂਡਿਆਂ ਦੀ ਸੇਵਾ ਵੀ ਕਰ ਸਕਦੇ ਹਨ।
ਇਸੇ ਦੌਰਾਨ ਕਾਂਗਰਸੀ ਆਗੂ ਅਤੇ ਸੰਸਦ ਮੈਂਬਰ ਰਾਹੁਲ ਗਾਂਧੀ ਨੇ ਅੱਜ ਦੂਜੇ ਦਨਿ ਵੀ ਸ੍ਰੀ ਦਰਬਾਰ ਸਾਹਿਬ ਵਿੱਚ ਆਮ ਸ਼ਰਧਾਲੂਆਂ ਵਾਂਗ ਲੰਗਰ ਘਰ ਅਤੇ ਜੋੜਾ ਘਰ ਵਿੱਚ ਸੇਵਾ ਨਿਭਾਈ। ਰਾਹੁਲ ਗਾਂਧੀ ਅੱਜ ਸ੍ਰੀ ਦਰਬਾਰ ਸਾਹਿਬ ਵਿੱਚ ਨਤਮਸਤਕ ਹੋਣ ਸਮੇਂ ਸ੍ਰੀ ਗੁਰੂ ਰਾਮਦਾਸ ਲੰਗਰ ਘਰ ਗਏ, ਜਿੱਥੇ ਆਮ ਸ਼ਰਧਾਲੂਆਂ ਵਾਂਗ ਸੇਵਾ ਕੀਤੀ। ਸ਼ਰਧਾਲੂਆਂ ਨਾਲ ਬੈਠ ਕੇ ਸਬਜ਼ੀ ਕੱਟੀ ਅਤੇ ਬਾਅਦ ਵਿੱਚ ਸੰਗਤ ਦੇ ਜੂਠੇ ਬਰਤਨ ਸਾਫ ਕੀਤੇ। ਇਸ ਦੌਰਾਨ ਉਹ ਸ਼ਰਧਾਲੂਆਂ ਨਾਲ ਗੱਲਾਂ ਵੀ ਕਰਦੇ ਰਹੇ। ਬਾਅਦ ਵਿੱਚ ਲੰਗਰ ਘਰ ਵਿਚ ਪ੍ਰਸ਼ਾਦੇ ਵਰਤਾਉਣ ਦੀ ਸੇਵਾ ਕੀਤੀ ਅਤੇ ਪੰਗਤ ਵਿੱਚ ਬੈਠ ਕੇ ਸੰਗਤ ਦੇ ਨਾਲ ਲੰਗਰ ਵੀ ਛਕਿਆ। ਪਰਿਕਰਮਾ ਕਰਦਿਆਂ ਉਨ੍ਹਾਂ ਅੱਜ ਮੁੜ ਸ੍ਰੀ ਅਕਾਲ ਤਖ਼ਤ ਦੇ ਸਨਮੁੱਖ ਮੱਥਾ ਟੇਕਿਆ ਅਤੇ ਵਾਪਸ ਚਲੇ ਗਏ।
ਉਹ ਕੱਲ੍ਹ ਦੁਪਹਿਰੇ ਗੁਰੂ ਘਰ ਨਤਮਸਤਕ ਹੋਣ ਲਈ ਆਏ ਸਨ। ਉਸ ਵੇਲੇ ਉਨ੍ਹਾਂ ਮੱਥਾ ਟੇਕਿਆ ਤੇ ਗੁਰਬਾਣੀ ਦਾ ਕੀਰਤਨ ਸਰਵਣ ਕੀਤਾ। ਗੁਰੂ ਘਰ ਵਿੱਚ ਰੁਮਾਲਾ ਅਤੇ ਕੜਾਹ ਪ੍ਰਸ਼ਾਦ ਦੀ ਦੇਗ ਵੀ ਭੇਟ ਕੀਤੀ। ਸ੍ਰੀ ਅਕਾਲ ਤਖਤ ’ਤੇ ਮੱਥਾ ਟੇਕਿਆ ਤੇ ਵਾਪਸੀ ਵੇਲੇ ਲਗਪਗ ਘੰਟਾ ਛਬੀਲ ਦੌਰਾਨ ਜੂਠੇ ਬਰਤਨ ਸਾਫ ਕਰਨ ਦੀ ਸੇਵਾ ਕੀਤੀ। ਉਹ ਦੇਰ ਸ਼ਾਮ ਨੂੰ ਮੁੜ ਸ੍ਰੀ ਦਰਬਾਰ ਸਾਹਿਬ ਪੁੱਜੇ ਅਤੇ ਜਲ ਵਰਤਾਉਣ ਦੀ ਸੇਵਾ ਨਿਭਾਈ। ਉਹ ਰਾਤ ਤਕ ਸ੍ਰੀ ਦਰਬਾਰ ਸਾਹਿਬ ਵਿੱਚ ਰਹੇ ਅਤੇ ਸਮਾਪਤੀ ਵੇਲੇ ਪਾਲਕੀ ਸਾਹਿਬ ਨੂੰ ਮੋਢਾ ਦੇਣ ਦੀ ਸੇਵਾ ਨਿਭਾਈ। ਰਾਤ ਵੇਲੇ ਉਨ੍ਹਾਂ ਦਰਸ਼ਨੀ ਡਿਉਢੀ ਦੇ ਅੰਦਰ ਪੁਲ ’ਤੇ ਲੱਗੇ ਸੁਨਹਿਰੀ ਜੰਗਲਿਆਂ ਨੂੰ ਸਾਫ ਕੀਤਾ। ਰਾਤ ਨੂੰ ਉਨ੍ਹਾਂ ਗੁਰੂ ਘਰ ਲਈ ਚੰਦੋਆ ਭੇਟ ਕੀਤਾ। ਇਥੇ ਉਨ੍ਹਾਂ ਇੱਕ ਬੱਚੇ ਨਾਲ ਮੁਲਾਕਾਤ ਕੀਤੀ ਅਤੇ ਉਸ ਕੋਲੋਂ ਉਸ ਦੇ ਮਾਪਿਆਂ ਅਤੇ ਪੜ੍ਹਾਈ ਬਾਰੇ ਪੁੱਛਿਆ। ਛੇਵੀਂ ਜਮਾਤ ਵਿੱਚ ਪੜ੍ਹਦੇ ਏਕਨੂਰ ਸਿੰਘ ਨੇ ਕਿਹਾ ਕਿ ਉਹ ਚੰਗੇ ਇਨਸਾਨ ਹਨ ਅਤੇ ਸਭ ਨੂੰ ਬਰਾਬਰੀ ਦਾ ਦਰਜਾ ਦਿੰਦੇ ਹਨ। ਅੱਜ ਸ੍ਰੀ ਦਰਬਾਰ ਸਾਹਿਬ ਆਉਣ ਸਮੇਂ ਉਨ੍ਹਾਂ ਨਾਲ ਕੋਈ ਕਾਂਗਰਸੀ ਆਗੂ ਨਹੀਂ ਸੀ। ਇਸ ਦੌਰਾਨ ਪੁਲੀਸ ਵੱਲੋਂ ਸੁਰੱਖਿਆ ਦੇ ਕਰੜੇ ਪ੍ਰਬੰਧ ਕੀਤੇ ਹੋਏ ਸਨ। ਸ਼ਾਮ ਵੇਲੇ ਰਾਹੁਲ ਗਾਂਧੀ ਮੁੜ ਸ੍ਰੀ ਦਰਬਾਰ ਸਾਹਿਬ ਪੁੱਜੇ ਅਤੇ ਘੰਟਾ ਘਰ ਵਾਲੇ ਪਾਸੇ ਜੋੜਾਘਰ ਵਿੱਚ ਸੰਗਤ ਦੇ ਜੋੜੇ ਸੰਭਾਲਣ ਦੀ ਸੇਵਾ ਕੀਤੀ।
ਰਾਹੁਲ ਗਾਂਧੀ ਨੇ ਸ਼ਾਮ ਵੇਲੇ ਜੋੜਾਘਰ ਵਿਚ ਕੀਤੀ ਸੇਵਾ : ਕਾਂਗਰਸੀ ਆਗੂ ਰਾਹੁਲ ਗਾਂਧੀ ਅੱਜ ਸਵੇਰੇ ਦੋ ਘੰਟੇ ਗੁਰੂਘਰ ਵਿੱਚ ਰਹੇ। ਇਸ ਦੌਰਾਨ ਉਨ੍ਹਾਂ ਕਰੀਬ ਅੱਧਾ ਘੰਟਾ ਗੁਰੂ ਰਾਮਦਾਸ ਲੰਗਰ ਵਿੱਚ ਸਬਜ਼ੀ ਕੱਟਣ ਅਤੇ ਅੱਧਾ ਘੰਟਾ ਜੂਠੇ ਬਰਤਨ ਸਾਫ ਕਰਨ ਦੀ ਸੇਵਾ ਕੀਤੀ। ਇਸ ਤੋਂ ਇਲਾਵਾ ਉਨ੍ਹਾਂ ਅੱਧਾ ਘੰਟਾ ਲੰਗਰ ਵਰਤਾਉਣ ਅਤੇ ਖੁਦ ਛਕਣ ਵਿੱਚ ਬਿਤਾਇਆ। ਉਪਰੰਤ ਪਰਿਕਰਮਾ ਕਰਦਿਆਂ ਸ੍ਰੀ ਅਕਾਲ ਤਖ਼ਤ ਵਿਖੇ ਮੱਥਾ ਟੇਕਿਆ। ਉਨ੍ਹਾਂ ਸ਼ਾਮੀਂ ਮੁੜ ਦੋ ਘੰਟੇ ਗੁਰੂਘਰ ਵਿੱਚ ਬਿਤਾਏ। ਇਸ ਦੌਰਾਨ ਉਨ੍ਹਾਂ ਪੌਣਾ ਘੰਟਾ ਜੋੜਾਘਰ ਵਿੱਚ ਸੇਵਾ ਕੀਤੀ ਅਤੇ ਬਾਅਦ ਵਿੱਚ ਦਰਬਾਰ ਸਾਹਿਬ ਮੱਥਾ ਟੇਕਿਆ ਤੇ ਗੁਰਬਾਣੀ ਕੀਰਤਨ ਸਰਵਣ ਕੀਤਾ। ਭਲਕੇ ਤੜਕਸਾਰ ਉਨ੍ਹਾਂ ਦੇ ਮੁੜ ਮੱਥਾ ਟੇਕਣ ਆਉਣ ਦੀ ਸੰਭਾਵਨਾ ਹੈ। ਉਪਰੰਤ ਉਹ ਦਿੱਲੀ ਵਾਪਸ ਜਾ ਸਕਦੇ ਹਨ।