ਗੁਰੂ ਨਾਨਕ ਦੇ ਵੈਰੀ

ਗੁਰੂ ਨਾਨਕ ਦੇ ਵੈਰੀ

ਕਿਸੇ ਵੀ ਹਾਲਤ ’ਚ ਗੁਰਦੁਆਰੇ ਦੀ ਉਸਾਰੀ ਨਹੀਂ ਹੋਣ ਦਿੱਤੀ ਜਾਵੇਗੀ : ਮੁੱਖ ਮੰਤਰੀ ਪ੍ਰੇਮ ਤਮਾਂਗ
ਦੁਨੀਆ ਭਰਦੇ ਸਿੱਖਾਂ ਵਲੋਂ ਨਿਖੇਧੀ


ਚੰਡੀਗੜ੍ਹ : ਗੁਰਦੁਆਰਾ ਸ੍ਰੀ ਗੁਰੂ ਡਾਂਗਮਾਰ ਸਾਹਿਬ ਦੇ ਮੁੱਦੇ ਨੂੰ ਲੈ ਕੇ ਸਿੱਕਮ ਦੇ ਮੁੱਖ ਮੰਤਰੀ ਵੱਲੋਂ ਦਿੱਤੇ ਨਿੰਦਣਯੋਗ ਬਿਆਨ ਨੂੰ ਪੂਰੇ ਦੇਸ਼ ਦੇ ਸਿੱਖਾਂ ਨੇ ਨਕਾਰਿਆ। ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਪ੍ਰੈਸ ਕਾਨਫਰੰਸ ਦੌਰਾਨ ਦੱਸਿਆ ਕਿ ਜਿਸ ਗੁੁਰੂਘਰ ਅਤੇ ਗੁਰੂ ਸਾਹਿਬ ਦਾ ਨਾਂ ਲੈ ਕੇ ਹਿੰਦੂ ਭਾਰਤੀ ਸੁਪਰੀਮ ਕੋਰਟ ਵਿੱਚ ਸ਼੍ਰੀ ਰਾਮ ਮੰਦਰ ਦਾ ਕੇਸ ਜਿੱਤੇ ਉਸ ਹੀ ਗੁਰੂ ਘਰ ਨੂੰ ਹੰਕਾਰੀ ਮੁੱਖ ਮੰਤਰੀ ਤਬਾਹ ਕਰਨ ਉਪਰ ਤੁਲਿਆ ਹੋਇਆ ਜਿਸ ਦੀ ਪੂਰੀ ਦੁਨੀਆ ’ਚ ਵਸਦੇ ਸਿੱਖਾਂ ਵਲੋਂ ਸਖਤ ਨਿਖੇਧੀ ਕੀਤੀ ਗਈ।
ਅੱਜ ਚੰਡੀਗੜ੍ਹ ਵਿਖੇ ਪੱਤਰਕਾਰਾਂ ਨੂੰ ਸੰਬੋਧਨ ਕਰਦਿਆਂ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਜਨਰਲ ਸਕੱਤਰ ਭਾਈ ਗੁਰਚਰਨ ਸਿੰਘ ਗਰੇਵਾਲ ਅਤੇ ਸ਼੍ਰੋਮਣੀ ਅਕਾਲੀ ਦਲ ਦੇ ਸਕੱਤਰ ਗੁਰਜੀਤ ਸਿੰਘ ਤਲਵੰਡੀ ਨੇ ਸਿੱਕਮ ਦੇ ਮੁੱਖ ਮੰਤਰੀ ਵੱਲੋਂ ਦਿੱਤੇ ਬਿਆਨ ਦੀ ਨਿਖੇਧੀ ਕੀਤੀ।
ਗੁਰਦੁਆਰਾ ਸ੍ਰੀ ਗੁਰੂ ਡਾਂਗਮਾਰ ਸਾਹਿਬ ਦਾ ਇਹ ਅਸਥਾਨ ਸਿੱਖਾਂ ਦੇ ਪਹਿਲੇ ਗੁਰੂ ਸ੍ਰੀ ਗੁਰੂ ਨਾਨਕ ਦੇਵ ਜੀ ਦੀ ਯਾਤਰਾ ਨਾਲ ਜੁੜਿਆ ਹੋਇਆ ਹੈ।
ਇਸ ਗੁਰਦੁਆਰਾ ਸਾਹਿਬ ਦਾ ਕੇਸ ਸਿੱਕਮ ਦੀ ਹਾਈਕੋਰਟ ਵਿੱਚ ਹੈ ਅਤੇ ਫੈਸਲਾ ਮਾਣਯੋਗ ਅਦਾਲਤ ਨੇ ਰਾਖਵਾਂ ਰੱਖ ਲਿਆ ਹੈ। ਮਾਣਯੋਗ ਅਦਾਲਤ ਦੀ ਉਲੰਘਣਾ ਕਰਦਿਆਂ ਸਿੱਕਮ ਦੇ ਮੁੱਖ ਮੰਤਰੀ ਪ੍ਰੇਮ ਸਿੰਘ ਤਮਾਂਗ ਨੇ ਕਿਹਾ ਕਿ ਕਿਸੇ ਵੀ ਹਾਲਤ ਵਿੱਚ ਗੁਰਦੁਆਰਾ ਸਾਹਿਬ ਦੀ ਉਸਾਰੀ ਨਹੀਂ ਹੋਣ ਦਿੱਤੀ ਜਾਵੇਗੀ, ਜੋ ਕਿ ਬਹੁਤ ਹੀ ਨਿੰਦਣਯੋਗ ਅਤੇ ਤਰਕਹੀਣ ਹੈ।
ਸ਼੍ਰੋਮਣੀ ਕਮੇਟੀ ਇਸ ਗੁਰਦੁਆਰਾ ਸਾਹਿਬ ਨੂੰ ਸਿੱਖ ਰਹਿਤ ਮਰਯਾਦਾ ਅਨੁਸਾਰ ਸੰਭਾਲਣ ਲਈ ਵਚਨਬੱਧ ਹੈ ਕਿਉਂਕਿ ਇਸ ਨਾਲ ਸ੍ਰੀ ਗੁਰੂ ਨਾਨਕ ਦੇਵ ਜੀ ਦੀ ਯਾਤਰਾ ਦਾ ਸਬੰਧ ਹੈ। ਸਿੱਕਮ ਦੇ ਮੁੱਖ ਮੰਤਰੀ ਵੱਲੋਂ ਦਿੱਤੇ ਬਿਆਨ ਨਾਲ ਜਿੱਥੇ ਸਮੁੱਚੇ ਸਿੱਖ ਜਗਤ ਦੀਆਂ ਭਾਵਨਾਵਾਂ ਨੂੰ ਠੇਸ ਪੁੱਜੀ ਹੈ, ਉੱਥੇ ਹੀ ਸਿੱਖ ਭਾਈਚਾਰੇ ਵਿੱਚ ਵੀ ਭਾਰੀ ਰੋਸ ਹੈ। ਭਾਈ ਗਰੇਵਾਲ ਅਤੇ ਤਲਵੰਡੀ ਵੱਲੋਂ ਇਹ ਵੀ ਕਿਹਾ ਗਿਆ ਕਿ ਕਿਸੇ ਨੂੰ ਵੀ ਕਿਸੇ ਵੀ ਹਾਲਤ ਵਿੱਚ ਮਨਮਾਨੀ ਕਰਨ ਦੀ ਇਜਾਜ਼ਤ ਨਹੀਂ ਦਿੱਤੀ ਜਾਵੇਗੀ। ਸਿੱਖ ਕੌਮ ਆਪਣੇ ਇਤਿਹਾਸਕ ਗੁਰਧਾਮਾਂ ਦੀ ਸੇਵਾ ਸੰਭਾਲ ਅਤੇ ਸੇਵਾ ਲਈ ਆਪਣੀ ਜਾਨ ਵੀ ਜੋਖ਼ਮ ਵਿੱਚ ਪਾ ਸਕਦੀ ਹੈ।
ਇਸ ਮਾਮਲੇ ਵਿੱਚ ਅਦਾਲਤ ਵਿੱਚ ਹਵਾਲਾ ਅਤੇ ਸਬੂਤ ਵਜੋਂ ਪੇਸ਼ ਕੀਤਾ ਗਿਆ 750 ਪੰਨਿਆਂ ਦਾ ਦਸਤਾਵੇਜ਼, ਸ੍ਰੀ ਗੁਰੂ ਨਾਨਕ ਦੇਵ ਜੀ ਦੁਆਰਾ ਤੀਸਰੀ ਸੁਮੇਰ ਉਦਾਸੀ ਦੇ ਇਤਿਹਾਸ ਨੂੰ ਦਰਜ ਕਰਕੇ ਵੀ ਪ੍ਰੈਸ ਦੇ ਸਾਹਮਣੇ ਰੱਖਿਆ ਗਿਆ, ਜਿਸ ਵਿੱਚ ਸਿੱਕਮ ਵਿੱਚ ਗੁਰਦੁਆਰਾ ਸ੍ਰੀ ਗੁਰੂ ਡਾਂਗਮਾਰ ਸਾਹਿਬ ਦਾ ਸਪਸ਼ਟ ਜ਼ਿਕਰ ਹੈ।