ਪਟਿਆਲਾ ਰੈਲੀ: ਸਰਕਾਰੀ ਬੱਸਾਂ ਨੇ ਢੋਏ ‘ਆਪ’ ਵਰਕਰ

ਪਟਿਆਲਾ ਰੈਲੀ: ਸਰਕਾਰੀ ਬੱਸਾਂ ਨੇ ਢੋਏ ‘ਆਪ’ ਵਰਕਰ

ਲੋਕ ਅੱਡਿਆਂ ਵਿੱਚ ਉਡੀਕਦੇ ਰਹੇ ਲਾਰੀਆਂ; ਪ੍ਰਾਈਵੇਟ ਬੱਸ ਮਾਲਕਾਂ ਦੀ ਰਹੀ ਚਾਂਦੀ
ਮੋਗਾ-ਮੁੱਖ ਮੰਤਰੀ ਭਗਵੰਤ ਮਾਨ ਅਤੇ ਆਮ ਆਦਮੀ ਪਾਰਟੀ ਦੇ ਕੌਮੀ ਕਨਵੀਨਰ ਤੇ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਦੀ ਪਟਿਆਲਾ ਵਿੱਚ ‘ਤੰਦਰੁਸਤ ਪੰਜਾਬ ਰੈਲੀ’ ਵਿੱਚ ਸੂਬੇ ਭਰ ਵਿੱਚੋਂ ਅੱਜ ਸਾਰਾ ਦਨਿ ਪੰਜਾਬ ਰੋਡਵੇਜ਼ ਤੇ ਪੀਆਰਟੀਸੀ ਦੀਆਂ ਬੱਸਾਂ ‘ਆਪ’ ਵਰਕਰਾਂ ਨੂੰ ਢੋਣ ’ਚ ਲੱਗੀਆਂ ਰਹੀਆਂ। ਇਸ ਦੌਰਾਨ ਸਰਕਾਰੀ ਬੱਸਾਂ ਦੇ ਕਾਫੀ ਰੂਟ ਰੱਦ ਹੋਣ ਕਾਰਨ ਸਵਾਰੀਆਂ ਅੱਡਿਆਂ ਵਿੱਚ ਖੜ੍ਹੀਆਂ ਖੁਆਰ ਹੁੰਦੀਆਂ ਰਹੀਆਂ ਅਤੇ ਸਰਕਾਰੀ ਬੱਸਾਂ ਦੀ ਘਾਟ ਕਾਰਨ ਪ੍ਰਾਈਵੇਟ ਬੱਸ ਮਾਲਕਾਂ ਦੀ ਚਾਂਦੀ ਰਹੀ। ਸਰਕਾਰੀ ਬੱਸਾਂ ਵਿੱਚ ਮੁਫ਼ਤ ਸਫ਼ਰ ਕਰਨ ਦੀ ਸਹੂਲਤ ਲੈਣ ਵਾਲੀਆਂ ਔਰਤਾਂ ਨੂੰ ਵੀ ਅੱਜ ਕਿਰਾਇਆ ਦੇ ਕੇ ਆਪਣੀ ਮੰਜ਼ਿਲ ਤੱਕ ਪਹੁੰਚਣਾ ਪਿਆ।

ਮੋਗਾ ਪੰਜਾਬ ਰੋਡਵੇਜ਼ ਡਿੱਪੂ ਅੱਡਾ ਇੰਚਾਰਜ ਗੁਰਜੀਤ ਸਿੰਘ ਨੇ ਦੱਸਿਆ ਕਿ ਮੋਗਾ ਡਿੱਪੂ ਦੀਆਂ 29 ਬੱਸਾਂ ਸਮਾਗਮ ਲਈ ਗਈਆਂ ਹਨ। ਉਨ੍ਹਾਂ ਪੁਸ਼ਟੀ ਕੀਤੀ ਕਿ ਹੋਰਨਾਂ ਡਿੱਪੂਆਂ ਵਿੱਚੋਂ ਵੀ ਸਮਾਗਮ ਲਈ ਬੱਸਾਂ ਗਈਆਂ ਹੋਈਆਂ ਹਨ। ਮਿਲੀ ਜਾਣਕਾਰੀ ਅਨੁਸਾਰ ਕਰੀਬ 1200 ਬੱਸਾਂ ਇਸ ਸਮਾਗਮ ਲਈ ਹੀ ਬੁੱਕ ਦੱਸੀਆਂ ਜਾ ਰਹੀਆਂ ਸਨ ਜਨਿ੍ਹਾਂ ਵਿੱਚੋਂ ਪੀਆਰਟੀਸੀ ਦੀਆਂ 611 ਬੱਸਾਂ ਬਰਨਾਲਾ, ਬਠਿੰਡਾ, ਫ਼ਰੀਦਕੋਟ, ਮਾਨਸਾ, ਪਟਿਆਲਾ ਤੇ ਸੰਗਰੂਰ ਜ਼ਿਲ੍ਹਿਆਂ ਦੇ ‘ਆਪ’ ਵਰਕਰਾਂ ਨੂੰ ਢੋਣ ਲਈ ਲਾਈਆਂ ਹੋਈਆਂ ਸਨ।

ਸਰਕਾਰੀ ਬੱਸਾਂ ਦੇ ਪਟਿਆਲਾ ਰੈਲੀ ਲਈ ਰਵਾਨਾ ਹੋਣ ਤੋਂ ਬਾਅਦ ਕਈ ਰੂਟ ਰੱਦ ਕਰਨੇ ਪਏ। ਬੱਸਾਂ ਦੀ ਘਾਟ ਕਾਰਨ ਹੋਰ ਰਾਜਾਂ ਤੇ ਵੱਡੇ ਸ਼ਹਿਰਾਂ ਨੂੰ ਜਾਣ ਵਾਲੀਆਂ ਬੱਸਾਂ ਵੀ ਅੱਡਿਆਂ ’ਚ ਨਹੀਂ ਆਈਆਂ। ਇੱਥੇ ਬੱਸ ਅੱਡੇ ਵਿੱਚ ਸਵਾਰੀਆਂ ਸਾਰਾ ਦਨਿ ਕਾਊਂਟਰਾਂ ’ਤੇ ਬੱਸਾਂ ਦੀ ਉਡੀਕ ਕਰਦੀਆਂ ਰਹੀਆਂ। ਇੱਥੋਂ ਪੰਜ-10 ਮਿੰਟ ਦੇ ਵਕਫੇ ਮਗਰੋਂ ਮਿਲਣ ਵਾਲੀਆਂ ਪ੍ਰਾਈਵੇਟ ਬੱਸਾਂ ਲਈ ਵੀ ਅੱਜ ਸਵਾਰੀਆਂ ਨੂੰ ਘੰਟਾ-ਘੰਟਾ ਉਡੀਕ ਕਰਨੀ ਪਈ। ਹਾਲਾਤ ਇਹ ਸਨ ਕਿ ਘੰਟਾ-ਘੰਟਾ ਅੱਡੇ ਵਿੱਚ ਬੱਸ ਨਹੀਂ ਆਉਂਦੀ ਸੀ ਤੇ ਜੇਕਰ ਕੋਈ ਬੱਸ ਆ ਜਾਂਦੀ ਸੀ ਤਾਂ ਕਾਊਂਟਰ ’ਤੇ ਲੱਗਣ ਤੋਂ ਪਹਿਲਾਂ ਹੀ ਭਰ ਜਾਂਦੀ ਸੀ, ਜਿਸ ਕਰ ਕੇ ਯਾਤਰੀਆਂ ਵਿੱਚ ਧੱਕਾ-ਮੁੱਕੀ ਹੁੰਦੀ ਰਹੀ। ਬਜ਼ੁਰਗ ਸਵਾਰੀਆਂ ਨੂੰ ਭਾਰੀ ਦਿੱਕਤਾਂ ਦਾ ਸਾਹਮਣਾ ਕਰਨਾ ਪਿਆ। ਸਰਕਾਰੀ ਬੱਸਾਂ ਵਿੱਚ ਮੁਫ਼ਤ ਸਫ਼ਰ ਕਰਨ ਦੀ ਸਹੂਲਤ ਲੈਣ ਵਾਲੀਆਂ ਔਰਤਾਂ ਨੂੰ ਵੀ ਅੱਜ ਕਿਰਾਇਆ ਦੇ ਕੇ ਆਪਣੀ ਮੰਜ਼ਿਲ ਤੱਕ ਪਹੁੰਚਣਾ ਪਿਆ। ­