‘ਆਪ’ ਸਰਕਾਰ ਦੀ ਰੈਲੀ ਨੇ ਤੋੜਿਆ ਕਈ ਸਾਲਾਂ ਦਾ ਰਿਕਾਰਡ

‘ਆਪ’ ਸਰਕਾਰ ਦੀ ਰੈਲੀ ਨੇ ਤੋੜਿਆ ਕਈ ਸਾਲਾਂ ਦਾ ਰਿਕਾਰਡ

ਪਟਿਆਲਾ- ਪਟਿਆਲਾ ਸ਼ਹਿਰ ਕੈਪਟਨ ਅਮਰਿੰਦਰ ਸਿੰਘ ਦੇ ਦੋ ਵਾਰ ਮੁੱਖ ਮੰਤਰੀ ਬਣਨ ਸਮੇਤ ਕਈ ਹੋਰ ਪੱਖਾਂ ਨੂੰ ਲੈ ਕੇ ਵੀ ਖਿੱਚ ਦਾ ਕੇਂਦਰ ਰਿਹਾ ਹੈ। ਇੱਥੇ ਪੰਜਾਬ ਸਰਕਾਰ ਦੇ ਕਈ ਸੂਬਾਈ ਦਫ਼ਤਰ ਹੋਣ ਤੋਂ ਇਲਾਵਾ ਇਹ ਸ਼ਹਿਰ ਕਈ ਮੁਲਾਜ਼ਮਾਂ ਦੀ ਪੱਕੀ ਠਾਹਰ ਹੋਣ ਕਰ ਕੇ ਇੱਥੇ ਮੁਲਾਜ਼ਮਾਂ ਦੇ ਧਰਨੇ ਮੁਜ਼ਾਹਰੇ ਵੀ ਆਮ ਹੁੰਦੇ ਰਹਿੰਦੇ ਹਨ। ਸਿਆਸੀ ਪੱਖੋਂ ਵੀ ਇਹ ਸ਼ਹਿਰ ਅਹਿਮ ਸਥਾਨ ਰੱਖਦਾ ਹੈ, ਜਿਸ ਕਰ ਕੇ ਇੱਥੇ ਵੱਡੇ ਇਕੱਠ ਹੁੰਦੇ ਹੀ ਰਹਿੰਦੇ ਹਨ। ਸਿਆਸੀ ਆਗੂਆਂ, ਕਿਸਾਨਾਂ ਅਤੇ ਮੁਲਾਜ਼ਮਾਂ ਆਦਿ ਵਰਗਾਂ ਵੱੱਲੋਂ ਕਈ ਵਾਰ ਪੰਜਾਬ ਪੱਧਰ ’ਤੇ ਇੱਥੇ ਵੱਡੇ-ਵੱਡੇ ਇਕੱਠ ਕੀਤੇ ਗਏ ਹਨ ਪਰ ਸਿਹਤ ਵਿਭਾਗ ਦੇ ਸਮਾਗਮ ਨੂੰ ਸਮਰਪਿਤ ‘ਆਪ’ ਸਰਕਾਰ ਦੇ ਸਰਕਾਰੀ ਸਮਾਗਮ ’ਤੇ ਆਧਾਰਤ ਅੱਜ ਇੱਥੇ ਹੋਈ ਸੂਬਾ ਪੱਧਰੀ ਰੈਲੀ ਵਿੱਚ ਜੁੜੇ ਹਜ਼ਾਰਾਂ ਦੇ ਇਕੱਠ ਨੇ ਕਈ ਸਾਲਾਂ ਦੇ ਰਿਕਾਰਡ ਤੋੜ ਦਿੱਤੇ ਹਨ।

ਭਾਵੇਂ ਕਿ ਇਹ ਪ੍ਰੋਗਰਾਮ ਅਜੇ ਕੁਝ ਦਨਿ ਪਹਿਲਾਂ ਹੀ ਉਲੀਕਿਆ ਗਿਆ ਸੀ, ਪਰ ਫਿਰ ਵੀ ਇਕੱਠ ਪੱਖੋਂ ਅੱਜ ਦੀ ਇਹ ਰੈਲੀ ਸਫ਼ਲ ਰਹੀ। ਬਿਨਾ ਸ਼ੱਕ ਪਟਿਆਲਾ ਦੀ ਧਰਤੀ ’ਤੇ ਅੱਜ ਦਾ ਇਹ ਇਕੱਠ ਕਈ ਸਾਲਾਂ ਮਗਰੋਂ ਜੁੜਿਆ ਹੈ। ਕੁਝ ਮਹੀਨੇ ਪਹਿਲਾਂ ਹੀ ਯੂਥ ਅਕਾਲੀ ਦਲ ਦੇ ਕੌਮੀ ਪ੍ਰਧਾਨ ਬਣਾਏ ਗਏ ਪਟਿਆਲਾ ਜ਼ਿਲ੍ਹੇ ਦੇ ਨਾਲ ਹੀ ਲੱਗਦੇ ਫਤਹਿਗੜ੍ਹ ਸਾਹਿਬ ਜ਼ਿਲ੍ਹੇ ਦੇ ਪਿੰਡ ਝਿੰਜਰ ਦੇ ਵਸਨੀਕ ਸਰਬਜੀਤ ਸਿੰਘ ਝਿੰਜਰ ਦੀ ਅਗਵਾਈ ਹੇਠ ਕਈ ਦਿਨਾਂ ਤੋਂ ਵਿੱਢੀ ਮੁਹਿੰਮ ਤਹਿਤ ਪੰਜਾਬ ਭਰ ਵਿੱਚ ਕੀਤੀਆਂ ਜਾ ਰਹੀਆਂ ਰੈਲੀਆਂ ਦੌਰਾਨ ਹੁੰਦੀ ਹਜ਼ਾਰਾਂ ਲੋਕਾਂ ਦੀ ਇਕੱਤਰਤਾ ਵੀ ਖਿੱੱਚ ਦਾ ਕੇਂਦਰ ਬਣੀ ਹੋਈ ਹੈ ਪਰ ਯੂਥ ਅਕਾਲੀ ਦਲ ਦੇ ਇਕੱਠ ਵੀ ਅੱੱਜ ਦੀ ਪਟਿਆਲਾ ਰੈਲੀ ਤੋਂ ਘੱਟ ਹੀ ਹੋ ਰਹੇ ਹਨ। ਅੱਜ ਦੀ ਇਸ ਰੈਲੀ ਲਈ ਜਿੱਥੇ ਸਿਹਤ ਮੰਤਰੀ ਵਜੋਂ ਡਾ. ਬਲਬੀਰ ਸਿੰਘ ਅਤੇ ਹਲਕਾ ਵਿਧਾਇਕ ਅਜੀਤਪਾਲ ਕੋਹਲੀ ਤੇ ਵਿਧਾਇਕ ਹਰਮੀਤ ਪਠਾਣਮਾਜਰਾ, ਗੁਰਲਾਲ ਘਨੌਰ ਸਮੇਤ ਕਈ ਹੋਰਨਾਂ ਨੇ ਦਨਿ-ਰਾਤ ਮਿਹਨਤ ਕੀਤੀ ਹੈ, ਉੱਥੇ ਹੀ ਕੈਬਨਿਟ ਮੰਤਰੀ ਹਰਪਾਲ ਚੀਮਾ, ਚੇਤਨ ਸਿੰਘ ਜੌੜਾਮਜਰਾ, ਅਮਨ ਅਰੋੜਾ ਸਮੇਤ ‘ਆਪ’ ਦੇ ਕਾਰਜਕਾਰੀ ਪ੍ਰਧਾਨ ਬੁੱਧ ਰਾਮ, ਜਨਰਲ ਸਕੱਤਰ ਹਰਚੰਦ ਬਰਸਟ ਸਮੇਤ ਚੇਅਰਮੈਨ ਰਣਜੋਧ ਹਡਾਣਾ, ਇੰਦਰਜੀਤ ਸੰਧੂ, ਬਲਜਿੰਦਰ ਢਿਲੋਂ ਅਤੇ ਦਲਬੀਰ ਯੂਕੇ ਸਮੇਤ ਕਈ ਹੋਰ ਆਗੂਆਂ ਤੇ ਵਰਕਰਾਂ ਨੇ ਇਸ ਰੈਲੀ ਦੀ ਸਫ਼ਲਤਾ ਲਈ ਸ਼ਿੱਦਤ ਨਾਲ ਮਿਹਨਤ ਕੀਤੀ।

ਸਾਬਕਾ ਮੰਤਰੀ ਸੁਰਜੀਤ ਰੱਖੜਾ, ਅਕਾਲੀ ਦਲ ਦੇ ਜਨਰਲ ਸਕੱਤਰ ਰਾਜੂ ਖੰਨਾ, ਹਰਵਿੰਦਰ ਹਰਪਾਲਪੁਰ ਤੇ ਹਰਵਿੰਦਰ ਹਰਪਾਲਪੁਰ ਸਮੇਤ ਕਈ ਹੋਰਨਾਂ ਨੇ ਇਸ ਰੈਲੀ ਸਬੰਧੀ ਸਰਕਾਰ ਨੂੰ ਲੰਬੇ ਹੱੱਥੀਂ ਲਿਆ। ਦੂਜੇ ਪਾਸੇ ਵਿੱਤ ਮੰਤਰੀ ਹਰਪਾਲ ਚੀਮਾ ਅਤੇ ਕੈਬਨਿਟ ਮੰਤਰੀ ਚੇਤਨ ਸਿੰਘ ਜੌੜਾਮਾਜਰਾ ਸਮੇਤ ਹਲਕਾ ਵਿਧਾਇਕ ਅਜੀਤਪਾਲ ਕੋਹਲੀ ਨੇ ਵਿਰੋਧੀ ਧਿਰਾਂ ਦੇ ਅਜਿਹੇ ਦੋਸ਼ਾਂ ਨੂੰ ਨਕਾਰਦਿਆਂ ਕਿਹਾ ਕਿ ਇਸ ਰੈਲੀ ’ਚ ਕਿਸੇ ਵੀ ਬੁਲਾਰੇ ਨੇ ਸਿੱਧੇ ਜਾਂ ਅਸਿੱਧੇ ਢੰਗ ਨਾਲ ਵੋਟਾਂ ਦੀ ਕੋਈ ਗੱਲ ਨਹੀਂ ਕੀਤੀ। ਇਹ ਰੈਲੀ ਕਿਉਂਕਿ ਸਰਕਾਰੀ ਸਮਾਗਮ ਨੂੰ ਸਮਰਪਿਤ ਸੀ, ਇਸ ਕਰਕੇ ਇਸ ਦੌਰਾਨ ਸਰਕਾਰੀ ਨੀਤੀਆਂ ਤੇ ਪ੍ਰੋਗਰਾਮ ’ਤੇ ਹੀ ਚਰਚਾ ਹੋਈ ਹੈ।