ਨਸ਼ਾ ਤਸਕਰੀ ਤੇ ਭ੍ਰਿਸ਼ਟਾਚਾਰ ਖ਼ਿਲਾਫ਼ ਸਾਰੀਆਂ ਸਿਆਸੀ ਪਾਰਟੀਆਂ ਇਕਜੁੱਟ ਹੋਣ: ਕੇਜਰੀਵਾਲ

ਨਸ਼ਾ ਤਸਕਰੀ ਤੇ ਭ੍ਰਿਸ਼ਟਾਚਾਰ ਖ਼ਿਲਾਫ਼ ਸਾਰੀਆਂ ਸਿਆਸੀ ਪਾਰਟੀਆਂ ਇਕਜੁੱਟ ਹੋਣ: ਕੇਜਰੀਵਾਲ

ਪਟਿਆਲਾ- ‘ਮਿਸ਼ਨ ਸਿਹਤਮੰਦ ਪੰਜਾਬ’ ਉੱਤੇ ਆਧਾਰਤ ਸਰਕਾਰੀ ਸਮਾਗਮ ਨੂੰ ਸਮਰਪਿਤ ਅੱੱਜ ਇੱਥੇ ਹੋਈ ਸੂਬਾਈ ਰੈਲੀ ਵਿੱਚ ਜੁੜੇ ਠਾਠਾਂ ਮਾਰਦੇ ਇਕੱਠ ਨੂੰ ਦੇਖ ਕੇ ਆਮ ਆਦਮੀ ਪਾਰਟੀ ਦੇ ਕੌਮੀ ਕਨਵੀਨਰ ਅਤੇ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਬਾਗੋ ਬਾਗ਼ ਹੋ ਗਏ। ਉਨ੍ਹਾਂ ਦਾ ਤਰਕ ਸੀ ਕਿ ਲੋਕਾਂ ਦਾ ਇਸ ਕਦਰ ਸਰਕਾਰੀ ਸਮਾਗਮਾਂ ਵਿੱਚ ਵੀ ਹੁੰਮ-ਹੁਮਾ ਕੇ ਪੁੱਜਣਾ ਪੰਜਾਬ ਸਰਕਾਰ ਦੀਆਂ ਨੀਤੀਆਂ ਪ੍ਰਤੀ ਲੋਕ ਮਨਾਂ ’ਚ ਖੁਸ਼ੀ ਦੀ ਲਹਿਰ ਦਾ ਪ੍ਰਗਟਾਵਾ ਹੈ।

ਇਕੱਠ ਨੂੰ ਸੰਬੋਧਨ ਕਰਦਿਆਂ ਅਰਵਿੰਦ ਕੇਜਰੀਵਾਲ ਨੇ ਕਿਹਾ ਕਿ ਭ੍ਰਿਸ਼ਟਾਚਾਰ ਅਤੇ ਨਸ਼ਾ ਕਿਸੇ ਵੀ ਵਰਗ, ਜਮਾਤ, ਸੰਗਠਨ ਅਤੇ ਸਮਾਜ ਲਈ ਬੇਹੱਦ ਘਾਤਕ ਹੁੰਦਾ ਹੈ, ਇਸ ਕਰ ਕੇ ਇਨ੍ਹਾਂ ਦੋਹਾਂ ਹੀ ਅਲਾਮਤਾਂ ਖ਼ਿਲਾਫ਼ ਸਾਰੀਆਂ ਸਿਆਸੀ ਧਿਰਾਂ ਨੂੰ ਪਾਰਟੀ ਪੱਧਰ ਤੋਂ ਉੱਪਰ ਉੱਠ ਕੇ ਅੱਗੇ ਆਉਣ ਦੀ ਲੋੜ ਹੈ। ਉਨ੍ਹਾਂ ਕਿਹਾ ਕਿ ਸਿਆਸੀ ਧਿਰਾਂ ਨੂੰ ਚਾਹੀਦਾ ਹੈ ਕਿ ਉਹ ਭ੍ਰਿਸ਼ਟਾਚਾਰੀਆਂ ਅਤੇ ਨਸ਼ਾ ਤਸਕਰਾਂ ਜਾਂ ਉਨ੍ਹਾਂ ਦੇ ਹਮਾਇਤੀਆਂ ਨੂੰ ਆਪੋ-ਆਪਣੀਆਂ ਪਾਰਟੀਆਂ ਵਿਚੋਂ ਬਾਹਰ ਦਾ ਰਸਤਾ ਦਿਖਾਉਣ। ਉਨ੍ਹਾਂ ਕਿਹਾ ਕਿ ‘ਆਪ’ ਸਰਕਾਰ ਭ੍ਰਿਸ਼ਟਾਚਾਰੀਆਂ ਦੇ ਸੰਘ ਵਿੱਚ ਹੱੱਥ ਪਾ ਕੇ ਵੀ ਲੁੱਟ ਦਾ ਪੈਸਾ ਕੱਢ ਲਿਆਵੇਗੀ। ਉਨ੍ਹਾਂ ਜਿੱਥੇ ਬਿਨਾ ਨਾਮ ਲਿਆਂ ਸੁਖਪਾਲ ਖਹਿਰਾ ’ਤੇ ਤਨਜ਼ ਕੱਸਿਆ, ਉੱਥੇ ਹੀ ਭ੍ਰਿਸ਼ਟ ਕਾਰਵਾਈਆਂ ਲਈ ਪ੍ਰਮੁੱਖ ਅਕਾਲੀ ਆਗੂਆਂ ਨੂੰ ਵੀ ਲੰਬੇ ਹੱਥੀਂ ਲਿਆ।

ਮਾਨ ਸਰਕਾਰ ਦੀ ਕਾਰਗੁਜ਼ਾਰੀ ’ਤੇ ਤਸੱਲੀ ਪ੍ਰਗਟ ਕਰਦਿਆਂ ਉਨ੍ਹਾਂ ਕਿਹਾ ਕਿ ਇਨ੍ਹਾਂ ਦੋਹਾਂ ਹੀ ਭ੍ਰਿਸ਼ਟਾਚਰਾਂ ਅਤੇ ਨਸ਼ਾ ਤਸਕਰੀ ਖ਼ਿਲਾਫ਼ ਮੁਹਿੰਮ ਛੇੜ ਕੇ ਪੰਜਾਬ ਸਰਕਾਰ ਨੇ ਕਾਫ਼ੀ ਸੁਧਾਰ ਕੀਤਾ ਹੈ। ਉਨ੍ਹਾਂ ਲੋਕਾਂ ਨੂੰ ਵੀ ਸਰਕਾਰ ਦਾ ਸਹਿਯੋਗ ਦੇਣ ਦੀ ਅਪੀਲ ਕੀਤੀ। ਅਮਨ ਅਤੇ ਕਾਨੂੰਨ ਦੀ ਸਥਿਤੀ ’ਚ ਵਧੇਰੇ ਸੁਧਾਰ ਲਿਆਉਣ ਦੇ ਹਵਾਲੇ ਨਾਲ ਉਨ੍ਹਾਂ ਪੰਜਾਬ ਪੁਲੀਸ ਦੀ ਪਿੱਠ ਥਾਪੜੀ ਤੇ ਕਿਹਾ ਕਿ ਦੇਸ਼ ਪੱਧਰ ’ਤੇ ਇਸ ਪੱਖੋਂ ਪੰਜਾਬ ਦੇ ਵਧੇਰੇ ਹੇਠਾਂ ਡਿੱਗੇ ਗਰਾਫ ਵਿੱਚ ਪੰਜਾਬ ਸਰਕਾਰ ਅਤੇ ਸੂਬੇ ਦੀ ਪੁਲੀਸ ਨੇ ਕਾਫ਼ੀ ਸੁਧਾਰ ਲਿਆਂਦਾ ਹੈ। ਉਨ੍ਹਾਂ ਕਿਹਾ ਕਿ ਕਿਉਂਕਿ ਪੰਜਾਬ ਵਾਸੀਆਂ ਨੂੰ ਅਸੀਂ ਸਾਫ਼ ਸੁਥਰਾ ਤੇ ਬਿਹਤਰ ਸਾਸ਼ਨ ਅਤੇ ਹਰ ਪੱਖੋਂ ਢੁਕਵੀਂਆਂ ਸਹੂਲਤਾਂ ਦੇਣ ਦਾ ਵਾਅਦਾ ਕੀਤਾ ਹੈ। ਇਸ ਕਰ ਕੇ ਇਨ੍ਹਾਂ ਸਾਰਿਆਂ ਵਾਅਦਿਆਂ ਦੀ ਪੂਰਤੀ ਲਈ ਸਰਕਾਰ ਵਚਨਬੱਧ ਹੈ। ­ ਉਨ੍ਹਾਂ ਕਿਹਾ ਕਿ 18 ਮਹੀਨਿਆਂ ’ਚ ਭਗਵੰਤ ਮਾਨ ਦੀ ਸਰਕਾਰ ਨੇ ਸੂਬੇ ਦੇ ਹਰ ਖੇਤਰ ਵਿੱਚ ਵੱਡੀ ਕ੍ਰਾਂਤੀ ਲਿਆਂਦੀ ਹੈ। ਉਨ੍ਹਾਂ ਕਿਹਾ ਕਿ ਹੁਣ ਪੰਜਾਬ ਸਰਕਾਰ ਜਲਦੀ ਹੀ ਨਾਗਰਿਕ ਕੇਂਦਰਿਤ ਸੇਵਾਵਾਂ ਲੋਕਾਂ ਨੂੰ ਉਨ੍ਹਾਂ ਦੇ ਦਰਾਂ ’ਤੇ ਪਹੁੰਚਾਉਣ ਦੀ ਸ਼ੁਰੂਆਤ ਕਰੇਗੀ। ਉਨ੍ਹਾਂ ਅੱਜ ਦੇ ਸਮਾਗਮ ਸਮੇਤ ਕਈ ਹੋਰ ਪੱੱਖਾਂ ਦੇ ਹਵਾਲੇ ਨਾਲ ਵੀ ਪੰਜਾਬ ਸਰਕਾਰ ਦੀ ਸ਼ਲਾਘਾ ਕੀਤੀ। ਇਸ ਮੌਕੇ ਮੁੱਖ ਮੰਤਰੀ ਭਗਵੰਤ ਮਾਨ ਨੇ ਜਿੱਥੇ ‘ਮਿਸ਼ਨ ਸਿਹਤ ਪੰਜਾਬ’ ਸਬੰਧੀ ਵਿਸਥਾਰ ’ਚ ਗੱਲ ਕੀਤੀ, ਉੱਥੇ ਹੀ ਆਪਣੀ ਸਰਕਾਰ ਦੀਆਂ ਕਈ ਹੋਰ ਪ੍ਰਾਪਤੀਆਂ ਅਤੇ ਨੀਤੀਆਂ ਸਮੇਤ ਅਗਲੇ ਪ੍ਰੋਗਰਾਮਾਂ ਬਾਰੇ ਵੀ ਜਾਣਕਾਰੀ ਸਾਂਝੀ ਕੀਤੀ। ਸਿਹਤ ਮੰਤਰੀ ਡਾ. ਬਲਬੀਰ ਸਿੰਘ ਨੇ ਸਾਰਿਆਂ ਦਾ ਧੰਨਵਾਦ ਕੀਤਾ।
ਪੁਰਾਣੇ ਬੱਸ ਅੱਡੇ ਦੀ ਥਾਂ ਬਦਲਣ ਤੋਂ ਖਫਾ ਦੁਕਾਨਦਾਰਾਂ ਨੇ ਕਾਲੀਆਂ ਝੰਡੀਆਂ ਲਾਈਆਂ

ਪਟਿਆਲਾ ਦਾ ਮੁੱਖ ਬੱੱਸ ਅੱਡਾ ਅਰਬਨ ਅਸਟੇਟ ਕੋਲ ਸਥਾਪਤ ਕਰਨ ਕਰ ਕੇ ਪੁਰਾਣੇ ਬੱਸ ਅੱਡੇ ਨੇੜਲੇ ਦੁਕਾਨਦਾਰਾਂ ਦਾ ਕਾਰੋਬਾਰ ਠੱਪ ਹੋ ਗਿਆ ਹੈ। ਇਸ ਦੇ ਰੋਸ ਵਜੋਂ ਅੱਜ ਰੈਲੀ ਦੌਰਾਨ ਅਜਿਹੇ ਦੋ ਦਰਜਨ ਦੇ ਕਰੀਬ ਦੁਕਾਨਦਾਰਾਂ ਵੱਲੋਂ ਆਪਣੀਆਂ ਦੁਕਾਨਾਂ ਅਤੇ ਹੋਰ ਕਾਰੋਬਾਰ ਵਾਲੀਆਂ ਇਮਾਰਤਾਂ ’ਤੇ ਕਾਲੀਆਂ ਝੰਡੀਆਂ ਲਾਈਆਂ ਗਈਆਂ ਅਤੇ ਕਾਲੀਆਂ ਝੰਡੀਆਂ ਲੈ ਕੇ ਪ੍ਰਦਰਸ਼ਨ ਕੀਤਾ ਗਿਆ।