ਰਾਜਸਥਾਨ ਵਿੱਚ ‘ਕਮਲ’ ਹੋਵੇਗਾ ਭਾਜਪਾ ਦਾ ਚਿਹਰਾ: ਮੋਦੀ

ਰਾਜਸਥਾਨ ਵਿੱਚ ‘ਕਮਲ’ ਹੋਵੇਗਾ ਭਾਜਪਾ ਦਾ ਚਿਹਰਾ: ਮੋਦੀ

‘ਗਹਿਲੋਤ ਨੇ ਕਾਂਗਰਸ ਦੀ ਪਹਿਲਾਂ ਹੀ ਹਾਰ ਮੰਨ ਲਈ’
ਜੈਪੁਰ- ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਚਿਤੌੜਗੜ੍ਹ ’ਚ ਰੈਲੀ ਦੌਰਾਨ ਸਪੱਸ਼ਟ ਸੰਕੇਤ ਦਿੱਤਾ ਕਿ ਰਾਜਸਥਾਨ ’ਚ ਭਾਜਪਾ ਦਾ ਮੁੱਖ ਮੰਤਰੀ ਚਿਹਰਾ ਹਾਲ ਦੀ ਘੜੀ ਕੋਈ ਨਹੀਂ ਹੋਵੇਗਾ। ਉਨ੍ਹਾਂ ਕਿਹਾ ਕਿ ਭਾਜਪਾ ਵਿਧਾਨ ਸਭਾ ਚੋਣਾਂ ਪਾਰਟੀ ਦੇ ਚੋਣ ਨਿਸ਼ਾਨ ‘ਕਮਲ’ ’ਤੇ ਲੜੇਗੀ। ਮੋਦੀ ਨੇ ਕਿਹਾ ਕਿ ਮੁੱਖ ਮੰਤਰੀ ਅਸ਼ੋਕ ਗਹਿਲੋਤ ਨੇ ਪਹਿਲਾਂ ਹੀ ਹਾਰ ਮੰਨ ਲਈ ਹੈ ਕਿਉਂਕਿ ਉਨ੍ਹਾਂ ਆਖਿਆ ਹੈ ਕਿ ਰਾਜਸਥਾਨ ’ਚ ਕਾਂਗਰਸ ਵੱਲੋਂ ਸ਼ੁਰੂ ਕੀਤੀਆਂ ਗਈਆਂ ਭਲਾਈ ਯੋਜਨਾਵਾਂ ਉਹ ਰੱਦ ਨਾ ਕਰਨ ਅਤੇ ਗਾਰਟੀ ਦੇਣ ਕਿ ਭਾਜਪਾ ਉਨ੍ਹਾਂ ਨੂੰ ਬੰਦ ਨਹੀਂ ਕਰੇਗੀ। ਉਨ੍ਹਾਂ ਕਿਹਾ ਕਿ ਇਹ ਮੋਦੀ ਦੀ ਗਾਰੰਟੀ ਹੈ ਕਿ ਕੋਈ ਵੀ ਜਨਹਿੱਤ ਵਾਲੀ ਯੋਜਨਾ ਬੰਦ ਨਹੀਂ ਕੀਤੀ ਜਾਵੇਗੀ ਪਰ ਉਸ ’ਚ ਸੁਧਾਰ ਕੀਤਾ ਜਾਵੇਗਾ। ਆਪਣੇ ਸੰਬੋਧਨ ਤੋਂ ਪਹਿਲਾਂ ਮੋਦੀ ਨੇ ਇਕ ਹੋਰ ਸਮਾਗਮ ਦੌਰਾਨ 7200 ਕਰੋੜ ਰੁਪਏ ਦੇ ਪ੍ਰਾਜੈਕਟਾਂ ਦਾ ਨੀਂਹ ਪੱਥਰ ਰੱਖਿਆ ਅਤੇ ਉਦਘਾਟਨ ਕੀਤਾ। ਉਨ੍ਹਾਂ ਸਾਂਵਲੀਆ ਮੰਦਰ ’ਚ ਪੂਜਾ-ਅਰਚਨਾ ਵੀ ਕੀਤੀ। ਰੈਲੀ ਦੌਰਾਨ ਸਾਬਕਾ ਮੁੱਖ ਮੰਤਰੀ ਵਸੁੰਧਰਾ ਰਾਜੇ, ਭਾਜਪਾ ਪ੍ਰਦੇਸ਼ ਪ੍ਰਧਾਨ ਸੀ ਪੀ ਜੋਸ਼ੀ, ਵਿਰੋਧੀ ਧਿਰ ਦੇ ਆਗੂ ਰਾਜੇਂਦਰ ਰਾਠੌੜ ਅਤੇ ਕੇਂਦਰੀ ਮੰਤਰੀ ਅਰਜੁਨ ਮੇਘਵਾਲ ਸਣੇ ਹੋਰ ਆਗੂ ਹਾਜ਼ਰ ਸਨ। ਭ੍ਰਿਸ਼ਟਾਚਾਰ ਅਤੇ ਮਹਿਲਾ ਸੁਰੱਖਿਆ ਦੇ ਮੁੱਦੇ ’ਤੇ ਗਹਿਲੋਤ ਸਰਕਾਰ ਉਪਰ ਵਰ੍ਹਦਿਆਂ ਮੋਦੀ ਨੇ ਕਿਹਾ ਕਿ ਜਦੋਂ ਵੀ ਦੇਸ਼ ’ਚ ਕਿਤੇ ਵੀ ਧੀਆਂ ਖ਼ਿਲਾਫ਼ ਵਧੀਕੀ ਹੁੰਦੀ ਹੈ ਤਾਂ ਉਨ੍ਹਾਂ ਨੂੰ ਦਰਦ ਹੁੰਦਾ ਹੈ। ਪ੍ਰਧਾਨ ਮੰਤਰੀ ਨੇ ਕਿਹਾ ਕਿ ਪੇਪਰ ਲੀਕ ਮਾਫ਼ੀਆ ਦੀ ਜਵਾਬਦੇਹੀ ਤੈਅ ਕਰਕੇ ਉਨ੍ਹਾਂ ਨੂੰ ਸਖ਼ਤ ਸਜ਼ਾ ਦਿੱਤੀ ਜਾਵੇਗੀ।