ਟੀਅੱੈਮਸੀ ਵੱਲੋਂ ਕੇਂਦਰ ਸਰਕਾਰ ਖ਼ਿਲਾਫ਼ ਰਾਜਘਾਟ ’ਤੇ ਧਰਨਾ

ਟੀਅੱੈਮਸੀ ਵੱਲੋਂ ਕੇਂਦਰ ਸਰਕਾਰ ਖ਼ਿਲਾਫ਼ ਰਾਜਘਾਟ ’ਤੇ ਧਰਨਾ

ਨਵੀਂ ਦਿੱਲੀ- ਤ੍ਰਿਣਮੂਲ ਕਾਂਗਰਸ (ਟੀਐਮਸੀ) ਦੇ ਜਨਰਲ ਸਕੱਤਰ ਅਭਿਸ਼ੇਕ ਬੈਨਰਜੀ ਨੇ ਪਾਰਟੀ ਆਗੂਆਂ ਤੇ ਵਰਕਰਾਂ ਨਾਲ ਅੱਜ ਇੱਥੇ ਗਾਂਧੀ ਜੈਅੰਤੀ ਮੌਕੇ ਰਾਜਘਾਟ ਉਤੇ ਧਰਨਾ ਦਿੱਤਾ ਤੇ ਕੇਂਦਰ ਸਰਕਾਰ ਤੋਂ ਪੱਛਮੀ ਬੰਗਾਲ ਦੇ ਫੰਡ ਰਿਲੀਜ਼ ਕਰਨ ਦੀ ਮੰਗ ਕੀਤੀ। ਲੋਕ ਸਭਾ ਮੈਂਬਰ ਬੈਨਰਜੀ ਦੇ ਨਾਲ ਅੱਜ ਪਾਰਟੀ ਦੇ ਸੰਸਦ ਮੈਂਬਰ, ਵਿਧਾਇਕ, ਰਾਜ ਮੰਤਰੀ ਤੇ ਹੋਰ ਧਰਨੇ ਉਤੇ ਬੈਠੇ। ਇਹ ਸਾਰੇ ਪੱਛਮੀ ਬੰਗਾਲ ਤੋਂ ਇੱਥੇ ਪੁੱਜੇ ਤੇ ਰੋਸ ਜ਼ਾਹਿਰ ਕੀਤਾ। ਇਸ ਤੋਂ ਪਹਿਲਾਂ ਉਨ੍ਹਾਂ ਯਾਦਗਾਰ ਉਤੇ ਗਾਂਧੀ ਨੂੰ ਸ਼ਰਧਾਂਜਲੀ ਭੇਟ ਕੀਤੀ। ਪਾਰਟੀ ਆਗੂ ਤੇ ਵਰਕਰ ਕਰੀਬ ਦੋ ਘੰਟੇ ਰਾਜਘਾਟ ਧਰਨੇ ਉਤੇ ਬੈਠੇ ਰਹੇ। ਉਨ੍ਹਾਂ ਬਾਹਾਂ ਉਤੇ ਕਾਲੀਆਂ ਪੱਟੀਆਂ ਬੰਨ੍ਹੀਆਂ ਹੋਈਆਂ ਸਨ ਤੇ ਨਾਲ ਬੈਨਰ ਵੀ ਚੁੱਕੇ ਹੋਏ ਸਨ। ਇਸ ਤੋਂ ਬਾਅਦ ਸੁਰੱਖਿਆ ਕਰਮੀ ਉਨ੍ਹਾਂ ਨੂੰ ਉੱਥੋਂ ਲੈ ਗਏ। ਟੀਐਮਸੀ ਦੇ ਆਗੂ ਤੇ ਸਮਰਥਕ ਭਲਕੇ ਜੰਤਰ-ਮੰਤਰ ਉਤੇ ਵੀ ਰੋਸ ਜ਼ਾਹਿਰ ਕਰਨਗੇ। ਬੈਨਰਜੀ ਨੇ ਮੀਡੀਆ ਨਾਲ ਗੱਲ ਕਰਦਿਆਂ ਕਿਹਾ ਕਿ ਕੇਂਦਰ ਸਰਕਾਰ ਨੇ ਉਨ੍ਹਾਂ ਨੂੰ ਸ਼ਾਂਤੀਪੂਰਨ ਰੋਸ ਮੁਜ਼ਾਹਰਾ ਕਰਨ ਤੋਂ ਰੋਕਿਆ ਹੈ, ਤੇ ਉਹ ਡਰੇ ਹੋਏ ਹਨ। ਉਨ੍ਹਾਂ ਕਿਹਾ ਕਿ ਮੁਜ਼ਾਹਰਾਕਾਰੀਆਂ ਨੂੰ ਬੋਲਣ ਤੋਂ ਰੋਕਿਆ ਗਿਆ ਤੇ ਸੁਰੱਖਿਆ ਕਰਮੀਆਂ ਨੇ ਮਾੜਾ ਵਰਤਾਅ ਕੀਤਾ। ਪਾਰਟੀ ਆਗੂਆਂ ਨੇ ਦੋਸ਼ ਲਾਇਆ ਕਿ ਇਕ ਆਈਪੀਐੱਸ ਅਧਿਕਾਰੀ ਵੱਲੋਂ ਮਾੜੀ ਸ਼ਬਦਾਵਲੀ ਵਰਤੀ ਗਈ। ਬੈਨਰਜੀ ਨੇ ਮਗਰੋਂ ਵਿਜੇ ਘਾਟ ’ਤੇ ਸਾਬਕਾ ਪ੍ਰਧਾਨ ਮੰਤਰੀ ਲਾਲ ਬਹਾਦੁਰ ਸ਼ਾਸਤਰੀ ਨੂੰ ਵੀ ਸ਼ਰਧਾਂਜਲੀ ਦਿੱਤੀ। ਗਾਂਧੀ ਸਮਾਧੀ ’ਤੇ ਬੈਨਰਜੀ ਵੱਲੋਂ ਫੜੇ ਬੈਨਰ ਉਤੇ ਲਿਖਿਆ ਸੀ ਕਿ, ‘ਬੰਗਾਲ ਦੇ 15 ਹਜ਼ਾਰ ਕਰੋੜ ਰੁਪਏ ਦੇ ਫੰਡ ਜਾਰੀ ਕੀਤੇ ਜਾਣ। ਬੰਗਾਲ ਦੇ ਕਰੋੜਾਂ ਪਰਿਵਾਰਾਂ ਨੂੰ ਭਲਾਈ ਸਕੀਮਾਂ ਤੋਂ ਵਾਂਝੇ ਰੱਖਿਆ ਜਾ ਰਿਹਾ ਹੈ।’