ਮੈਕਸਿਕੋਵਿੱਚ ਗਿਰਜਾਘਰ ਦੀ ਛੱਤ ਡਿੱਗੀ, 10 ਮੌਤਾਂ ਤੇ 60 ਫੱਟੜ

ਮੈਕਸਿਕੋਵਿੱਚ ਗਿਰਜਾਘਰ ਦੀ ਛੱਤ ਡਿੱਗੀ, 10 ਮੌਤਾਂ ਤੇ 60 ਫੱਟੜ

ਸਿਉਦਾਦ ਮਾਦੇਰੋ- ਮੈਕਸਿਕੋ ਦੇ ਉੱਤਰੀ ਇਲਾਕੇ ਵਿਚ ਇਕ ਗਿਰਜਾਘਰ ਦੀ ਛੱਤ ਡਿੱਗਣ ਕਾਰਨ ਕਰੀਬ 10 ਵਿਅਕਤੀਆਂ ਦੀ ਮੌਤ ਹੋ ਗਈ ਤੇ 60 ਜਣੇ ਫੱਟੜ ਹੋ ਗਏ। ਇਹ ਹਾਦਸਾ ਐਤਵਾਰ ਨੂੰ ਗਿਰਜਾਘਰ ਵਿਚ ਹੋਏ ਇਕੱਠ ਦੌਰਾਨ ਹੋਇਆ। ਬਚਾਅ ਤੇ ਰਾਹਤ ਕਰਮੀ ਮਲਬੇ ਵਿਚੋਂ ਹੋਰਨਾਂ ਪੀੜਤਾਂ ਨੂੰ ਲੱਭਣ ਦੀ ਕੋਸ਼ਿਸ਼ ਕਰ ਰਹੇ ਹਨ। ਅਧਿਕਾਰੀਆਂ ਮੁਤਾਬਕ ਕਰੀਬ 30 ਜਣਿਆਂ ਦੇ ਮਲਬੇ ਹੇਠ ਦੱਬੇ ਹੋਣ ਦਾ ਖ਼ਦਸ਼ਾ ਹੈ। ਉਨ੍ਹਾਂ ਕਿਹਾ ਕਿ ਹਾਦਸਾ ਵਾਪਰਨ ਵੇਲੇ ਅੰਦਰ ਕਰੀਬ 100 ਲੋਕ ਮੌਜੂਦ ਸਨ। ਜ਼ਖ਼ਮੀਆਂ ਵਿਚ ਬੱਚੇ ਵੀ ਸ਼ਾਮਲ ਹਨ। ਰਿਪੋਰਟਾਂ ਮੁਤਾਬਕ ਹਾਦਸਾ ਗਿਰਜਾਘਰ ਦਾ ਢਾਂਚਾ ਕਮਜ਼ੋਰ ਹੋਣ ਕਾਰਨ ਵਾਪਰਿਆ ਹੈ। ਪੁਲੀਸ ਤੇ ਪ੍ਰਸ਼ਾਸਨ ਨੇ ਹੋਰ ਕਿਸੇ ਕਾਰਨ ਦੀ ਸੰਭਾਵਨਾ ਤੋਂ ਇਨਕਾਰ ਕੀਤਾ ਹੈ। ਹਾਦਸੇ ਵਾਲਾ ਸ਼ਹਿਰ ਸਿਉਦਾਦ ਮਾਦੇਰੋ ਅਮਰੀਕਾ ਦੀ ਸਰਹੱਦ ਦੇ ਨੇੜੇ ਹੈ ਤੇ ਨਸ਼ਾ ਤਸਕਰੀ ਕਰਨ ਵਾਲੇ ਗਰੋਹਾਂ ਦੀ ਹਿੰਸਾ ਲਈ ਜਾਣਿਆ ਜਾਂਦਾ ਹੈ। ਮੈਕਸਿਕੋ ਦੀ ਪਾਦਰੀਆਂ ਦੀ ਕੌਂਸਲ ਨੇ ਮ੍ਰਿਤਕਾਂ ਲਈ ਪ੍ਰਾਰਥਨਾ ਕਰਦਿਆਂ ਉਨ੍ਹਾਂ ਨੂੰ ਸ਼ਰਧਾਂਜਲੀ ਦਿੱਤੀ ਹੈ। ਉਨ੍ਹਾਂ ਮਗਰੋਂ ਜ਼ਖ਼ਮੀ ਵਿਅਕਤੀਆਂ ਦੀ ਇਕ ਸੂਚੀ ਵੀ ਜਾਰੀ ਕੀਤੀ ਜਨਿ੍ਹਾਂ ਵਿਚ 4 ਮਹੀਨਿਆਂ ਦਾ ਇਕ ਬੱਚਾ ਤੇ ਪੰਜ ਸਾਲਾਂ ਦੇ ਤਿੰਨ ਬੱਚੇ ਸ਼ਾਮਲ ਹਨ। ਮਲਬੇ ਵਿਚੋਂ ਹੋਰਨਾਂ ਲੋਕਾਂ ਨੂੰ ਬਚਾਉਣ ਦੇ ਯਤਨ ਜਾਰੀ ਹਨ।