ਵੀਹਵੀਂ ਸਦੀ ਦੇ ਨਿਸ਼ਕਾਮ ਸੇਵਕ ਭਗਤ ਪੂਰਨ ਸਿੰਘ

ਵੀਹਵੀਂ ਸਦੀ ਦੇ ਨਿਸ਼ਕਾਮ ਸੇਵਕ ਭਗਤ ਪੂਰਨ ਸਿੰਘ

ਡਾ. ਵੰਦਨਾ

ਵੀਹਵੀਂ ਸਦੀ ਵਿੱਚ ਮਨੁੱਖਤਾ ਦੀ ਭਲਾਈ ਨਾਲ ਜੁੜੇ ਸੇਵਾ ਭਾਵਨਾ ਦੇ ਪੁੰਜ ਭਗਤ ਪੂਰਨ ਸਿੰਘ ਕਿਸੇ ਜਾਣ-ਪਛਾਣ ਦੇ ਮੁਥਾਜ ਨਹੀਂ। ਪੰਜਾਬ ਦੇ ਇਤਿਹਾਸ ਦੇ ਸੁਨਹਿਰੀ ਪੰਨਿਆਂ ਵਿੱਚ ਭਗਤ ਪੂਰਨ ਸਿੰਘ ਨੂੰ ਮਾਨਵਤਾ ਦਾ ਸੱਚਾ ਸੇਵਕ, ਦਇਆਵਾਨ, ਪਿੰਗਲਵਾੜੇ ਦਾ ਬਾਨੀ, ਦੈਵੀ ਦਰਵੇਸ਼, ਨਿਸ਼ਕਾਮ ਸੇਵਾ ਭਾਵਨਾ ਦੇ ਪੁੰਜ, ਯੁੱਗ ਪੁਰਸ਼, ਰੂਹਾਨੀ ਪ੍ਰਤਿਭਾ ਦੇ ਮਾਲਕ, ਮਹਾਂਦਾਨੀ, ਕਰਮਯੋਗੀ, ਮਹਾਤਮਾ ਦੇ ਰੂਪ, ਮਾਨਵਤਾ ਦਾ ਮਸੀਹਾ ਹੋਰ ਅਨੇਕਾਂ ਵਿਸ਼ੇਸ਼ਣਾਂ ਨਾਲ ਜਾਣਿਆ ਜਾਂਦਾ ਹੈ।

ਦੀਨ-ਦੁਖੀਆਂ ਦੇ ਸੇਵਕ, ਬੇਆਸਰਿਆਂ ਨੂੰ ਆਸਰਾ ਦੇਣ ਵਾਲੇ ਇਸ ਸ਼ਖ਼ਸ ਦਾ ਜਨਮ 4 ਜੂਨ 1904 ਨੂੰ ਪਿੰਡ ਰਾਜੇਵਾਲ ਰੋਹਣੋਂ, ਤਹਿਸੀਲ ਖੰਨਾ, ਜ਼ਿਲ੍ਹਾ ਲੁਧਿਆਣਾ ਵਿਖੇ ਪਿਤਾ ਸਿੱਬੂ ਮੱਲ ਸ਼ਾਹੂਕਾਰ ਅਤੇ ਮਾਤਾ ਮਹਿਤਾਬ ਕੌਰ ਦੇ ਘਰ ਹੋਇਆ। ਭਗਤ ਪੂਰਨ ਸਿੰਘ ਦਾ ਬਚਪਨ ਦਾ ਨਾਂ ਰਾਮਜੀਦਾਸ ਸੀ। ਪਿਤਾ ਸਿੱਬੂ ਮੱਲ ਅਮੀਰ ਖੱਤਰੀ ਸ਼ਾਹੂਕਾਰ ਸੀ ਅਤੇ ਮਾਤਾ ਮਹਿਤਾਬ ਕੌਰ ਸਿੱਖ ਪਰਿਵਾਰ ਨਾਲ ਸੰਬੰਧ ਰੱਖਦੀ ਸੀ ਜਿਹੜੀ ਧਾਰਮਿਕ ਖ਼ਿਆਲਾਂ ਅਤੇ ਸੂਖ਼ਮ ਬਿਰਤੀ ਦੀ ਮਾਲਕ ਸੀ। ਬਚਪਨ ਵਿੱਚ ਹੀ ਰਾਮਜੀਦਾਸ ਦੇ ਮਨ ਵਿੱਚ ਪੜ੍ਹਨ ਲਿਖਣ ਦੀ ਚੇਟਕ ਸੀ। ਉਨ੍ਹਾਂ ਦੇ ਮਨ ਵਿੱਚ ਪਰਉਪਕਾਰ ਦੀ ਭਾਵਨਾ ਆਪਣੀ ਮਾਂ ਵੱਲੋਂ ਮਿਲੇ ਸੰਸਕਾਰਾਂ ਦੀ ਦੇਣ ਨਾਲ ਪੈਦਾ ਹੋਈ।

1913 ਵਿੱਚ ਪਏ ਕਾਲ ਨਾਲ ਉਸ ਦੇ ਪਿਤਾ ਦਾ ਕਾਰੋਬਾਰ ਤਬਾਹ ਹੋ ਗਿਆ ਜਿਸ ਕਾਰਨ ਮਾਤਾ ਮਹਿਤਾਬ ਕੌਰ ਅਤੇ ਰਾਮਜੀਦਾਸ ਨੂੰ ਆਰਥਿਕ ਤੰਗੀਆਂ-ਤੁਰਸ਼ੀਆਂ ਵਿੱਚ ਜੀਵਨ ਬਤੀਤ ਕਰਨਾ ਪਿਆ। ਪਿਤਾ ਦੀ ਮੌਤ ਤੋਂ ਬਾਅਦ ਮਾਤਾ ਉਪਰ ਸਾਰੀ ਪਰਿਵਾਰਕ ਜ਼ਿੰਮੇਵਾਰੀ ਪੈ ਗਈ। ਮਾਤਾ ਨੇ ਗ਼ਰੀਬੀ ਕੱਟਣ ਅਤੇ ਰਾਮਜੀਦਾਸ ਦੀ ਪੜ੍ਹਾਈ ਜਾਰੀ ਰੱਖਣ ਲਈ ਕਈ ਥਾਈਂ ਨੌਕਰੀ ਕੀਤੀ। ਪੜ੍ਹਾਈ ਵਿਚਾਲੇ ਛੱਡ ਕੇ ਰਾਮਜੀਦਾਸ ਨੇ ਲਾਹੌਰ ਗੁਰਦੁਆਰਾ ਡੇਹਰਾ ਸਾਹਿਬ ਵਿਖੇ ਬਿਨਾ ਤਨਖ਼ਾਹ ਤੋਂ ਸੇਵਾ ਭਾਵਨਾ ਨਾਲ ਜ਼ਿੰਦਗੀ ਜਿਊਣੀ ਸ਼ੁਰੂ ਕਰ ਦਿੱਤੀ।

ਆਰਥਿਕ ਤੰਗੀਆਂ ਤੁਰਸ਼ੀਆਂ ਵਿੱਚ ਜਿੰਦਗੀ ਬਤੀਤ ਕਰਦੇ ਉਨ੍ਹਾਂ ਦੇ ਮਨ ਨੇ ਪਰਉਪਕਾਰ ਦੀ ਭਾਵਨਾ ਦੇ ਸੁਪਨਿਆਂ ਨੂੰ ਆਪਣੀ ਮੰਜ਼ਿਲ ਸਮਝਿਆ। ਪੜ੍ਹਨ ਦਾ ਸ਼ੌਕ ਹੋਣ ਕਰਕੇ ਉਨ੍ਹਾਂ ਨੇ ਲਾਹੌਰ ਵਿੱਚ ਦਿਆਲ ਸਿੰਘ ਲਾਇਬ੍ਰੇਰੀ ਵਿੱਚੋਂ ‘ਯੰਗ ਇੰਡੀਆ’ ਰਸਾਲੇ ਵਿੱਚੋਂ ਬੇਕਾਰੀ ਨੂੰ ਦੂਰ ਕਰਨ ਦੇ ਗੁਰ ਸਿੱਖੇ। 1934 ਵਿੱਚ ਗੁਰਦੁਆਰਾ ਡੇਹਰਾ ਸਾਹਿਬ ਵਿਖੇ ਚਾਰ ਕੁ ਸਾਲਾਂ ਦੇ ਅਪੰਗ ਬੱਚੇ ਨੂੰ ਮਾਪੇ ਡਿਉਢੀ ਅੱਗੇ ਰੱਖ ਗਏ ਅਤੇ ਸੇਵਾਦਾਰਾਂ ਨੇ ਦਇਆ ਦੀ ਭਾਵਨਾ ਨਾਲ ਇਹ ਬੱਚਾ ਰਾਮਜੀਦਾਸ ਨੂੰ ਸੌਂਪ ਦਿੱਤਾ। ਉਸ ਅਪੰਗ ਬੱਚੇ ਦੀ ਸੇਵਾ ਕਰਨ ਦੀ ਜ਼ਿੰਮੇਵਾਰੀ ਰਾਮਜੀਦਾਸ ਨੇ ਸੰਭਾਲ ਲਈ। ਉਸ ਦੀ ਸੇਵਾ ਕਰਨ ਨਾਲ ਰਾਮਜੀਦਾਸ ਭਗਤ ਪੂਰਨ ਸਿੰਘ ਦੇ ਰੂਪ ਵਿੱਚ ਨਿਖਰ ਕੇ ਸਾਹਮਣੇ ਆਏ। ਭਗਤ ਪੂਰਨ ਸਿੰਘ ਦੀ ਜ਼ਿੰਦਗੀ ਵਿੱਚ ਇੱਕ ਨਵਾਂ ਅਧਿਆਇ ਜੁੜ ਗਿਆ ਜਿਹੜਾ ਬੇਸਹਾਰਿਆਂ ਦੀ ਸੇਵਾ ਵਾਲਾ ਪਰਉਪਕਾਰੀ ਭਾਵਨਾ ਵਾਲਾ ਰੂਪ ਹੋ ਨਿੱਬੜਿਆ।

1947 ਵਿੱਚ ਦੇਸ਼ ਆਜ਼ਾਦ ਹੋਣ ਸਮੇਂ ਭਗਤ ਪੂਰਨ ਸਿੰਘ ਲਾਹੌਰ ਤੋਂ ਉਸ ਅਪੰਗ ਬੱਚੇ ਨੂੰ ਚੁੱਕ ਕੇ ਖਾਲਸਾ ਕਾਲਜ, ਅੰਮ੍ਰਿਤਸਰ ਦੇ ਸ਼ਰਨਾਰਥੀ ਕੈਂਪ ਵਿੱਚ ਪਹੁੰਚੇ। ਕੈਂਪ ਵਿੱਚ ਅਨੇਕਾਂ ਬੇਸਹਾਰਾ ਲੋਕ, ਔਰਤਾਂ, ਬੱਚੇ ਆਦਿ ਸਨ ਜਿਹੜੇ ਉੱਜੜਨ ਕਾਰਨ ਬੇਘਰ ਹੋ ਚੁੱਕੇ ਸਨ। ਦੇਸ਼ ਦੀ ਵੰਡ ਸਮੇਂ ਇੰਨੀ ਮਨੁੱਖਤਾ ਦਾ ਲਹੂ-ਲੁਹਾਣ ਅਤੇ ਘਾਣ ਹੁੰਦਾ ਦੇਖ ਕੇ ਭਗਤ ਜੀ ਦਾ ਦਿਲ ਕੁਰਲਾ ਉੱਠਿਆ। ਮਾਨਵਤਾ ਦੀ ਭਲਾਈ ਲਈ ਪਰਉਪਕਾਰੀ ਭਾਵਨਾ ਨਾਲ ਲਾਚਾਰ ਅਤੇ ਲਾਵਾਰਸ ਰੋਗੀਆਂ ਦੀ ਸਾਂਭ-ਸੰਭਾਲ ਅਤੇ ਸੇਵਾ ਕਰਨੀ ਸ਼ੁਰੂ ਕਰ ਦਿੱਤੀ। ਭਗਤ ਪੂਰਨ ਸਿੰਘ ਜੀ ਨੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਬਾਣੀ ਤੋਂ ਅਗਵਾਈ ਲੈ ਕੇ ਬੇਸਹਾਰਾ, ਲਾਵਾਰਸ, ਲੂਲ੍ਹੇ-ਲੰਗੜੇ, ਗੂੰਗੇ-ਬੋਲ਼ਿਆਂ ਅਤੇ ਹੋਰ ਅਪੰਗ ਵਿਅਕਤੀਆਂ ਨੂੰ ਪਰਮਾਤਮਾ ਦਾ ਰੂਪ ਮੰਨ ਕੇ ਤਨੋ-ਮਨੋ ਦਨਿ ਰਾਤ ਉਨ੍ਹਾਂ ਦੀ ਸੇਵਾ ਕੀਤੀ। 1958 ਵਿੱਚ ਭਗਤ ਪੂਰਨ ਸਿੰਘ ਨੇ ਅੰਮ੍ਰਿਤਸਰ ਵਿਖੇ ਪਿੰਗਲਵਾੜਾ ਨਾਂ ਦੀ ਸੰਸਥਾ ਦੀ ਨੀਂਹ ਰੱਖੀ। ਬੇਸਹਾਰਿਆਂ ਦੀ ਸੇਵਾ ਕਰਨ ਦਾ ਬੀਜ ਪਿੰਗਲਵਾੜੇ ਦੀ ਹੋਂਦ ਨਾਲ ਬੱਝਿਆ।

ਭਗਤ ਪੂਰਨ ਸਿੰਘ ਸਿਰਫ਼ ਸਮਾਜ ਸੇਵੀ ਹੀ ਨਹੀਂ ਸਨ ਸਗੋਂ ਵਾਤਾਵਰਨ ਪ੍ਰੇਮੀ ਅਤੇ ਸਾਹਿਤ ਰਸੀਏ ਵੀ ਸਨ। ਸਿੱਖ ਧਰਮ ਦੇ ਬਾਨੀ ਸ੍ਰੀ ਗੁਰੂ ਨਾਨਕ ਦੇਵ ਜੀ ਵੱਲੋਂ ਦਰਸਾਏ ਫਲਸਫ਼ੇ ‘ਪਵਣੁ ਗੁਰੂ ਪਾਣੀ ਪਿਤਾ ਮਾਤਾ ਧਰਤਿ ਮਹਤੁ॥’ ਦੀ ਮਹੱਤਤਾ ਬਾਰੇ ਸਮੁੱਚੀ ਲੋਕਾਈ ਨੂੰ ਜਾਣੂੰ ਕਰਵਾਉਂਦਿਆਂ ਵਾਤਾਵਰਨ ਦੀ ਸ਼ੁੱਧਤਾ ਲਈ ਵਧੇਰੇ ਰੁੱਖ ਉਗਾਉਣ, ਪਾਣੀ ਦੀ ਵਰਤੋਂ ਸੰਜਮ ਨਾਲ ਕਰਨ, ਧਰਤੀ ਨੂੰ ਦੂਸ਼ਿਤ ਹੋਣ ਤੋਂ ਬਚਾਉਣ ਦਾ ਬੀੜਾ ਵੀ ਚੁੱਕਿਆ। ਭਗਤ ਪੂਰਨ ਸਿੰਘ ਪ੍ਰਦੂਸ਼ਣ, ਜਲ ਸਰੋਤਾਂ ਦੀ ਅੰਨ੍ਹੇਵਾਹ ਵਰਤੋਂ, ਜੰਗਲਾਂ ਦੀ ਕਟਾਈ ਤੋਂ ਪੈਦਾ ਹੋਣ ਵਾਲੇ ਖ਼ਤਰੇ ਤੋਂ ਸੁਚੇਤ ਸਨ। ਇਸ ਕਾਰਨ ਉਨ੍ਹਾਂ ਨੇ ਅਨੇਕਾਂ ਕਿਤਾਬਾਂ, ਟ੍ਰੈਕਟ, ਫੋਲਡਰ ਆਦਿ ਛਪਵਾ ਕੇ ਲੋਕਾਂ ਨੂੰ ਵਾਤਾਵਰਨ ਪ੍ਰਤੀ ਜਾਗਰੂਕ ਕੀਤਾ। ਵਾਤਾਵਰਨ ਦੀ ਸ਼ੁੱਧਤਾ ਲਈ ਪਿੱਪਲ, ਬੋਹੜ ਅਤੇ ਨਿੰਮ ਤ੍ਰਵਿੈਣੀਆਂ ਲਗਾ ਕੇ ਰੁੱਖਾਂ ਦੀ ਸੰਭਾਲ ਕਰਨ ਦੇ ਯਤਨ ਆਰੰਭੇ। ਉਨ੍ਹਾਂ ਨੇ ਸਮੁੱਚੀ ਮਨੁੱਖਤਾ ਨੂੰ ਸੇਵਾ ਭਾਵਨਾ ਦਾ ਸੰਦੇਸ਼ ਪਹੁੰਚਾਇਆ। ਭਗਤ ਪੂਰਨ ਸਿੰਘ ਅਨੇਕਾਂ ਭਾਸ਼ਾਵਾਂ ਦੇ ਗਿਆਤਾ ਸਨ। ਪੰਜਾਬੀ ਵਿੱਚ 21 ਹੱਥ ਲਿਖਤਾਂ, 23 ਅੰਗਰੇਜ਼ੀ ਦੇ ਕਿਤਾਬਚੇ, 77 ਹਿੰਦੀ ਵਿੱਚ ਟ੍ਰੈਕਟ, ਫੋਲਡਰ ਪ੍ਰਕਾਸ਼ਿਤ ਕਰਵਾਏ। ਵੱਖ-ਵੱਖ ਰਾਗਾਂ ਦੇ 58 ਗੁਰਬਾਣੀ ਦੇ ਸ਼ਬਦ ਆਦਿ ਸਾਹਿਤਕ ਖੇਤਰ ਨੂੰ ਸਮਰਪਿਤ ਕੀਤੇ।

ਉਹ ਉੱਘੇ ਸਮਾਜ ਸੇਵੀ, ਵਾਤਾਵਰਨ ਪ੍ਰੇਮੀ ਅਤੇ ਸਾਹਿਤ ਰਸੀਏ ਹੋਣ ਦੇ ਨਾਲ ਨਾਲ ਸਰਬ ਭਾਰਤੀ ਪਿੰਗਲਵਾੜਾ ਸੰਸਥਾ, ਅੰਮ੍ਰਿਤਸਰ ਦੇ ਮੋਢੀ ਵਜੋਂ ਵੀ ਜਾਣੇ ਜਾਂਦੇ ਹਨ। ਉਨ੍ਹਾਂ ਪਿੰਗਲਵਾੜੇ ਵਿੱਚ ਲਾਵਾਰਸ ਲੋਕਾਂ ਅਤੇ ਰੋਗੀਆਂ ਦੀ ਦੇਖ-ਭਾਲ ਲਈ ਅਨੇਕਾਂ ਸਿਹਤ ਕਰਮਚਾਰੀ ਤੇ ਡਾਕਟਰਾਂ ਦੀ ਟੀਮ ਹਰ ਸਮੇਂ ਮੁਹੱਈਆ ਕਰਵਾਈ। ਲੋੜਵੰਦ ਅੰਗਹੀਣਾਂ ਲਈ ਮੁਫ਼ਤ ਬਣਾਉਟੀ ਅੰਗਾਂ ਦੀ ਸੁਵਿਧਾ ਸ਼ੁਰੂ ਕਰਵਾਈ। ਗ਼ਰੀਬ ਅਤੇ ਬੇਸਹਾਰਾ ਬੱਚਿਆਂ ਲਈ ਅਨੇਕਾਂ ਵਿਦਿਅਕ ਸੰਸਥਾਵਾਂ ਦਾ ਪ੍ਰਬੰਧ ਵੀ ਕੀਤਾ। ਉਹ ਕਦੇ ਮਾਂ, ਪਿਤਾ ਅਤੇ ਕਦੇ ਵੱਡੇ ਭਰਾ ਵਾਂਗੂੰ ਮਰੀਜ਼ਾਂ ਦੀ ਸੇਵਾ ਕਰਨ ਲਈ ਸਮਰਪਿਤ ਰਹੇ।

ਨੇਕੀ ਦੇ ਰਾਹ ’ਤੇ ਚੱਲਦਿਆਂ ਉਨ੍ਹਾਂ ਨੇ ਸਮੁੱਚੀ ਮਨੁੱਖਤਾ ਨੂੰ ਨੈਤਿਕ ਕਦਰਾਂ ਕੀਮਤਾਂ ਦਾ ਪਾਠ ਪੜ੍ਹਾਉਂਦੇ ਹੋਏ ਸਮਾਜਿਕ ਭਲਾਈ ਦੇ ਕੰਮ ਕੀਤੇ। ਉਨ੍ਹਾਂ ਦਾ ਪੂਰੀ ਮਨੁੱਖਤਾ ਨੂੰ ਇਹ ਸੰਦੇਸ਼ ਸੀ ਕਿ ਮਨੁੱਖ ਨੂੰ ਸਾਦਾ ਜੀਵਨ ਬਤੀਤ ਕਰਦਿਆਂ ਮਨੁੱਖਤਾ ਦਾ ਭਲਾ ਸੋਚਣਾ ਚਾਹੀਦਾ ਹੈ, ਆਉਣ ਵਾਲੀਆਂ ਪੀੜ੍ਹੀਆਂ ਲਈ ਚੰਗੇ ਤੇ ਨੇਕ ਕੰਮ ਕਰਨੇ ਚਾਹੀਦੇ ਹਨ। ਮਨੁੱਖਤਾ ਦਾ ਘਾਣ ਕਰਨ ਵਾਲੀਆਂ ਬੁਰਾਈਆਂ ਦਾ ਵਿਰੋਧ ਕਰਦਿਆਂ ਉਨ੍ਹਾਂ ਨੇ ਲੋਕਾਂ ਨੂੰ ਮਾਨਸਿਕ ਅਤੇ ਭਿਆਨਕ ਬਿਮਾਰੀਆਂ ਪ੍ਰਤੀ ਸੁਚੇਤ ਕੀਤਾ। ਉਹ ਮਨੁੱਖੀ ਲੋੜਾਂ ਨੂੰ ਸੀਮਤ ਰੱਖਣ ਅਤੇ ਸਮਾਜਿਕ ਬਰਾਬਰੀ ਦਾ ਸੰਦੇਸ਼ ਦਿੰਦੇ ਸਨ। ਰਵਾਇਤੀ ਢੰਗ ਅਤੇ ਤੌਰ ਤਰੀਕਿਆਂ ਨਾਲ ਸਾਦਾ ਜੀਵਨ ਜਿਉਣ ਦੇ ਫ਼ਾਇਦਿਆਂ ਤੋਂ ਭਲੀ-ਭਾਂਤ ਜਾਣੂੰ ਸਨ।

ਭਗਤ ਪੂਰਨ ਸਿੰਘ ਦੀ ਇਸ ਪਰਉਪਕਾਰੀ ਸੇਵਾ ਭਾਵਨਾ ਸਦਕਾ ਭਾਰਤ ਸਰਕਾਰ ਨੇ 1979 ਵਿੱਚ ‘ਪਦਮ ਸ੍ਰੀ’ ਨਾਲ ਸਨਮਾਨਿਤ ਕੀਤਾ। 1984 ਵਿੱਚ ਸ੍ਰੀ ਹਰਿਮੰਦਰ ਸਾਹਿਬ ਵਿਖੇ ਹੋਏ ਸਾਕਾ ਨੀਲਾ ਤਾਰਾ ਵਿਰੁੱਧ ਰੋਸ ਪ੍ਰਗਟ ਕਰਨ ਲਈ ਉਨ੍ਹਾਂ ਨੇ ਇਹ ਸਨਮਾਨ ਵਾਪਸ ਕਰ ਦਿੱਤਾ। 1990 ਵਿੱਚ ਭਗਤ ਪੂਰਨ ਸਿੰਘ ਨੂੰ ਹਾਰਮਨੀ ਐਵਾਰਡ ਨਾਲ ਨਵਿਾਜ਼ਿਆ ਗਿਆ। ਇੰਨੀ ਨਿਸ਼ਕਾਮ ਸੇਵਾ ਦਾ ਬੀੜਾ ਉਠਾਉਣ ਨਾਲ ਭਗਤ ਪੂਰਨ ਸਿੰਘ ਦਾ ਜੀਵਨ ਸਮੁੱਚੇ ਪੰਜਾਬੀਆਂ ਲਈ ਯਾਦਗਾਰੀ ਹੋ ਨਬਿੜਦਾ ਹੈ। ਭਗਤ ਪੂਰਨ ਸਿੰਘ ਨੇ ਸਾਰੀ ਉਮਰ ਵਿਆਹ ਨਹੀਂ ਕਰਵਾਇਆ। ਸਾਰੀ ਜ਼ਿੰਦਗੀ ਮਨੁੱਖਤਾ ਦੇ ਲੇਖੇ ਲਗਾ ਕੇ ਨਿਸੁਆਰਥ ਅਤੇ ਪਰਉਪਕਾਰ ਦੀ ਭਾਵਨਾ ਨਾਲ ਪੰਜਾਬ ਦੇ ਇਤਿਹਾਸ ਵਿੱਚ ਸੁਨਹਿਰੀ ਪੰਨਿਆਂ ’ਤੇ ਆਪਣਾ ਨਾਮ ਲਿਖਵਾ ਗਏ।

ਉਨ੍ਹਾਂ ਨੇ ਆਪਣੇ ਜੀਵਨ ਦੇ ਅੰਤਲੇ ਸਮੇਂ ਵਿੱਚ ਪਿੰਗਲਵਾੜੇ ਦੀਆਂ ਅਨੇਕਾਂ ਸ਼ਾਖਾਵਾਂ ਵੱਖ-ਵੱਖ ਇਲਾਕਿਆਂ ਵਿੱਚ ਕਾਇਮ ਕਰਵਾਈਆਂ। ਭਗਤ ਪੂਰਨ ਸਿੰਘ ਜੀ 5 ਅਗਸਤ 1992 ਨੂੰ ਭਗਤ ਪੂਰਨ ਸਿੰਘ ਇਸ ਦੁਨੀਆਂ ਤੋਂ ਰੁਖ਼ਸਤ ਹੋ ਗਏ। ਭਗਤ ਪੂਰਨ ਸਿੰਘ ਵੀਹਵੀਂ ਸਦੀ ਦੇ ਇੱਕ ਵਿਕੋਲਿਤਰੇ ਸੇਵਾ ਪੁੰਜ ਅਤੇ ਨਾਇਕ ਹੋ ਨਬਿੜੇ ਹਨ। ਸਿੱਖ ਗੁਰੂ ਸਾਹਿਬਾਨ ਦੇ ਦੱਸੇ ਪੂਰਨਿਆਂ ’ਤੇ ਚੱਲਦਿਆਂ ਉਹ ਸਤਿ-ਮਾਰਗ ਦੇ ਪਾਂਧੀ ਦਾ ਦਰਜਾ ਹਾਸਲ ਕਰਦੇ ਹਨ।

ਭਗਤ ਪੂਰਨ ਸਿੰਘ ਜਿਉਂਦੇ ਜੀਅ ਪਿੰਗਲਵਾੜਾ ਸੰਸਥਾ ਦੀ ਜ਼ਿੰਮੇਵਾਰੀ ਡਾ. ਇੰਦਰਜੀਤ ਕੌਰ ਨੂੰ ਸੌਂਪ ਗਏ। ਇਸ ਸੰਸਥਾ ਨੁੂੰ ਅੱਗੇ ਤੋਰਦਿਆਂ ਬੀਬੀ ਇੰਦਰਜੀਤ ਕੌਰ ਨੇ ਅਨੇਕਾਂ ਉਪਰਾਲੇ ਅਤੇ ਸ਼ਲਾਘਾਯੋਗ ਕਾਰਜ ਕਰ ਕੇ ਮਨੁੱਖਤਾ ਲਈ ਪਰਉਪਕਾਰ ਦੀ ਭਾਵਨਾ ਨੂੰ ਕਾਇਮ ਰੱਖਿਆ ਹੈ। ਡਾ. ਇੰਦਰਜੀਤ ਕੌਰ ਉਨ੍ਹਾਂ ਦੇ ਸੁਪਨਿਆਂ ਨੂੰ ਪੂਰਾ ਕਰ ਰਹੇ ਹਨ। ਭਗਤ ਪੂਰਨ ਸਿੰਘ ਦੇ ਬੀਜੇ ਹੋਏ ਬੋਹੜ ਦੀ ਛਾਂ ਇੰਨੀ ਸੰਘਣੀ ਹੋ ਗਈ ਕਿ ਡਾ. ਇੰਦਰਜੀਤ ਕੌਰ ਅਤੇ ਸਮੁੱਚੇ ਪਿੰਗਲਵਾੜਾ ਟਰੱਸਟ ਆਪਣਾ ਵਿਲੱਖਣ ਯੋਗਦਾਨ ਪਾ ਰਹੇ ਹਨ।