ਘਰ ਦੀਆਂ ਜੜ੍ਹਾਂ

ਘਰ ਦੀਆਂ ਜੜ੍ਹਾਂ

ਮਨਮੋਹਨ ਸਿੰਘ ਦਾਊਂ

ਪੌਦੇ, ਬੂਟੇ ਤੇ ਰੁੱਖ ਆਪਣੀਆਂ ਜੜ੍ਹਾਂ ਤੋਂ ਬਿਨਾ ਵਧ-ਫੁੱਲ ਨਹੀਂ ਸਕਦੇ। ਜੜ੍ਹ ਕਾਇਮ ਰਹੇ, ਹਰੀ ਰਹੇ, ਤਦੇ ਰੁੱਖ-ਬੂਟੇ ਕਾਇਮ ਰਹਿ ਸਕਦੇ ਹਨ। ਉਨ੍ਹਾਂ ਨੂੰ ਫੁੱਲ ਤੇ ਫ਼ਲ ਲੱਗ ਸਕਦੇ ਹਨ। ਖਿੜੇ ਫੁੱਲਾਂ ਦਾ ਭੇਤ ਵੀ ਇਹੋ ਹੈ ਕਿ ਉਨ੍ਹਾਂ ਦੀਆਂ ਜੜ੍ਹਾਂ ਕਾਇਮ ਹੁੰਦੀਆਂ ਹਨ। ਘਰ ਲਈ ਵੀ ਉਸ ਦੀ ਜੜ੍ਹ ਹੋਣੀ ਜ਼ਰੂਰੀ ਹੈ। ਜਦੋਂ ਸਿਆਣੇ ਲੋਕ ਕਿਸੇ ਪਿੰਡ ਦਾ ਬੰਨ੍ਹਣ ਬੰਨ੍ਹਦੇ ਸਨ ਤਾਂ ਪਿੰਡ ਦੀ ਮੋੜ੍ਹੀ ਗੱਡੀ ਜਾਂਦੀ ਸੀ। ਇਸ ਰਸਮ ਵਿੱਚ ਪਿੰਡ ਵਾਸੀ ਹਾਜ਼ਰ ਹੁੰਦੇ ਸਨ। ਢੋਲ ਵਜਾ ਕੇ ਸ਼ਗਨ ਮਨਾਏ ਜਾਂਦੇ ਸਨ। ਕੀਲਾ (ਲੱਕੜ ਦਾ) ਜਾਂ ਕੋਈ ਸਿਲ (ਪੱਥਰ) ਇੱਕ ਨਿਸ਼ਚਿਤ ਥਾਂ ’ਤੇ ਗੱਡਿਆ ਜਾਂਦਾ ਸੀ। ਪਿੰਡ ਬੰਨ੍ਹਣ ਦੀ ਇਹ ਰਸਮ ਪਿੰਡ ਦੀ ਜੜ੍ਹ ਹੁੰਦੀ ਸੀ, ਜਿਸ ਨੂੰ ਬੜੀ ਪਵਿੱਤਰ ਥਾਂ ਮੰਨ ਕੇ ਪਿੰਡ ਦਾ ਖੇੜਾ ਸੱਦਿਆ ਜਾਂਦਾ ਸੀ। ਹਰ ਇੱਕ ਨੂੰ ਆਪਣੇ ਪਿੰਡ ’ਤੇ ਮਾਣ ਹੁੰਦਾ ਸੀ। ਹਰ ਘਰ ਦੀ ਜੜ੍ਹ ਪਿੰਡ ਹੁੰਦਾ ਸੀ। ਉਨ੍ਹਾਂ ਸਮਿਆਂ ’ਚ ਜੇ ਕੋਈ ਵਿਅਕਤੀ ਰੋਟੀ-ਰੋਜ਼ੀ ਜਾਂ ਕਮਾਈ ਲਈ ਪਿੰਡੋਂ ਦੂਰ ਜਾਂ ਵਿਦੇਸ਼ ਜਾਂਦਾ ਸੀ ਤਾਂ ਸਿਆਣੇ ਕਹਿੰਦੇ ਹੁੰਦੇ ਸਨ: ‘‘ਦੇਖੀਂ ਪਿੰਡ ਨੂੰ ਭੁੱਲ ਨਾ ਜਾਈਂ। ਘਰ ਜੜ੍ਹ ਹੁੰਦਾ ਹੈ।’’ ਜੜ੍ਹੋਂ ਉੱਖੜਿਆ ਬੰਦਾ ਭਟਕਦਾ ਰਹਿੰਦਾ ਹੈ। ਮਿੱਟੀ ਦਾ ਮੋਹ ਹੀ ਪਿੰਡ ਨੂੰ ਖਿੱਚ ਪਾਉਂਦਾ ਹੈ।

ਸਭ ਤੋਂ ਵੱਡੀ ਅਸੀਸ ਕਿਸੇ ਪਰਿਵਾਰ ਲਈ ਇਹ ਹੁੰਦੀ ਸੀ: ‘‘ਜੜ੍ਹ ਹਰੀ ਰਹੇ’’। ਖ਼ੁਸ਼ੀ ਦੇ ਸਮਾਗਮਾਂ ਮੌਕੇ ਹਰੇ ਘਾਹ (ਦੁੱਬ) ਨਾਲ ਸੁੱਖ ਮੰਗੀ ਜਾਂਦੀ ਸੀ। ਹਰਿਆਲੀ-ਖ਼ੁਸ਼ਹਾਲੀ ਦਾ ਪ੍ਰਤੀਕ ਮੰਨੀ ਜਾਂਦੀ ਸੀ। ਕੁਦਰਤ ਦੇ ਨੇੜੇ ਰਹਿਣ ਦੀ ਪਰੰਪਰਾ ਸੀ। ਮਨੁੱਖੀ ਵਿਕਾਸ ਨਾਲ ਜੀਵਨਸ਼ੈਲੀ ਤੇ ਰਹਿਤਲ ਵਿੱਚ ਤਬਦੀਲੀ ਆਉਣੀ ਸੁਭਾਵਿਕ ਹੈ। ਪਰਵਿਰਤਨ ਕੁਦਰਤ ਦਾ ਨਿਯਮ ਹੈ। ਆਦਿ-ਕਾਲ ਤੋਂ ਮਨੁੱਖ ਆਪਣੇ ਵਸੇਬੇ ਲਈ ਯਤਨਸ਼ੀਲ ਰਿਹਾ ਹੈ। ਉਹ ਇੱਕ ਥਾਂ ਤੋਂ ਦੂਜੀ ਥਾਂ ਸਥਾਪਤ ਹੋਣ ਲਈ ਆਪਣੀਆਂ ਜੜ੍ਹਾਂ ਲਾਉਣ ਵਿੱਚ ਉੱਦਮ ਕਰਦਾ ਰਿਹਾ ਹੈ। ਟਿਕਣ ਲਈ ਘਰ ਜ਼ਰੂਰੀ ਹੈ। ਘਰ ਨਾਲ ਪਰਿਵਾਰ, ਸਮਾਜ, ਸਮੂਹ, ਪਿੰਡ, ਸ਼ਹਿਰ ਤੇ ਨਗਰ ਹੋਂਦ ਵਿੱਚ ਆਉਂਦੇ ਰਹੇ। ਜਿੱਥੇ ਵੀ ਮਨੁੱਖ ਗਿਆ, ਉਸ ਨੇ ਜੀਵਨ ਜਿਊਣ ਲਈ ਆਪਣਾ ਘਰ ਬਣਾਉਣ ਦੀ ਲੋਚਾ ਰੱਖੀ ਹੈ। ਲੋਕ ਵਿਸ਼ਵਾਸ ਹੈ: ਮਨੁੱਖ ਦੇ ਸਿਰ ’ਤੇ ਛੱਤ ਹੋਣੀ ਜ਼ਰੂਰੀ ਹੈ। ਇਸੇ ਕਰ ਕੇ ਕਥਨ ਬਣ ਗਿਆ: ਜੋ ਸੁਖ ਛੱਜੂ ਦੇ ਚੁਬਾਰੇ ਤਿਹਾ ਬਲਖ ਨਾ ਬੁਖਾਰੇ। ਘਰ ਦੀ ਜੜ੍ਹ ਲੱਗ ਗਈ, ਘਰ ਵਸ ਗਿਆ। ਜਿਸ ਦਾ ਕੋਈ ਘਰ ਨਹੀਂ, ਉਸ ਦਾ ਕੋਈ ਦਰ ਨਹੀਂ। ਭਾਰਤ ਵਿੱਚ ਘਰੋਂ ਵਾਂਝੇ ਕਿੰਨੇ ਹਨ, ਇਸ ਦਾ ਅੰਕੜਾ ਲੱਭਣ ਦੀ ਲੋੜ ਨਹੀਂ। ਮਹਾਂਨਗਰਾਂ ’ਚ ਇਹ ਤਸਵੀਰਾਂ ਵੇਖੀਆਂ ਜਾ ਸਕਦੀਆਂ ਹਨ। ਜੜ੍ਹੋਂ ਉੱਖੜੇ ਲੋਕਾਂ ਦੀ ਸਥਿਤੀ ਬੜੀ ਤਰਸਯੋਗ ਹੁੰਦੀ ਹੈ। ਸੰਤਾਲੀ ਦੀ ਵੰਡ ਦੇ ਦੁੱਖੜਿਆਂ ਨੂੰ ਕਵਿੇਂ ਭੁਲਾਇਆ ਜਾ ਸਕਦਾ ਹੈ। ਅਜਿਹੀ ਖ਼ੂਨੀ ਅਣਹੋਣੀ ਕਦੇ ਨਾ ਵਾਪਰੇ।

ਘਰ ਮਨੁੱਖੀ ਸੱਭਿਅਤਾ ਦਾ ਪਘੂੰੜਾ ਹੁੰਦਾ ਹੈ। ਉਸ ਦੀ ਮਾਂ-ਬੋਲੀ ਦੀ ਟਕਸਾਲ ਘਰ ਹੁੰਦਾ ਹੈ। ਘਰ ਦੀਆਂ ਜੜ੍ਹਾਂ ਪੁਸ਼ਤੈਨੀ ਹੁੰਦੀਆਂ ਹਨ, ਜਿੱਥੇ ਬਜ਼ੁਰਗ-ਪੁਰਖਿਆਂ ਦੀ ਘਾਲ-ਕਮਾਈ ਪਰਿਵਾਰ ਨੂੰ ਪਾਲਦੀ ਹੈ। ਸੰਸਕਾਰਾਂ ਨੂੰ ਜਨਮ ਦਿੰਦੀ ਹੈ। ਵਿਰਸੇ-ਵਿਰਾਸਤ ਦੀ ਨੀਂਹ ਹੁੰਦੀ ਹੈ। ਇਤਿਹਾਸ ਦੀ ਸ਼ੁਰੂਆਤ ਇੱਥੋਂ ਹੀ ਹੁੰਦੀ ਹੈ।

ਮਾਂ-ਬੋਲੀ ਦੀ ਟਕਸਾਲ ਘਰ ਹੁੰਦਾ ਹੈ। ਘਰ ਵਸਦੇ ਲੋਕ ਬੱਚੇ ਨੂੰ ਮਾਂ-ਬੋਲੀ ਸਿਖਾਉਣ ਵਿੱਚ ਪ੍ਰਾਰੰਭਕ ਸੋਮੇ ਹੁੰਦੇ ਹਨ। ਅਮੀਰ ਵਿਰਾਸਤ ਖ਼ਾਨਦਾਨੀ ਦੀ ਨੀਂਹ ਹੁੰਦੀ ਹੈ। ਸੰਸਕਾਰਾਂ ਨੂੰ ਵਿਰਾਸਣ ’ਚ ਭੂਮਿਕਾ ਨਿਭਾਉਂਦੀ ਹੈ। ਸੰਸਕਾਰ ਕਿਸੇ ਕੌਮ ਦੇ ਪਛਾਣ ਚਿੰਨ੍ਹ ਹੁੰਦੇ ਹਨ। ਚੰਗੀਆਂ ਨੈਤਿਕ ਕਦਰਾਂ ਕੌਮਾਂ ਨੂੰ ਬਲਵਾਨ ਬਣਾਉਂਦੀਆਂ ਹਨ, ਜਨਿ੍ਹਾਂ ਦਾ ਆਧਾਰ ਘਰ ਦੀਆਂ ਜੜ੍ਹਾਂ ਹੁੰਦੀਆਂ ਹਨ। ਜਿਸ ਸਮੇਂ ਦੇ ਦੌਰ ’ਚੋਂ ਅਸੀਂ ਗੁਜ਼ਰ ਰਹੇ ਹਾਂ, ਇਹ ਬਹੁਤ ਵੰਗਾਰਾਂ ਤੇ ਚੁਣੌਤੀਆਂ ਵਾਲਾ ਹੈ। ਲਾਲਸਾ ਵਸ ਹੋਇਆ ਮਨੁੱਖ ਘਰੋਂ ਭੱਜ ਰਿਹਾ ਹੈ। ਮਾਇਆ ਕਮਾਉਣ ਦੀ ਦੌੜ ਪਿੱਛੇ ਸਾਡਾ ਪੁਸ਼ਤੈਨੀ ਵਿਰਸਾ ਅਲੋਪ ਹੁੰਦਾ ਜਾ ਰਿਹਾ ਹੈ। ਆਪਣੀ ਮਾਂ-ਮਿੱਟੀ ਨਾਲ ਮੋਹ ਖ਼ਤਮ ਹੋ ਰਿਹਾ ਹੈ। ਰਿਸ਼ਤੇ ਗੁਆਚ ਰਹੇ ਹਨ। ਤਿੜਕ ਰਹੇ ਹਨ। ਪਿਆਰ-ਮੁਹੱਬਤ ਦੇ ਅਰਥ ਪੂੰਜੀ ਦੀ ਚਕਾਚੌਂਧ ਨੇ ਬਦਲ ਹੀ ਦਿੱਤੇ ਹਨ। ਪਦਾਰਥਿਕਤਾ ਨੇ ਆਪਸੀ ਸਨੇਹ ਨੂੰ ਖੂੰਜੇ ਲਾ ਦਿੱਤਾ। ਫੈਕਟਰੀਆਂ ’ਚ ਦਨਿ-ਰਾਤ ਦੀ ਡਿਊਟੀ ਨੇ ਕਰਮਚਾਰੀਆਂ ਤੇ ਅਧਿਕਾਰੀਆਂ ਨੂੰ ਬੌਂਦਲਾ ਦਿੱਤਾ ਹੈ। ਮਨੁੱਖੀ ਮਨ ਦੀ ਯਾਦਸ਼ਕਤੀ ਸੰਚਾਰ ਸਾਧਨਾਂ ਤੇ ਮੋਬਾਈਲਾਂ ’ਤੇ ਨਿਰਭਰ ਹੋ ਗਈ ਹੈ। ਜੇ ਇਹ ਵਰਤਾਰਾ ਇੰਝ ਹੀ ਭਾਰੂ ਹੁੰਦਾ ਗਿਆ ਤਾਂ ਘਰਾਂ ਦੇ ਨੰਬਰ, ਮਾਤਾ-ਪਿਤਾ ਦਾ ਨਾਂ, ਆਪਣੀ ਜਨਮ ਮਿਤੀ ਤੇ ਹੋਰ ਲੋੜੀਂਦੀ ਜਾਣਕਾਰੀ ਦੱਸਣ ਲਈ ਮਨੁੱਖ ਸੰਚਾਰ-ਸਾਧਨਾਂ ਦਾ ਗ਼ੁਲਾਮ ਬਣ ਕੇ ਰਹਿ ਜਾਵੇਗਾ। ਕਿਸੇ ਵੀ ਵਿਗਿਆਨਕ ਕਾਢ ਦਾ ਹੱਦੋਂ ਵੱਧ ਦੁਰਉਪਯੋਗ ਘਾਤਕ ਹੁੰਦਾ ਹੈ। ਹੱਥ ਲਿਖਤ ਘਟਦੀ ਜਾ ਰਹੀ ਹੈ। ਅਸੀਂ ਅਵੇਸਲੇ ਹੁੰਦੇ ਜਾ ਰਹੇ ਹਾਂ ਤੇ ਜੜ੍ਹੋਂ ਉੱਖੜਦੇ ਜਾ ਰਹੇ ਹਾਂ। ਸਰਮਾਏਦਾਰੀ ਤੇ ਕਾਰਪੋਰੇਟ ਘਰਾਣਿਆਂ ਦੀ ਇਜ਼ਾਰੇਦਾਰੀ ਏਨੀ ਹਾਵੀ ਹੋ ਰਹੀ ਹੈ ਕਿ ਖ਼ਾਲਸ ਵਸਤ ਦੀ ਥਾਂ ਮਸਨੂਈ ਵਸਤ ਨੇ ਜੀਵਨਸ਼ੈਲੀ ਹੀ ਬਦਲ ਦਿੱਤੀ ਹੈ। ਸੋਚਣ ਤੇ ਚਿੰਤਨ ਕਰਨ ਦੀ ਲੋੜ ਹੈ। ਅਸੀਂ ਕਿਸ ਪਾਸੇ ਨੂੰ ਵਹਿ ਰਹੇ ਹਾਂ, ਇਹ ਗੰਭੀਰ ਮਸਲਾ ਬਣਦਾ ਜਾ ਰਿਹਾ ਹੈ। ਆਦਿ-ਮਨੁੱਖ ਆਪਣੀ ਸੁਰੱਖਿਆ, ਖ਼ੁਸ਼ਹਾਲੀ ਤੇ ਸੁੱਖ-ਆਰਾਮ ਲਈ ਪ੍ਰਗਤੀ ਕਰਦਾ-ਕਰਦਾ ਸੁਚਾਰੂ ਮਨੁੱਖ ਬਣਿਆ, ਜਿਸ ਦੀਆਂ ਜੜ੍ਹਾਂ ਕਾਇਮ ਸਨ, ਠਹਿਰਾਅ ਤੇ ਸ਼ਾਂਤੀ ਸੀ। ਭਟਕਣ ਦੇ ਨਤੀਜੇ ਮਾੜੇ ਹੀ ਨਿਕਲਦੇ ਹਨ। ਅੰਤ ਨੂੰ ਸਹਿਜ ਅਵਸਥਾ ਹੀ ਸ਼ਾਂਤੀ ਤੇ ਖੇੜੇ ਦੀ ਪੁੰਜ ਹੁੰਦੀ ਹੈ।

ਸਾਡੀ ਕਿੰਨੀ ਗਿਣਤੀ ਕਿਰਾਏ ’ਤੇ ਮਕਾਨਾਂ ’ਚ ਰਹਿਣ ਲਈ ਮਜਬੂਰ ਹੈ। ਘਰ ਦੀਆਂ ਜੜ੍ਹਾਂ ਕਵਿੇਂ ਲੱਗਣ। ਪਤਾ ਨਹੀਂ ਨੌਕਰੀ ਕਿੱਥੇ ਕਰਨੀ ਪੈ ਜਾਵੇ, ਬਦਲੀ-ਦਰ-ਬਦਲੀ ਕਾਰਨ ਸਮੁੱਚੇ ਘਰ ਦਾ ਅਪਣੱਤ ਤੇ ਮੋਹ ਭਰਿਆ ਆਨੰਦ ਕਵਿੇਂ ਮਿਲੇ। ਬਹੁ-ਮੰਜ਼ਿਲੇ ਅਪਾਰਟਮੈਂਟਸ, ਕਾਲੋਨੀਆਂ ਤੇ ਐਨਕਲੇਵਜ਼ ਕਾਰਨ ਮਨੁੱਖ ਹਵਾ ’ਚ ਲਟਕ ਰਿਹਾ ਹੈ, ਧਰਤੀ ’ਤੇ ਵਸਣ ਤੇ ਤੁਰਨ ਦੀ ਵਿਸਮਾਦੀ ਖ਼ੁਸ਼ੀ ਕਵਿੇਂ ਨਸੀਬ ਹੋਵੇ। ਘਰ ਆਪਣਾ ਹੋਵੇ, ਭਾਵੇਂ ਛੋਟਾ ਭਾਵੇਂ ਵੱਡਾ, ਜਿੱਥੇ ਘਰ ਦਾ ਪਿਆਰ ਮਿਲੇ।