ਨੀਦਰਲੈਂਡਜ਼ ਦੀ ਸਫ਼ੀਰ ਵੱਲੋਂ ਮੁੱਖ ਮੰਤਰੀ ਨਾਲ ਮੁਲਾਕਾਤ

ਨੀਦਰਲੈਂਡਜ਼ ਦੀ ਸਫ਼ੀਰ ਵੱਲੋਂ ਮੁੱਖ ਮੰਤਰੀ ਨਾਲ ਮੁਲਾਕਾਤ

ਚੰਡੀਗੜ੍ਹ- ਨੀਦਰਲੈਂਡਜ਼ ਦੀ ਸਫ਼ੀਰ ਮੈਰੀਸਾ ਗੇਰਾਡਜ਼ ਨੇ ਅੱਜ ਮੁੱਖ ਮੰਤਰੀ ਭਗਵੰਤ ਮਾਨ ਨਾਲ ਉਨ੍ਹਾਂ ਦੀ ਚੰਡੀਗੜ੍ਹ ਸਥਿਤ ਸਰਕਾਰੀ ਰਿਹਾਇਸ਼ ’ਤੇ ਮੁਲਾਕਾਤ ਕੀਤੀ। ਇਸ ਦੌਰਾਨ ਸਫ਼ੀਰ ਨੇ ਸ੍ਰੀ ਮਾਨ ਨੂੰ ਪਹਿਲੀ ਅਕਤੂਬਰ ਨੂੰ ਰਾਜਪੁਰਾ ’ਚ 138 ਕਰੋੜ ਦੀ ਲਾਗਤ ਨਾਲ ਬਣਨ ਵਾਲੇ ਕੈਟਲ ਫੀਡ ਪਲਾਂਟ ਦਾ ਨੀਂਹ ਪੱਥਰ ਰੱਖਣ ਦਾ ਸੱਦਾ ਦਿੱਤਾ, ਜਿਸ ਨੂੰ ਮੁੱਖ ਮੰਤਰੀ ਨੇ ਪ੍ਰਵਾਨ ਕਰ ਲਿਆ। ਹਾਲੈਂਡ ਦੀ ਕੰਪਨੀ ਇਹ ਕੈਟਲ ਫੀਡ ਪਲਾਂਟ ਲਾ ਰਹੀ ਹੈ।

ਮੁੱਖ ਮੰਤਰੀ ਨੇ ਇਸ ਸੱਦੇ ਨੂੰ ਪ੍ਰਵਾਨ ਕਰ ਲਿਆ। ਮੁੱਖ ਮੰਤਰੀ ਨੇ ਪੰਜਾਬ ਨੂੰ ਨਵਿੇਸ਼ ਲਈ ਸਭ ਤੋਂ ਪਸੰਦੀਦਾ ਸਥਾਨ ਦੱਸਦਿਆਂ ਸਫ਼ੀਰ ਨੂੰ ਜਾਣੂ ਕਰਵਾਇਆ ਕਿ ਸੂਬੇ ’ਚ ਸਨਅਤਕਾਰਾਂ ਦੀ ਭਲਾਈ ਲਈ ਸਮਰਪਿਤ ਸਿੰਗਲ ਵਿੰਡੋ ਪ੍ਰਣਾਲੀ ਲਾਗੂ ਕਰਨ ਵਾਲੀ ਉਦਯੋਗਿਕ ਪੱਖੀ ਸਰਕਾਰ ਹੈ। ਮੁੱਖ ਮੰਤਰੀ ਨੇ ਕਿਹਾ ਕਿ ਵਿਸ਼ਵ ਭਰ ਦੀਆਂ ਪ੍ਰਮੁੱਖ ਕੰਪਨੀਆਂ ਸੂਬੇ ’ਚ ਨਵਿੇਸ਼ ਕਰਨ ਲਈ ਤਿਆਰ ਹਨ। ਨੀਦਰਲੈਂਡਜ਼ ਦੇ ਉੱਦਮੀਆਂ ਨੂੰ ਵੀ ਪੰਜਾਬ ’ਚ ਨਵਿੇਸ਼ ਕਰਕੇ ਬਹੁਤ ਫਾਇਦਾ ਹੋਵੇਗਾ, ਜੋ ਦੇਸ਼ ਦੇ ਉਦਯੋਗਿਕ ਧੁਰੇ ਵਜੋਂ ਤੇਜ਼ੀ ਨਾਲ ਉੱਭਰ ਰਿਹਾ ਹੈ। ਨੀਦਰਲੈਂਡਜ਼ ਦੀ ਸਫ਼ੀਰ ਨੇ ਮੁੱਖ ਮੰਤਰੀ ਨੂੰ ਦੱਸਿਆ ਕਿ ਹਾਲੈਂਡ ਦੇ ਮੋਹਰੀ ਸਨਅਤਕਾਰ ਪਹਿਲਾਂ ਹੀ ਸੂਬੇ ’ਚ ਵੱਡੇ ਪੱਧਰ ’ਤੇ ਨਵਿੇਸ਼ ਕਰ ਰਹੇ ਹਨ। ਉਨ੍ਹਾਂ ਉਮੀਦ ਜਤਾਈ ਕਿ ਰਾਜਪੁਰਾ ’ਚ ਬਣਨ ਵਾਲਾ ਕੈਟਲ ਫੀਡ ਪਲਾਂਟ ਸੂਬੇ ਦੇ ਉਦਯੋਗਿਕ ਵਿਕਾਸ ਨੂੰ ਹੁਲਾਰਾ ਦੇਣ ਲਈ ਮੀਲ ਪੱਥਰ ਸਾਬਤ ਹੋਵੇਗਾ।