ਪਟਿਆਲਾ ਵਿੱਚ ਰੈਲੀ ਰਾਹੀਂ ਸ਼ਕਤੀ ਪ੍ਰਦਰਸ਼ਨ ਕਰੇਗੀ ‘ਆਪ’

ਪਟਿਆਲਾ ਵਿੱਚ ਰੈਲੀ ਰਾਹੀਂ ਸ਼ਕਤੀ ਪ੍ਰਦਰਸ਼ਨ ਕਰੇਗੀ ‘ਆਪ’

ਪਟਿਆਲਾ- ਆਗਾਮੀ ਲੋਕ ਸਭਾ ਚੋਣਾਂ ਦੇ ਮੱਦੇਨਜ਼ਰ ਆਮ ਆਦਮੀ ਪਾਰਟੀ ਦੋ ਅਕਤੂਬਰ ਨੂੰ ਪਟਿਆਲਾ ਵਿੱਚ ਵਿਸ਼ਾਲ ਰੈਲੀ ਰਾਹੀਂ ਆਪਣਾ ਸ਼ਕਤੀ ਪ੍ਰਦਰਸ਼ਨ ਕਰੇਗੀ। ਇਸ ਸਮਾਗਮ ’ਚ ਮੁੱਖ ਮੰਤਰੀ ਭਗਵੰਤ ਮਾਨ ਅਤੇ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ‘ਮਿਸ਼ਨ ਸਿਹਤਮੰਦ ਪੰਜਾਬ’ ’ਤੇ ਆਧਾਰਿਤ 550 ਕਰੋੜ ਦੇ ਰੁਪਏ ਅਹਿਮ ਪ੍ਰਾਜੈਕਟਾਂ ਤਹਿਤ ਮਾਤਾ ਕੁਸ਼ੱਲਿਆ ਸਰਕਾਰੀ ਹਸਪਤਾਲ ਪਟਿਆਲਾ ’ਚ ਆਈਸੀਯੂ ਸੇਵਾਵਾਂ ਦਾ ਆਗਾਜ਼ ਵੀ ਕਰਨਗੇ। ਇਸ ਸਮਾਗਮ ਦੀ ਤਿਆਰੀ ’ਚ ਸਰਕਾਰੀ ਅਮਲੇ ਸਮੇਤ ‘ਆਪ’ ਆਗੂ ਤੇ ਕਾਰਕੁਨ ਵੀ ਜੁਟੇ ਹੋਏ ਹਨ। ਸੁਰੱਖਿਆ ਪ੍ਰਬੰਧਾਂ ਵਜੋਂ 2000 ਪੁਲੀਸ ਮੁਲਾਜ਼ਮ ਤਾਇਨਾਤ ਕੀਤੇ ਜਾਣਗੇ।

ਸਿਹਤ ਮੰਤਰੀ ਡਾ. ਬਲਬੀਰ ਸਿੰਘ, ਚੇਤਨ ਸਿੰਘ ਜੌੜਾਮਾਜਰਾ ਤੇ ਵਿਧਾਇਕ ਅਜੀਤਪਾਲ ਕੋਹਲੀ ਨੇ ਅੱਜ ਪ੍ਰੈਸ ਕਾਨਫਰੰਸ ਵੀ ਕੀਤੀ ਹੈ। ਉਨ੍ਹਾਂ ਕਿਹਾ ਕਿ ਰੈਲੀ ਸਰਕਾਰੀ ਸਮਾਗਮ ’ਤੇ ਆਧਾਰਿਤ ਹੋਵੇਗੀ ਤੇ ਪਹਿਲੇ ਪੜਾਅ ’ਚ 19 ਜ਼ਿਲ੍ਹਾ ਤੇ ਛੇ ਤਹਿਸੀਲ ਹਸਪਤਾਲ ਤੇ 40 ਕਮਿਊਨਿਟੀ ਹੈਲਥ ਕੇਅਰ ਸੈਂਟਰ ਅੱਪਗ੍ਰੇਡ ਕੀਤੇ ਜਾਣਗੇ। ‘ਆਪ’ ਸਰਕਾਰ ਦੇ ਸੱਤਾ ਸੰਭਾਲਣ ਮਗਰੋਂ ਇਹ ਪਹਿਲਾ ਵੱਡਾ ਸਮਾਗਮ ਹੈ। ਲੋਕਾ ਸਭਾ ਚੋਣਾਂ ਦੇ ਮੱਦੇਨਜ਼ਰ ਇਸ ਰੈਲੀ ਨੂੰ ਸ਼ਕਤੀ ਪ੍ਰਦਰਸ਼ਨ ਨਾਲ ਜੋੜ ਕੇ ਵੇਖਿਆ ਜਾ ਰਿਹਾ ਹੈ। ਲੋਕ ਸਭਾ ਹਲਕਾ ਪਟਿਆਲਾ ’ਤੇ ਜ਼ਿਆਦਾਤਰ ਕਾਂਗਰਸ ਦਾ ਕਬਜ਼ਾ ਰਿਹਾ ਹੈ। ਹਾਲਾਂਕਿ, ਅਜੀਤਪਾਲ ਕੋਹਲੀ ਵੱਲੋਂ ਕੈਪਟਨ ਅਮਰਿੰਦਰ ਸਿੰਘ ਨੂੰ ਹਰਾਉਣ ਅਤੇ ਪਟਿਆਲਾ ਦੇ ਸਾਰੇ ਅੱਠ ਹਲਕਿਆਂ ’ਚ ‘ਆਪ’ ਦੇ ਵਿਧਾਇਕ ਹੋਣ ਕਰ ਕੇ ਇਹ ਪਾਰਟੀ ਆਪਣਾ ਹੱਥ ਉਪਰ ਮੰਨਦੀ ਹੈ। ਦੋ ਵਿਧਾਇਕਾਂ ਕੋਲ ਤਾਂ ਵਜ਼ੀਰੀਆਂ ਵੀ ਹਨ ਜਦੋਂ ਕਿ ਬਲਤੇਜ ਪੰਨੂ, ਹਰਚੰਦ ਬਰਸਟ ਤੇ ਰਣਜੋਧ ਹਡਾਣਾ ਕੋਲ ਵਿਸ਼ੇਸ਼ ਤਾਕਤ ਹੋਣ ਕਰ ਕੇ ਵਿਧਾਇਕਾਂ ਤੋਂ ਘੱਟ ਨਹੀਂ ਹਨ। ਪਟਿਆਲਾ ਤੋਂ ‘ਆਪ’ ਦੀ ਟਿਕਟ ਲਈ ਮੁੱਖ ਮੰਤਰੀ ਦੀ ਪਤਨੀ ਡਾ. ਗੁਰਪ੍ਰ੍੍੍੍ੀਤ ਕੌਰ ਮਾਨ ਤੇ ਪਟਿਆਲਾ ਦੇ ਮੰਤਰੀ ਸਮੇਤ ਗੁਆਂਢੀ ਜ਼ਿਲ੍ਹੇ ਦੇ ਇੱਕ ਮੰਤਰੀ ਦੇ ਨਾਂ ਦੀ ਵੀ ਚਰਚਾ ਹੈ। ਹਾਲਾਂਕਿ, ਮੁੱਖ ਤੌਰ ’ਤੇ ਬਲਤੇਜ ਪੰਨੂ, ਰਣਜੋਧ ਹਡਾਣਾ, ਦਲਬੀਰ ਯੂ ਕੇ, ਬਲਜਿੰਦਰ ਢਿੱਲੋਂ, ਇੰਦਰਜੀਤ ਸੰਧੂ ਤੇ ਹਰਚੰਦ ਬਰਸਟ ਦੇ ਨਾਵਾਂ ਦੀ ਵਧੇਰੇ ਚਰਚਾ ਹੈ।