ਕਾਂਗਰਸੀ ਵਿਧਾਇਕ ਸੁਖਪਾਲ ਖਹਿਰਾ ਨੂੰ ਜੇਲ੍ਹ ਭੇਜਿਆ

ਕਾਂਗਰਸੀ ਵਿਧਾਇਕ ਸੁਖਪਾਲ ਖਹਿਰਾ ਨੂੰ ਜੇਲ੍ਹ ਭੇਜਿਆ

ਫਾਜ਼ਿਲਕਾ/ਜਲਾਲਾਬਾਦ- ਇੱਥੋਂ ਦੀ ਅਦਾਲਤ ਨੇ ਨਸ਼ਾ ਤਸਕਰੀ ਦੇ ਇੱਕ ਪੁਰਾਣੇ ਮਾਮਲੇ ਵਿੱਚ ਗ੍ਰਿਫ਼ਤਾਰ ਕੀਤੇ ਹਲਕਾ ਭੁਲੱਥ ਤੋਂ ਕਾਂਗਰਸੀ ਵਿਧਾਇਕ ਸੁਖਪਾਲ ਸਿੰਘ ਖਹਿਰਾ ਨੂੰ ਅੱਜ ਨਿਆਂਇਕ ਹਿਰਾਸਤ ਵਿੱਚ ਭੇਜ ਦਿੱਤਾ ਹੈ। ਦੋ ਦਨਿ ਦਾ ਪੁਲੀਸ ਰਿਮਾਂਡ ਖ਼ਤਮ ਹੋਣ ਮਗਰੋਂ ਸਖ਼ਤ ਸੁਰੱਖਿਆ ਪ੍ਰਬੰਧਾਂ ਹੇਠ ਖਹਿਰਾ ਨੂੰ ਅੱਜ ਸ਼ਾਮ ਲਗਪਗ ਚਾਰ ਵਜੇ ਜੱਜ ਰਾਮਪਾਲ ਦੀ ਅਦਾਲਤ ਵਿੱਚ ਪੇਸ਼ ਕੀਤਾ ਗਿਆ। ਅਦਾਲਤ ਨੇ ਖਹਿਰਾ ਨੂੰ ਸ੍ਰੀ ਮੁਕਤਸਰ ਸਾਹਿਬ ਦੀ ਜੇਲ੍ਹ ਭੇਜਣ ਦਾ ਹੁਕਮ ਦੇ ਦਿੱਤਾ। ਇਸ ਦੌਰਾਨ ਕਾਂਗਰਸੀ ਵਿਧਾਇਕ ਨੇ ਅਦਾਲਤ ਨੂੰ ਗੈਂਗਸਟਰਾਂ ਤੋਂ ਆਪਣੀ ਜਾਨ ਨੂੰ ਖਤਰਾ ਦੱਸਦਿਆਂ ਸੁਰੱਖਿਆ ਦੇਣ ਦੀ ਅਪੀਲ ਕੀਤੀ।

ਇਸ ਤੋਂ ਪਹਿਲਾਂ ਖਹਿਰਾ ਦੀ ਪੇਸ਼ੀ ਨੂੰ ਲੈ ਕੇ ਤਹਿਸੀਲ ਕੰਪਲੈਕਸ ਨੂੰ ਪੁਲੀਸ ਛਾਉਣੀ ਵਿੱਚ ਤਬਦੀਲ ਕਰ ਦਿੱਤਾ ਗਿਆ। ਅਦਾਲਤ ਦੇ ਬਾਹਰ ਕਾਂਗਰਸੀ ਵਰਕਰਾਂ, ਕਿਸਾਨਾਂ, ਵੱਖ-ਵੱਖ ਸਮਾਜਿਕ ਅਤੇ ਰਾਜਸੀ ਜਥੇਬੰਦੀਆਂ ਨੇ ਖਹਿਰਾ ਦੇ ਹੱਕ ਵਿੱਚ ਇਕੱਠ ਕੀਤਾ ਅਤੇ ਸਰਕਾਰ ਦੀ ਇਸ ਕਾਰਵਾਈ ਨੂੰ ਨਾਜਾਇਜ਼ ਠਹਿਰਾਇਆ। ਅਦਾਲਤ ਦੇ ਬਾਹਰ ਲੱਖਾ ਸਿਧਾਣਾ ਵੀ ਖਹਿਰਾ ਦੇ ਹੱਕ ’ਚ ਬੋਲਦਾ ਨਜ਼ਰ ਆਇਆ। ਪੁਲੀਸ ਨੇ ਮੀਡੀਆ ਤੇ ਲੋਕਾਂ ਦੇ ਇਕੱਠ ਨੂੰ ਵੇਖਦਿਆਂ ਖਹਿਰਾ ਨੂੰ ਅਦਾਲਤ ’ਚ ਪਿਛਲੇ ਗੇਟ ਰਾਹੀਂ ਪੇਸ਼ ਕੀਤਾ। ਇਸ ਮੌਕੇ ਤਹਿਸੀਲ ਕੰਪਲੈਕਸ ’ਚ ਸਾਬਕਾ ਖੇਡ ਮੰਤਰੀ ਪਰਗਟ ਸਿੰਘ, ਕੁਲਬੀਰ ਸਿੰਘ ਜ਼ੀਰਾ, ਤ੍ਰਿਪਤ ਰਾਜਿੰਦਰ ਸਿੰਘ ਬਾਜਵਾ, ਸ਼ੇਰ ਸਿੰਘ ਘੁਬਾਇਆ, ਦਵਿੰਦਰ ਸਿੰਘ ਘੁਬਾਇਆ, ਰਿੰਪਲ ਮਿੱਢਾ, ਸੁਖਵਿੰਦਰ ਸਿੰਘ ਕੋਟਲੀ ਤੇ ਹੋਰ ਹਾਜ਼ਰ ਸਨ।