ਜ਼ੀਰੋ ਬਿੱਲ: ਮੁਫਤ ਬਿਜਲੀ ਨੇ ਪਾਵਰਕੌਮ ਦਾ ਧੂੰਆਂ ਕੱਢਿਆ

ਜ਼ੀਰੋ ਬਿੱਲ: ਮੁਫਤ ਬਿਜਲੀ ਨੇ ਪਾਵਰਕੌਮ ਦਾ ਧੂੰਆਂ ਕੱਢਿਆ

ਪ੍ਰਤੀ ਮਹੀਨਾ ਸਬਸਿਡੀ 150 ਕਰੋੜ ਰੁਪਏ ਵਧਣ ਲੱਗੀ; ਖਪਤਕਾਰਾਂ ਵੱਲੋਂ ਬਿਜਲੀ ਦੀ ਸੰਜਮੀ ਵਰਤੋਂ ਖਤਮ
ਚੰਡੀਗੜ੍ਹ- ਪੰਜਾਬ ’ਚ ਜ਼ੀਰੋ ਬਿੱਲਾਂ ਨੇ ਪਾਵਰਕੌਮ ਦਾ ਧੂੰਆਂ ਕੱਢ ਦਿੱਤਾ ਹੈ। ਮੁਫਤ ਦੀ ਬਿਜਲੀ ਦਾ ਪੂਰਾ ਲਾਹਾ ਲੈਣ ਕਾਰਨ ਪ੍ਰਤੀ ਮਹੀਨਾ ਘਰੇਲੂ ਬਿਜਲੀ ਦੀ ਸਬਸਿਡੀ ਦਾ ਗਰਾਫ ਵੀ ਸਿਖ਼ਰ ਵੱਲ ਹੋ ਗਿਆ ਹੈ। ਪੰਜਾਬ ਸਰਕਾਰ ਨੇ ਜੁਲਾਈ 2022 ਤੋਂ ਬਿਜਲੀ ਦੇ 600 ਯੂਨਿਟ ਮੁਫਤ ਦੇਣੇ ਸ਼ੁਰੂ ਕੀਤੇ ਸਨ ਅਤੇ ਪਾਵਰਕੌਮ ਨੇ ਅਗਸਤ 2022 ’ਚ ਜ਼ੀਰੋ ਬਿੱਲਾਂ ਦੇ ਸਭ ਤੋਂ ਪਹਿਲਾਂ ਬਿੱਲ ਭੇਜੇ ਸਨ। ਹੁਣ ਜਦੋਂ ਇੱਕ ਸਾਲ ਪੂਰਾ ਹੋ ਗਿਆ ਹੈ ਤਾਂ ਤੱਥ ਉਭਰੇ ਹਨ ਕਿ ਪ੍ਰਤੀ ਮਹੀਨਾ ਜ਼ੀਰੋ ਬਿੱਲਾਂ ਦੀ ਸਬਸਿਡੀ ਪਿਛਲੇ ਵਰ੍ਹੇ ਨਾਲੋਂ ਵਧ ਗਈ ਹੈ।

ਪ੍ਰਾਪਤ ਵੇਰਵਿਆਂ ਅਨੁਸਾਰ 2022 ਦੇ ਅਗਸਤ ਮਹੀਨੇ ਵਿਚ ਮੁਫਤ ਘਰੇਲੂ ਬਿਜਲੀ ਦੀ ਸਬਸਿਡੀ ਦਾ ਬਿੱਲ 638.50 ਕਰੋੜ ਰੁਪਏ ਸੀ ਜਦਕਿ ਅਗਸਤ 2023 ’ਚ ਇਹ ਬਿੱਲ 185 ਕਰੋੜ ਰੁਪਏ ਵਧ ਕੇ 823.50 ਕਰੋੜ ਰੁਪਏ ਹੋ ਗਿਆ ਹੈ। ਟੈਰਿਫ ਵਿੱਚ ਵਾਧੇ ਕਰਕੇ ਕਰੀਬ 30 ਕਰੋੜ ਦਾ ਵਾਧਾ ਹੋਣਾ ਸੀ। ਟੈਰਿਫ ਦੇ ਵਾਧੇ ਨੂੰ ਮਨਫੀ ਕਰ ਦੇਈਏ ਤਾਂ ਜ਼ੀਰੋ ਬਿੱਲਾਂ ਕਰਕੇ ਕਰੀਬ 155 ਕਰੋੜ ਪ੍ਰਤੀ ਮਹੀਨਾ ਸਬਸਿਡੀ ਵਧੀ ਹੈ।

ਜ਼ੀਰੋ ਬਿੱਲ ਵਾਲੇ ਖਪਤਕਾਰਾਂ ਦਾ ਅੰਕੜਾ ਦੇਖੀਏ ਤਾਂ ਅਗਸਤ 2022 ਵਿਚ 23.08 ਲੱਖ ਬਿੱਲ ਜਾਰੀ ਹੋਏ ਸਨ ਜਦਕਿ ਅਗਸਤ 2023 ਵਿਚ ਜਾਰੀ ਹੋਏ ਬਿੱਲਾਂ ਦੀ ਗਿਣਤੀ 44 ਹਜ਼ਾਰ ਵਧ ਕੇ 23.52 ਲੱਖ ਹੋ ਗਈ ਹੈ। ਜ਼ੀਰੋ ਬਿੱਲਾਂ ਆਉਣ ਮਗਰੋਂ ਘਰੇਲੂ ਬਿਜਲੀ ਦੀ ਸਬਸਿਡੀ ਦਾ ਬਿੱਲ ਜੁਲਾਈ 2022 ਤੋਂ ਸਤੰਬਰ 2023 ਤੱਕ ਕਰੀਬ ਅੱਠ ਹਜ਼ਾਰ ਕਰੋੜ ਰੁਪਏ ਹੋ ਗਿਆ ਹੈ।

ਪਾਵਰਕੌਮ ਦੇ ਫੀਲਡ ਅਧਿਕਾਰੀ ਦੱਸਦੇ ਹਨ ਕਿ ਜਨਿ੍ਹਾਂ ਖਪਤਕਾਰਾਂ ਵੱਲੋਂ ਪਹਿਲਾਂ ਬਿਜਲੀ ਸੰਜਮ ਨਾਲ ਵਰਤੀ ਜਾਂਦੀ ਸੀ, ਉਹ ਹੁਣ ਛੇ ਸੌ ਮੁਫਤ ਯੂਨਿਟਾਂ ਦਾ ਲਾਹਾ ਲੈਣ ਦੇ ਚੱਕਰ ਵਿਚ ਬਿਜਲੀ ਦੀ ਵਰਤੋਂ ਖੁੱਲ੍ਹਦਿਲੀ ਨਾਲ ਕਰਨ ਲੱਗੇ ਹਨ। ਗਰਮੀਆਂ ਵਿਚ ਕੂਲਰਾਂ ਤੇ ਏਸੀਜ਼ ਦੀ ਗਿਣਤੀ ਵਧੀ ਹੈ ਅਤੇ ਸਰਦੀਆਂ ਦਾ ਮੌਸਮ ਸ਼ੁਰੂ ਹੋਣ ਮਗਰੋਂ ਖਾਣਾ ਵੀ ਬਿਜਲੀ ਦੇ ਹੀਟਰਾਂ ’ਤੇ ਬਣਾਉਣ ਦਾ ਰੁਝਾਨ ਵਧਿਆ ਹੈ। ਸ਼ਾਮ ਵਕਤ ਬਿਜਲੀ ਦੀ ਖਪਤ ਵਧਣੀ ਸ਼ੁਰੂ ਹੋ ਜਾਂਦੀ ਹੈ।

ਲੰਘੇ ਇੱਕ ਸਾਲ ਦੌਰਾਨ ਕਰੀਬ ਦੋ ਲੱਖ ਨਵੇਂ ਘਰੇਲੂ ਕੁਨੈਕਸ਼ਨ ਵੀ ਜਾਰੀ ਹੋਏ ਹਨ। ਆਮ ਤੌਰ ’ਤੇ ਠੰਢ ਦੇ ਦਿਨਾਂ ਵਿਚ ਬਿਜਲੀ ਦੀ ਖਪਤ ਘੱਟ ਜਾਂਦੀ ਹੈ। ਪਿਛਲੇ ਸਰਦੀ ਦੇ ਮੌਸਮ ਵਿਚ ਖਪਤ ਵਿਚ ਕੋਈ ਬਹੁਤੀ ਕਮੀ ਦੇਖਣ ਨੂੰ ਨਹੀਂ ਮਿਲੀ ਹੈ। ਬਿਜਲੀ ਦੇ ਹੀਟਰਾਂ ਨੇ ਖਪਤ ਵਿਚ ਸਭ ਤੋਂ ਵੱਧ ਵਾਧਾ ਕੀਤਾ ਹੈ। ਪਿਛਲੇ ਸਾਲ ਬਿਜਲੀ ਦੀ ਮੰਗ ਵਿਚ ਕਰੀਬ 36 ਫੀਸਦੀ ਦਾ ਵਾਧਾ ਦਰਜ ਕੀਤਾ ਗਿਆ ਸੀ। ਬਹੁਤੇ ਲੋਕਾਂ ਨੇ ਸਰਕਾਰੀ ਸਕੀਮ ਦੀ ਵਰਤੋਂ ਲਈ ਇੱਕੋ ਘਰ ਵਿਚ ਮੀਟਰਾਂ ਦੇ ਦੋ-ਦੋ ਕੁਨੈਕਸ਼ਨ ਲੈਣੇ ਸ਼ੁਰੂ ਕਰ ਦਿੱਤੇ ਹਨ।

ਦੇਖਿਆ ਜਾਵੇ ਤਾਂ ਪੰਜਾਬ ਵਿਚ ਹੁਣ ਘਰੇਲੂ ਬਿਜਲੀ ਦੇ ਕਰੀਬ ਚਾਰ ਕੁ ਫੀਸਦੀ ਹੀ ਖਪਤਕਾਰ ਬਚੇ ਹਨ ਜਨਿ੍ਹਾਂ ਨੂੰ ਕੋਈ ਸਬਸਿਡੀ ਨਹੀਂ ਮਿਲਦੀ ਹੈ। ਬਾਕੀ 96 ਫੀਸਦੀ ਨੂੰ ਛੇ ਸੌ ਯੂਨਿਟ ਬਿਜਲੀ ’ਤੇ ਸਬਸਿਡੀ ਮਿਲਦੀ ਹੈ ਜਾਂ ਫਿਰ ਸੱਤ ਕਿਲੋ ਵਾਟ ਤੱਕ ਦੇ ਖਪਤਕਾਰਾਂ ਨੂੰ ਢਾਈ ਰੁਪਏ ਪ੍ਰਤੀ ਯੂਨਿਟ ਦੀ ਸਬਸਿਡੀ ਮਿਲਦੀ ਹੈ।
ਖੇਤੀ ਸਬਸਿਡੀ ਨੂੰ ਛੂਹਣ ਲੱਗੀ ਘਰੇਲੂ ਸਬਸਿਡੀ

ਪੰਜਾਬ ਵਿਚ ਪਹਿਲਾਂ ਖੇਤੀ ਸੈਕਟਰ ਦੀ ਮੁਫਤ ਬਿਜਲੀ ਦੀ ਸਬਸਿਡੀ ਦਾ ਬਿੱਲ ਭਾਰਾ ਹੁੰਦਾ ਸੀ। ਹੁਣ ਜਦੋਂ ਜ਼ੀਰੋ ਬਿੱਲਾਂ ਦਾ ਗਰਾਫ ਵਧਿਆ ਹੈ ਤਾਂ ਘਰੇਲੂ ਬਿਜਲੀ ਦੀ ਸਬਸਿਡੀ ਦਾ ਬਿੱਲ ਵੀ ਖੇਤੀ ਸੈਕਟਰ ਦੀ ਸਬਸਿਡੀ ਦਾ ਮੁਕਾਬਲਾ ਕਰਨ ਲੱਗਾ ਹੈ। ਖੇਤੀ ਸੈਕਟਰ ਨੂੰ ਕਰੀਬ ਅੱਠ ਹਜ਼ਾਰ ਕਰੋੜ ਦੀ ਸਾਲਾਨਾ ਸਬਸਿਡੀ ਮਿਲਦੀ ਹੈ ਜਦਕਿ ਘਰੇਲੂ ਬਿਜਲੀ ਦੀ ਸਬਸਿਡੀ ਦਾ ਅੰਕੜਾ ਵੀ ਸੱਤ ਹਜ਼ਾਰ ਕਰੋੜ ਸਾਲਾਨਾ ਨੂੰ ਛੂਹਣ ਲੱਗਾ ਹੈ।