ਸਿੰਘ ਸਭਾ ਲਹਿਰ ਦਾ ਸਿੱਖ ਪੰਥ ਨੂੰ ਬਹੁਪੱਖੀ ਯੋਗਦਾਨ ਲਾ-ਮਿਸਾਲ: ਪ੍ਰੋਫੈਸਰ ਬਰਾੜ

ਸਿੰਘ ਸਭਾ ਲਹਿਰ ਦਾ ਸਿੱਖ ਪੰਥ ਨੂੰ ਬਹੁਪੱਖੀ ਯੋਗਦਾਨ ਲਾ-ਮਿਸਾਲ: ਪ੍ਰੋਫੈਸਰ ਬਰਾੜ

ਫਤਹਿਗੜ੍ਹ ਸਾਹਿਬ- ਸ੍ਰੀ ਗੁਰੂ ਗ੍ਰੰਥ ਸਾਹਿਬ ਵਰਲਡ ਯੂਨੀਵਰਸਿਟੀ ਫ਼ਤਹਿਗੜ੍ਹ ਸਾਹਿਬ ਵਿੱਚ ਸਿੰਘ ਸਭਾ ਲਹਿਰ ਦੇ 150ਵੇਂ ਸਥਾਪਨਾ ਵਰ੍ਹੇ ਨੂੰ ਸਮਰਪਿਤ ਕੌਮੀ ਪੱਧਰੀ ਸੈਮੀਨਾਰ ਕਰਵਾਇਆ ਗਿਆ। ਉਦਘਾਟਨੀ ਸੈਸ਼ਨ ਵਿੱਚ ਮੁੱਖ ਮਹਿਮਾਨ ਵਜੋਂ ਸ਼ਾਮਲ ਹੋਏ ਯੂਨੀਵਰਸਿਟੀ ਦੇ ਪ੍ਰੋ ਚਾਂਸਲਰ ਪ੍ਰੋਫੈਸਰ ਅਜੈਬ ਸਿੰਘ ਬਰਾੜ ਨੇ ਆਖਿਆ ਕਿ ਸਿੰਘ ਸਭਾ ਲਹਿਰ ਦਾ ਸਿੱਖ ਪੰਥ ਨੂੰ ਬਹੁਪੱਖੀ ਯੋਗਦਾਨ ਲਾ-ਮਿਸਾਲ ਹੈ ਅਤੇ ਸਿੱਖ ਪੰਥ ਵਿੱਚ ਹੁਣ ਤੱਕ ਚੱਲੀਆਂ ਸਾਰੀਆਂ ਸੁਧਾਰ ਲਹਿਰਾਂ ਵਿੱਚੋਂ ਸਿੰਘ ਸਭਾ ਲਹਿਰ ਦਾ ਆਪਣਾ ਨਵਿੇਕਲਾ ਅਤੇ ਸਿਖਰਲਾ ਸਥਾਨ ਹੈ। ਉਪ ਕੁਲਪਤੀ ਪ੍ਰੋ. ਪਰਿਤ ਪਾਲ ਸਿੰਘ ਨੇ ਆਖਿਆ ਕਿ ਰਹਿਤ ਮਰਿਆਦਾ, ਗੁਰਬਾਣੀ ਵਿਆਖਿਆ ਅਤੇ ਇਤਿਹਾਸਕਾਰੀ ਪ੍ਰਤੀ ਸਿੰਘ ਸਭਾ ਲਹਿਰ ਨੇ ਵਡਮੁੱਲੀਆਂ ਪੈੜਾਂ ਪਾਈਆਂ ਹਨ। ਸੈਮੀਨਾਰ ਦਾ ਕੂੰਜੀਵਤ ਭਾਸ਼ਣ ਪੇਸ਼ ਕਰਦਿਆਂ ਪੰਜਾਬ ਸਕੂਲ ਸਿਖਿਆ ਬੋਰਡ ਦੇ ਸਾਬਕਾ ਚੇਅਰਮੈਨ ਕੇਹਰ ਸਿੰਘ ਨੇ ਆਖਿਆ ਕਿ ਸਿੰਘ ਸਭਾ ਲਹਿਰ ਨੂੰ ਦੇਖਣ ਦੇ ਵੱਖ-ਵੱਖ ਨੁਕਤੇ ਸਾਹਮਣੇ ਰਹੇ ਹਨ ਪਰ ਇਹ ਸਪੱਸ਼ਟ ਹੈ ਕਿ ਇਹ ਲਹਿਰ ਸਿੱਖੀ ਦੇ ਮੂਲ ਆਸ਼ੇ ਅਨੁਸਾਰ ਪੁਨਰ ਜਾਗਰਣ ਲਹਿਰ ਸੀ, ਜਿਸ ਦਾ ਸਿੱਖ ਪੰਥ ’ਤੇ ਬਹੁ-ਪੱਖੀ ਹਾਂ-ਵਾਚੀ ਪ੍ਰਭਾਵ ਪਿਆ। ਸਵਾਗਤੀ ਸ਼ਬਦ ਆਖਦਿਆਂ ਡੀਨ (ਅਕਾਦਮਿਕ ਮਾਮਲੇ) ਪ੍ਰੋ. ਸੁਖਵਿੰਦਰ ਸਿੰਘ ਬਿਲਿੰਗ ਨੇ ਕਹੇ। ਅਕਾਦਮਿਕ ਸੈਸ਼ਨ ਵਿੱਚ ਪੰਜਾਬੀ ਵਿਭਾਗ ਦੇ ਮੁਖੀ ਡਾ. ਸਿਕੰਦਰ ਸਿੰਘ, ਖਾਲਸਾ ਕਾਲਜ ਫਾਰ ਗਰਲਜ਼ ਦੇ ਪ੍ਰਿੰਸੀਪਲ ਡਾ. ਗੁਰਤੇਜ ਸਿੰਘ, ਪ੍ਰਿੰਸੀਪਲ, ਖਾਲਸਾ ਕਾਲਜ ਫਾਰ ਗਰਲਜ, ਕਥਾਵਾਚਕ ਭਾਈ ਬਲਦੀਪ ਸਿੰਘ ਅਤੇ ਪੰਜਾਬੀ ਵਿਭਾਗ ਤੋਂ ਡਾ. ਸੰਦੀਪ ਕੌਰ ਨੇ ਤਰਤੀਬ ਅਨੁਸਾਰ ਖੋਜ ਪਰਚੇ ਪੇਸ਼ ਕੀਤੇ। ਸੈਸ਼ਨ ਦੀ ਪ੍ਰਧਾਨਗੀ ਕਰਦਿਆਂ ਪੰਜਾਬੀ ਯੂਨੀਵਰਸਿਟੀ ਪਟਿਆਲਾ ਦੇ ਪ੍ਰੋ. ਪਰਮਵੀਰ ਸਿੰਘ ਨੇ ਆਖਿਆ ਕਿ ਇਸ ਲਹਿਰ ਬਾਰੇ ਉਸਾਰੂ ਅਤੇ ਨਿਰਪੱਖ ਪਹੁੰਚ ਨਾਲ ਵਿਚਾਰਦਿਆਂ ਇਸ ਦੇ ਬਹੁਪੱਖੀ ਮਹੱਤਵ ਨੂੰ ਸਮਝਿਆ ਜਾ ਸਕਦਾ ਹੈ। ਪੈਨਲ ਡਿਸਕਸ਼ਨ ਵਿੱਚ ਸੇਵਾਮੁਕਤ ਪ੍ਰੋਫੈਸਰ ਕੁਲਵਿੰਦਰ ਸਿੰਘ ਅਤੇ ਸ੍ਰੀ ਗੁਰੂ ਗ੍ਰੰਥ ਸਾਹਿਬ ਧਰਮ ਅਧਿਐਨ ਵਿਭਾਗ ਦੇ ਮੁਖੀ ਡਾ. ਹਰਦੇਵ ਸਿੰਘ ਨੇ ਬਤੌਰ ਵਿਸ਼ਾ ਮਾਹਿਰ ਹਿੱਸਾ ਲਿਆ।