ਨਿੱਝਰ ਦੀ ਹੱਤਿਆ ’ਚ ਭਾਰਤ ਦੀ ਸ਼ਮੂਲੀਅਤ ਦੇ ਪੁਖ਼ਤਾ ਸਬੂਤ: ਜਗਮੀਤ ਸਿੰਘ

ਨਿੱਝਰ ਦੀ ਹੱਤਿਆ ’ਚ ਭਾਰਤ ਦੀ ਸ਼ਮੂਲੀਅਤ ਦੇ ਪੁਖ਼ਤਾ ਸਬੂਤ: ਜਗਮੀਤ ਸਿੰਘ

ਵਾਸ਼ਿੰਗਟਨ : ਕੈਨੇਡਾ ਦੀ ਨਿਊ ਡੈਮੋਕਰੈਟਿਕ ਪਾਰਟੀ (ਐੱਨਡੀਪੀ) ਦੇ ਆਗੂ ਜਗਮੀਤ ਸਿੰਘ ਨੇ ਕਿਹਾ ਹੈ ਕਿ ਕੈਨੇਡੀਅਨ ਨਾਗਰਿਕ ਹਰਦੀਪ ਸਿੰਘ ਨਿੱਝਰ ਦੀ ਹੱਤਿਆ ’ਚ ਇਕ ਵਿਦੇਸ਼ੀ ਸਰਕਾਰ ਦੀ ਸ਼ਮੂਲੀਅਤ ਦੇ ਪੁਖ਼ਤਾ ਸਬੂਤ ਹਨ। ਟਰੂਡੋ ਸਰਕਾਰ ’ਚ ਭਾਈਵਾਲ ਐੱਨਡੀਪੀ ਦੇ ਆਗੂ ਨੇ ਓਟਵਾ ’ਚ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਕਿਹਾ, ‘‘ਜਿਵੇਂ ਪ੍ਰਧਾਨ ਮੰਤਰੀ ਨੇ ਜਨਤਕ ਤੌਰ ’ਤੇ ਆਖਿਆ ਹੈ, ਕੈਨੇਡੀਅਨ ਖ਼ੁਫ਼ੀਆ ਰਿਪੋਰਟਾਂ ਮੁਤਾਬਕ ਸਾਡੇ ਮੁਲਕ ਦੇ ਨਾਗਰਿਕ ਨੂੰ ਕੈਨੇਡੀਅਨ ਧਰਤੀ ’ਤੇ ਮਾਰਿਆ ਗਿਆ ਹੈ ਅਤੇ ਇਕ ਵਿਦੇਸ਼ੀ ਸਰਕਾਰ ਇਸ ਲਈ ਜ਼ਿੰਮੇਵਾਰ ਹੈ।’’ ਕੈਨੇਡਾ ਦੇ ਪ੍ਰਧਾਨ ਮੰਤਰੀ ਜਸਟਨਿ ਟਰੂਡੋ ਵੱਲੋਂ ਭਾਰਤ ਖ਼?ਲਾਫ਼ ਲਾਏ ਗਏ ਦੋਸ਼ਾਂ ਨੂੰ ਬਹੁਤ ਗੰਭੀਰ ਕਰਾਰ ਦਿੰਦਿਆਂ ਜਗਮੀਤ ਸਿੰਘ ਨੇ ਕਿਹਾ ਕਿ ਉਨ੍ਹਾਂ ਦਾ ਬਿਆਨ ਖ਼ੁਫ਼ੀਆ ਏਜੰਸੀਆਂ ਵੱਲੋਂ ਦਿੱਤੀ ਗਈ ਜਾਣਕਾਰੀ ’ਤੇ ਆਧਾਰਿਤ ਹੈ। ‘ਹੈਰਾਨਕੁਨ ਖ਼ੁਫ਼ੀਆ ਜਾਣਕਾਰੀ ਮਿਲੀ ਹੈ ਅਤੇ ਇਸ ਕਾਰਨ ਅਸੀਂ ਕੈਨੇਡੀਅਨ ਸਰਕਾਰ ਨੂੰ ਇਹ ਤਾਕੀਦ ਕਰਨਾ ਜਾਰੀ ਰੱਖਾਂਗੇ ਕਿ ਉਹ ਇਸ ਦੀ ਡੂੰਘਾਈ ਨਾਲ ਜਾਂਚ ਕਰੇ ਤਾਂ ਜੋ ਜ਼ਿੰਮੇਵਾਰ ਵਿਅਕਤੀਆਂ ਨੂੰ ਸਾਹਮਣੇ ਲਿਆਂਦਾ ਜਾ ਸਕੇ।’ ਇਕ ਸਵਾਲ ਦੇ ਜਵਾਬ ਵਿਚ ਜਗਮੀਤ ਸਿੰਘ ਨੇ ਕਿਹਾ ਕਿ ਅਮਰੀਕਾ ਨੇ ਭਾਰਤ ਨੂੰ ਸਹਿਯੋਗ ਕਰਨ ਲਈ ਆਖ ਕੇ ਕੈਨੇਡਾ ਦੀ ਹਮਾਇਤ ਕੀਤੀ ਹੈ।
ਜਗਮੀਤ ਨੇ ਕਿਹਾ ਕਿ ਉਨ੍ਹਾਂ ਨੂੰ ਸਾਬਕਾ ਗਵਰਨਰ ਜਨਰਲ ਡੇਵਿਡ ਜੌਹਨਸਟਨ ਵੱਲੋਂ ਤਿਆਰ ਕੀਤੀ ਗਈ ਰਿਪੋਰਟ ਤੋਂ ਕਈ ਵੇਰਵੇ ਮਿਲੇ ਹਨ। ‘ਵੈਨਕੂਵਰ ਸਨ’ ਮੁਤਾਬਕ ਸਾਬਕਾ ਗਵਰਨਰ ਜਨਰਲ ਦੀ ਰਿਪੋਰਟ ਤੋਂ ਇਹ ਸਿੱਟਾ ਕੱਢਿਆ ਗਿਆ ਕਿ ਟਰੂਡੋ ਸਰਕਾਰ ਜਾਣਬੁੱਝ ਕੇ ਜਾਂ ਅਣਗਹਿਲੀ ਕਾਰਨ ਪਿਛਲੀਆਂ ਦੋ ਸੰਘੀ ਚੋਣਾਂ ’ਚ ਵਿਦੇਸ਼ੀ ਦਖ਼ਲ ਦੀਆਂ ਕੋਸ਼ਿਸ਼ਾਂ ’ਤੇ ਕਾਰਵਾਈ ਕਰਨ ’ਚ ਨਾਕਾਮ ਰਹੀ ਸੀ। ਜਗਮੀਤ ਨੇ ਕਿਹਾ ਕਿ ਜੌਹਨਸਟਨ ਦੀ ਰਿਪੋਰਟ ਤੋਂ ਦੋ ਗੱਲਾਂ ਉਭਰਦੀਆਂ ਹਨ। ਇਕ ਇਹ ਕਿ ਮਾਮਲੇ ਦੀ ਜਾਂਚ ਕਰਨ ਦੀ ਲੋੜ ਹੈ ਜਦਕਿ ਦੂਜੀ ਗੱਲ ਇਹ ਕਿ ਰਿਪੋਰਟ ’ਚ ਬਾਕੀ ਚੁੱਕੇ ਗਏ ਮੁੱਦਿਆਂ ਨਾਲ ਉਹ ਸਹਿਮਤ ਨਹੀਂ ਹਨ। ਜਗਮੀਤ ਨੈ ਕਿਹਾ ਕਿ ਕੈਨੇਡਾ ’ਚ ਸਿੱਖਾਂ ਨੂੰ ਨਿਸ਼ਾਨਾ ਬਣਾਏ ਜਾਣ ਦਾ ਡਰ ਪਹਿਲਾਂ ਤੋਂ ਸਤਾ ਰਿਹਾ ਹੈ। ਉਨ੍ਹਾਂ ਕਿਹਾ,‘‘ਲੰਬੇ ਸਮੇਂ ਤੋਂ ਸਿੱਖਾਂ ਨੂੰ ਭਾਰਤ ਸਰਕਾਰ ਦੀਆਂ ਕਾਰਵਾਈਆਂ ਰਾਹੀਂ ਨਿਸ਼ਾਨਾ ਬਣਾਇਆ ਜਾਂਦਾ ਰਿਹਾ ਹੈ ਅਤੇ ਲੰਬੇ ਸਮੇਂ ਤੋਂ ਇਨ੍ਹਾਂ ਵੱਲ ਧਿਆਨ ਨਹੀਂ ਦਿੱਤਾ ਜਾ ਰਿਹਾ ਸੀ ਜਾਂ ਉਸ ਨੂੰ ਰੱਦ ਕੀਤਾ ਜਾ ਰਿਹਾ ਸੀ।’’ ਉਨ੍ਹਾਂ ਦਾਅਵਾ ਕੀਤਾ ਕਿ ਮੁਸਲਮਾਨ, ਆਦਵਿਾਸੀ ਤੇ ਹੋਰ ਦੱਬੇ-ਕੁਚੇਲੇ ਭਾਈਚਾਰਿਆਂ ਨੇ ਆਪਣੇ ਨਾਲ ਹੁੰਦੇ ਵਵਿਹਾਰ ’ਤੇ ਚਿੰਤਾ ਜਤਾਈ ਹੈ।