ਸਰਦਾਰ ਨਿੱਝਰ ਦੇ ਕਨੇਡਾ ’ਚ ਕਤਲ ਮਗਰੋਂ ਐਫ.ਬੀ.ਆਈ. ਨੇ ਅਮਰੀਕਾ ’ਚ ਸਿੱਖਾਂ ਦੇ ਸਿਰਮੌਰ ਆਗੂਆਂ ਨੂੰ ਕੀਤਾ ਅਲਰਟ

ਸਰਦਾਰ ਨਿੱਝਰ ਦੇ ਕਨੇਡਾ ’ਚ ਕਤਲ ਮਗਰੋਂ ਐਫ.ਬੀ.ਆਈ. ਨੇ ਅਮਰੀਕਾ ’ਚ ਸਿੱਖਾਂ ਦੇ ਸਿਰਮੌਰ ਆਗੂਆਂ ਨੂੰ ਕੀਤਾ ਅਲਰਟ

ਵਾਸ਼ਿੰਗਟਨ : ਬ੍ਰਿਟਿਸ਼ ਕੋਲੰਬੀਆ ’ਚ ਇਕ ਗੁਰਦੁਆਰੇ ਦੇ ਬਾਹਰ ਸ਼ਹੀਦ ਹਰਦੀਪ ਸਿੰਘ ਨਿੱਝਰ ਦੇ ਵਹਿਸ਼ੀਆਨਾ ਕਤਲ ਤੋਂ ਬਾਅਦ ਸੰਘੀ ਜਾਂਚ ਬਿਊਰੋ (ਐੱਫ. ਬੀ. ਆਈ.) ਦੇ ਏਜੰਟਾਂ ਨੇ ਕਈ ਸਿੱਖ ਨੇਤਾਵਾਂ ਨਾਲ ਮੁਲਾਕਾਤ ਕਰ ਉਨ੍ਹਾਂ ਨੂੰ ਚਿਤਾਵਨੀ ਦਿੱਤੀ ਸੀ ਕਿ ਉਨ੍ਹਾਂ ਦੀ ਜਾਨ ਨੂੰ ਵੀ ਖ਼ਤਰਾ ਹੈ।
ਅਮਰੀਕੀ ਸਿੱਖ ਕਾਕਸ ਕਮੇਟੀ ਦੇ ਕਨਵੀਨਰ ਅਤੇ ਅਮਰੀਕਨ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਕੁਆਰਡੀਨੇਟਰ ਡਾਕਟਰ ਪ੍ਰਿਤਪਾਲ ਸਿੰਘ ਨੇ ‘ਦਿ ਇੰਟਰਸੈਪਟ’ ਨੂੰ ਦੱਸਿਆ ਕਿ ਨਿੱਝਰ ਦੇ ਕਤਲ ਤੋਂ ਬਾਅਦ ਉਨ੍ਹਾਂ ਨੂੰ ਅਤੇ ਕੈਲੀਫੋਰਨੀਆ ’ਚ 2 ਹੋਰ ਸਿੱਖਾਂ ਨੂੰ ਐੱਫ. ਬੀ. ਆਈ. ਨੇ ਅਲਰਟ ਕੀਤਾ ਹੈ। ਕੈਲੀਫੋਰਨੀਆ ਸਥਿਤ ਗੈਰ-ਲਾਭਕਾਰੀ ਸੰਘਠਨ ‘ਇੰਸਾਫ’ ਦੇ ਸਹਿ-ਨਿਰਦੇਸ਼ਕ ਸ. ਸੁਖਮਨ ਧਾਮੀ ਨੇ ਦੱਸਿਆ ਕਿ ਪੂਰੇ ਅਮਰੀਕਾ ’ਚ ਸਿੱਖਾਂ ਨੂੰ ਸੰਭਾਵੀ ਖ਼ਤਰਿਆਂ ਬਾਰੇ ਪੁਲਸ ਦੀ ਚਿਤਾਵਨੀ ਮਿਲੀ ਹੈ। ਕੈਨੇਡਾ ਦੇ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਵੱਲੋਂ ਕੈਨੇਡੀਅਨ ਨਾਗਰਿਕ ਅਤੇ ਸਿੱਖ ਵੱਖਵਾਦੀ ਨਿੱਝਰ ਦੇ ਕਤਲ ਵਿੱਚ ਭਾਰਤੀ ਖੁਫੀਆ ਏਜੰਸੀ ਅਤੇ ਰਾਜ ਦੀ ਸ਼ਮੂਲੀਅਤ ਦੇ ਦੋਸ਼ਾਂ ਨੂੰ ਲੈ ਕੇ ਭਾਰਤ ਅਤੇ ਕੈਨੇਡਾ ਕੂਟਨੀਤਕ ਵਿਵਾਦ ਵਿੱਚ ਉਲਝ ਗਏ ਹਨ। ਭਾਰਤ ਨੇ ਕੈਨੇਡਾ ਸਰਕਾਰ ਦੇ ਦਾਅਵਿਆਂ ਨੂੰ ਰਾਜਨੀਤੀ ਤੋਂ ਪ੍ਰੇਰਿਤ ਕਰਾਰ ਦਿੰਦੇ ਹੋਏ ਰੱਦ ਕਰ ਦਿੱਤਾ ਸੀ। ਇਸ ਮਗਰੋਂ ਦੋਵਾਂ ਦੇਸ਼ਾਂ ਨੇ ਸੀਨੀਅਰ ਡਿਪਲੋਮੈਟਾਂ ਨੂੰ ਦੇਸ਼ ਨਿਕਾਲਾ ਦੇਣ ਦਾ ਐਲਾਨ ਕੀਤਾ ਅਤੇ ਯਾਤਰਾ ਸਲਾਹ ਜਾਰੀ ਕੀਤੀ ਸੀ।

ਅਸੀ ਮੌਤ ਤੋਂ ਡਰਕੇ ਘਰ ਬੈਠਣ ਵਾਲਿਆ ’ਚ ਨਹੀਂ ਆਖਰੀ ਸਾਹ ਤੱਕ ਸਿੱਖਾਂ ਲਈ ਇਨਸਾਫ ਅਤੇ ਅਜ਼ਾਦੀ ਲਈ ਲੜਦੇ ਰਹਾਂਗੇ : ਡਾ. ਪ੍ਰਿਤਪਾਲ ਸਿੰਘ
ਅਮਰੀਕਾ ਦੀ ਸਿਰਮੌਰ ਖੁਫ਼ੀਆ ਏਜੰਸੀ ਐਫਬੀਆਈ ਨੇ ਕੈਨੇਡਾ ’ਚ ਸ੍ਰ. ਹਰਦੀਪ ਸਿੰਘ ਨਿੱਝਰ ਤੋਂ ਬਾਅਦ ਅਮਰੀਕਾ ਦੇ ਜਿਨ੍ਹਾਂ ਸਿੱਖ ਆਗੂਆਂ ਨੂੰ ਉਨ੍ਹਾਂ ਉਪਰ ਸੰਭਾਵੀ ਹਮਲੇ ਦੇ ਮੱਦੇਨਜ਼ਰ ਅਗਾਹ ਕੀਤਾ ਉਨ੍ਹਾਂ ਵਿਚੋਂ ਅਮਰੀਕੀ ਸਿੱਖ ਕਾਕਸ ਦੇ ਕਨਵੀਨਰ ਅਤੇ ਏਜੀਪੀਸੀ ਦੇ ਕੋਆਰਡੀਨੇਟਰ ਡਾ. ਪ੍ਰਿਤਪਾਲ ਸਿੰਘ ਨੇ ਕਿਹਾ ਕਿ ਸਿੱਖਾਂ ਨੂੰ ਮੌਤ ਦਾ ਭੈਅ ਨਹੀਂ ਮੌਤ ਨੇ ਤਾਂ ਹਰ ਇਕ ਨੂੰ ਇਕ ਦਿਨ ਆਉਣਾ ਹੀ ਆਉਣਾ ਹੈ ਪਰ ਜਦ ਤੱਕ ਸਾਡੇ ’ਚ ਆਖਰੀ ਸਾਹ ਹੈ ਅਸੀਂ ਸਿੱਖਾਂ ਲਈ ਇਨਸਾਫ਼ ਅਤੇ ਅਜ਼ਾਦੀ ਲਈ ਲੜਦੇ ਰਹਾਂਗੇ। ਉਨ੍ਹਾਂ ਕਿਹਾ ਕਿ ਸ੍ਰ. ਹਰਦੀਪ ਸਿੰਘ ਨਿੱਝਰ ਦਾ ਕਤਲ ਇਕ ਵਹਿਸ਼ੀਆਨਾ ਕਾਰਵਾਈ ਸੀ ਜਿਸ ਨੂੰ ਸਿੱਖ ਕਦੇ ਨਹੀਂ ਭੁਲਣਗੇ। ਉਨ੍ਹਾਂ ਕਿਹਾ ਕਿ ਭਾਰਤ ਸਰਕਾਰ ਨੇ 1984 ਤੋਂ ਲੈ ਕੇ ਅੱਜ ਤੱਕ ਲੱਖਾਂ ਸਿੱਖ ਮਾਰ ਮੁਕਾ ਦਿੱਤੇ ਪਰ ਕੌਮ ਦੀ ਗੈਰਤ ਤੇ ਅਜ਼ਾਦੀ ਦੀ ਲੜਾਈ ਨਹੀਂ ਮੁੱਕੀ ਸਗੋਂ ਅੱਗੇ ਵਧਦੀ ਗਈ। ਉਹ ਦਿਨ ਦੂਰ ਨਹੀਂ ਜਦੋਂ ਕੌਮ ਆਪਣੀ ਮੰਜ਼ਿਲ ਉਪਰ ਪਹੁੰਚੇਗੀ। ਉਨ੍ਹਾਂ ਕੈਨੇਡਾ ਸਰਕਾਰ ਅਤੇ ਅਮਰੀਕਾ ਕਾਂਗਰਸਮੈਨ ਦਾ ਤਹਿ ਦਿਲ ਤੋਂ ਧੰਨਵਾਦ ਕੀਤਾ ਜਿਨ੍ਹਾਂ ਨੇ ਸਿੱਖਾਂ ਦੇ ਹੱਕ ’ਚ ਜ਼ੋਰਦਾਰ ਆਵਾਜ਼ ਉਠਾਈ।