ਸਾਹਿਬ ਸ਼੍ਰੀ ਗੁਰੁ ਗ੍ਰੰਥ ਸਾਹਿਬ ਜੀ ਦੇ ਪਹਿਲੇ ਪ੍ਰਕਾਸ਼ ਪੁਰਬ ਨੂੰ ਸਮਰਪਿਤ ਗੁਰਦੁਆਰਾ ਸਾਹਿਬ ਸੈਨਹੋਜ਼ੇ ਕੈਲੀਫੋਰਨੀਆ ਵਲੋਂ ਮਹਾਨ ਨਗਰ ਕੀਰਤਨ

ਸਾਹਿਬ ਸ਼੍ਰੀ ਗੁਰੁ ਗ੍ਰੰਥ ਸਾਹਿਬ ਜੀ ਦੇ ਪਹਿਲੇ ਪ੍ਰਕਾਸ਼ ਪੁਰਬ ਨੂੰ ਸਮਰਪਿਤ ਗੁਰਦੁਆਰਾ ਸਾਹਿਬ ਸੈਨਹੋਜ਼ੇ ਕੈਲੀਫੋਰਨੀਆ ਵਲੋਂ ਮਹਾਨ ਨਗਰ ਕੀਰਤਨ

ਸੈਨਹੋਜੇ ਕੈਲੀਫੋਰਨੀਆ : ਗੁਰਦੁਆਰਾ ਸਾਹਿਬ ਸੈਨਹੋਜੇ ਵਿਖੇ ਜੇ ਸਉ ਚੰਦਾ ਉਗਵਹਿ ਸੂਰਜ ਚੜਿਹ ਹਜਾਰ ਏਤੇ ਚਾਨਣ ਹੋਦਿਆਂ ਗੁਰ ਬਿਨੁ ਘੋਰ ਅੰਧਾਰ ਦੇ ਮਹਾ ਵਾਕ ਅਨੁਸਾਰ ਸਾਹਿਬ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਹਿਲੇ ਪ੍ਰਕਾਸ਼ ਪੁਰਬ ਨੂੰ ਸਮਰਪਿਤ ਗੁਰਦੁਆਰਾ ਸਾਹਿਬ ਸੈਨਹੋਜ਼ੇ ਕੈਲੀਫੋਰਨੀਆ ਵਲੋ ਮਹਾਨ ਨਗਰ ਕੀਰਤਨ ਕੀਤਾ ਗਿਆ ਜਿਸ ਵਿੱਚ ਹਜ਼ਾਰਾਂ ਸੰਗਤਾਂ ਨੇ ਤਿੰਨ ਦਿਨ ਹਾਜ਼ਰੀ ਭਰੀ ਅਤੇ ਸੈਨਹੋਜੇ ਸ਼ਹਿਰ ਅਤੇ ਦੂਰੋਂ-ਦੂਰੋਂ ਸੰਗਤਾਂ ਨੇ ਪਹੁੰਚ ਕੇ ਹਾਜ਼ਰੀ ਭਰੀ ਅਤੇ ਗੁਰਦੁਆਰਾ ਸਾਹਿਬ ਵਿਖੇ ਸੇਵਾ ਕੀਤੀ। 22, 23, 24, ਸਤੰਬਰ, ਤਿੰਨੋ ਦਿਨ ਗੁਰਦੁਆਰਾ ਸਾਹਿਬ ਵਿਖੇ ਗੁਰਬਾਣੀ ਦੇ ਪਰਵਾਹ ਚੱਲਦੇ ਰਹੇ ਅਤੇ ਐਤਵਾਰ ਨੂੰ ਭੋਗ ਉਪਰੰਤ ਵਿਸ਼ੇਸ਼ ਦੀਵਾਨ ਸਜਾਏ ਗਏ।
22 ਸਤੰਬਰ ਦਿਨ ਸ਼ੁੱਕਰਵਾਰ ਨੂੰ ਗੁਰਦੁਆਰਾ ਸਾਹਿਬ ਵਿਖੇ ਆਖੰਡ ਪਾਠ ਸਾਹਿਬ ਆਰੰਭ ਕੀਤੇ ਗਏ ਅਤੇ ਐਤਵਾਰ ਨੂੰ ਸਵੇਰੇ ਭੋਗ ਪਾਏ ਗਏ। ਐਤਵਾਰ ਦੇ ਵਿਸ਼ੇਸ਼ ਦੀਵਾਨਾਂ ਵਿਚ ਪੰਥ ਪ੍ਰਸਿੱਧ ਰਾਗੀ, ਢਾਡੀ, ਕਥਾ ਵਾਚਕਾਂ ਨੇ ਗੁਰਬਾਣੀ ਕੀਰਤਨ, ਕਥਾ ਰਾਹੀਂ ਸੰਗਤਾਂ ਨੂੰ ਇਤਿਹਾਸ ਸਰਵਣ ਕਰਵਾਇਆ।
24 ਸਤੰਬਰ ਐਤਵਾਰ ਨੂੰ ਗੁਰਦੁਆਰਾ ਸਾਹਿਬ ਵਿਖੇ ਵਿਸ਼ੇਸ਼ ਕੀਰਤਨ ਦਰਬਾਰ ਸਜਾਇਆ ਗਿਆ ਜਿਸ ਵਿਚ ਬੱਚਿਆਂ ਵੱਲੋਂ ਰਸਭਿੰਨਾ ਕੀਰਤਨ ਸੰਗਤਾਂ ਨੂੰ ਸਰਵਣ ਕਰਵਾਇਆ ਗਿਆ। ਗੁਰਬਾਣੀ ਦੇ ਰਸਭਿੰਨੇ ਕੀਰਤਨ ਤੋਂ ਇਲਾਵਾ, ਸੰਗਤਾਂ ਨੂੰ ਕਥਾ ਰਾਹੀਂ ਇਤਿਹਾਸ ਸਰਵਣ ਕਰਾਇਆ ਗਿਆ।
ਸਾਹਿਬ ਸ਼੍ਰੀ ਗੁਰੁ ਗ੍ਰੰਥ ਸਾਹਿਬ ਜੀ ਦੇ ਪਹਿਲੇ ਪ੍ਰਕਾਸ਼ ਪੁਰਬ ਨੂੰ ਸਮਰਪਿਤ ਗੁਰਦੁਆਰਾ ਸਾਹਿਬ ਸੈਨਹੋਜੇ ਵਿਖੇ ਨਗਰ ਕੀਰਤਨ ਕੱਢਿਆ ਗਿਆ। ਸੰਗਤਾਂ ਵਲੋਂ ਗੁਰਬਾਣੀ, ਕੀਰਤਨ ਸ਼ਬਦ ਦਾ ਗਾਇਨ ਕਰਦਿਆਂ, ਨਾਮ ਸਿਮਰਨ ਕਰਦਿਆਂ ਨਗਰ ਕੀਰਤਨ ਦੀ ਸਮਾਪਤੀ ਕੀਤੀ।
ਸੇਵਾਦਾਰਾਂ ਵਲੋਂ ਹਮੇਸ਼ਾ ਦੀ ਤਰ੍ਹਾਂ ਤਿੰਨੇ ਦਿਨ ਗੁਰੂਘਰ ਵਿਖੇ ਸੰਗਤਾਂ ਦੀ ਸੇਵਾ ਕੀਤੀ ਗਈ, ਸੰਗਤਾਂ ਲਈ ਅਨੇਕਾਂ ਪ੍ਰਕਾਰ ਦੇ ਭੋਜਨ, ਛੋਲੇ ਭਟੂਰੇ, ਪਕੌੜੇ ਟਿੱਕੀਆਂ, ਜਲੇਬੀਆਂ ਦੇ ਲੰਗਰ ਲਗਾਏ ਗਏ। ਗੁਰਦੁਆਰਾ ਸਾਹਿਬ ਦੇ ਸੈਕਟਰੀ ਸਾਹਿਬ ਨੇ ਸਮੂਹ ਪ੍ਰਬੰਧਕ ਕਮੇਟੀ ਵਲੋਂ ਆਈਆਂ ਸੰਗਤਾਂ ਦਾ ਧੰਨਵਾਦ ਕੀਤਾ ਗਿਆ।