ਰੂਸੀ ਵਿਦੇਸ਼ ਮੰਤਰੀ ਵੱਲੋਂ ਸੰਯੁਕਤ ਰਾਸ਼ਟਰ ’ਚ ਪੱਛਮੀ ਮੁਲਕਾਂ ਦੀ ਨਿਖੇਧੀ

ਰੂਸੀ ਵਿਦੇਸ਼ ਮੰਤਰੀ ਵੱਲੋਂ ਸੰਯੁਕਤ ਰਾਸ਼ਟਰ ’ਚ ਪੱਛਮੀ ਮੁਲਕਾਂ ਦੀ ਨਿਖੇਧੀ

ਅਸਲ ਬਹੁ-ਧਰੁਵੀ ਆਲਮੀ ਢਾਂਚੇ ਦੀ ਸਥਾਪਤੀ ਨੂੰ ਰੋਕਣ ਲਈ ਅਮਰੀਕਾ ਤੇ ਸਾਥੀ ਮੁਲਕਾਂ ਵੱਲੋਂ ਯਤਨ ਕਰਨ ਦਾ ਦਾਅਵਾ
ਸੰਯੁਕਤ ਰਾਸ਼ਟਰ – ਰੂਸ ਦੇ ਵਿਦੇਸ਼ ਮੰਤਰੀ ਸਰਗੇਈ ਲੈਵਰੋਵ ਨੇ ਸੰਯੁਕਤ ਰਾਸ਼ਟਰ ਮਹਾਸਭਾ ਵਿਚ ਦਿੱਤੇ ਭਾਸ਼ਣ ’ਚ ਅਮਰੀਕਾ ਤੇ ਹੋਰਾਂ ਪੱਛਮੀ ਮੁਲਕਾਂ ਦੀ ਸਖ਼ਤ ਨਿਖੇਧੀ ਕੀਤੀ, ਪਰ ਉਨ੍ਹਾਂ ਯੂਕਰੇਨ ’ਚ ਆਪਣੇ ਮੁਲਕ ਵੱਲੋਂ ਛੇੜੀ ਜੰਗ ਦਾ ਜ਼ਿਕਰ ਨਹੀਂ ਕੀਤਾ।

ਰੂਸੀ ਆਗੂ ਨੇ ਕਿਹਾ, ‘ਅਮਰੀਕਾ ਤੇ ਇਸ ਦੇ ਪੱਛਮੀ ਸਾਥੀ ਲਗਾਤਾਰ ਟਕਰਾਅ ਨੂੰ ਸ਼ਹਿ ਦੇ ਰਹੇ ਹਨ, ਜਿਸ ਨਾਲ ਮਨੁੱਖਤਾ ਨਕਲੀ ਢੰਗ ਨਾਲ ਵੰਡੀ ਜਾ ਰਹੀ ਹੈ ਤੇ ਨਵੀਆਂ ਧੜੇਬੰਦੀਆਂ ਬਣ ਰਹੀਆਂ ਹਨ। ਇਸ ਨਾਲ ਕੁਝ ਹਾਸਲ ਨਹੀਂ ਹੋ ਰਿਹਾ। ਅਸਲ ਵਿਚ ਬਹੁ-ਧਰੁਵੀ ਆਲਮੀ ਢਾਂਚੇ ਦੀ ਸਥਾਪਤੀ ਨੂੰ ਰੋਕਣ ਲਈ, ਅਮਰੀਕਾ ਤੇ ਇਸ ਦੇ ਸਾਥੀ ਦੇਸ਼, ਜੋ ਹੋ ਸਕਦਾ ਹੈ, ਕਰ ਰਹੇ ਹਨ।’

ਸਰਗੇਈ ਨੇ ਕਿਹਾ ਕਿ ‘ਅਮਰੀਕਾ ਤੇ ਪੱਛਮੀ ਦੇਸ਼ ਫਿੱਕੇ ਪੈ ਰਹੇ ਤਾਕਤ ਦੇ ਕੌਮਾਂਤਰੀ ਢਾਂਚੇ ਦੇ ‘ਆਪੂੰ ਰਾਖੇ ਬਣੇ ਹੋਏ ਹਨ’, ਤੇ ਰੂਸ ਇਨ੍ਹਾਂ ਦੀ ਭੂਮਿਕਾ ਨੂੰ ਸਿਰੇ ਤੋਂ ਨਕਾਰਦਾ ਹੈ’।

ਉਨ੍ਹਾਂ ਕਿਹਾ ਕਿ ਇਹ ਦੇਸ਼ ਦੁਨੀਆ ਨੂੰ ਆਪਣੇ ਵੱਲੋਂ ਬਣਾਏ ਨੇਮਾਂ ਮੁਤਾਬਕ ਚਲਾਉਣਾ ਚਾਹੁੰਦੇ ਹਨ। ਰੂਸੀ ਵਿਦੇਸ਼ ਮੰਤਰੀ ਨੇ ਆਪਣੇ ਭਾਸ਼ਣ ਵਿਚ 1991 ਵਿਚ ਸੋਵੀਅਤ ਸੰਘ ਦੇ ਟੁੱਟਣ ਦਾ ਵੀ ਜ਼ਿਕਰ ਕੀਤਾ, ਤੇ ਅਸਿੱਧੇ ਰੂਪ ਵਿਚ ਪੱਛਮੀ ਮੁਲਕਾਂ ਵੱਲੋਂ ਯੂਕਰੇਨ ਨੂੰ ਦਿੱਤੀ ਜਾ ਰਹੀ ਮਦਦ ਵੱਲ ਵੀ ਇਸ਼ਾਰਾ ਕੀਤਾ।

ਰੂਸੀ ਵਿਦੇਸ਼ ਮੰਤਰੀ ਦੇ ਭਾਸ਼ਣ ਦੌਰਾਨ ਅਸੈਂਬਲੀ ਹਾਲ ਵਿਚ ਯੂਕਰੇਨ ਲਈ ਰੱਖੀਆਂ ਗਈਆਂ ਸੀਟਾਂ ਖਾਲੀ ਰਹੀਆਂ। ਭਾਸ਼ਣ ਵਿਚ ਰੂਸੀ ਵਿਦੇਸ਼ ਮੰਤਰੀ ਨੇ ਅਮਰੀਕਾ ਨੂੰ ਉੱਤਰੀ ਕੋਰੀਆ ਦੇ ਮੁੱਦੇ ਉਤੇ ਵੀ ਨਿਸ਼ਾਨਾ ਬਣਾਇਆ। ਉਨ੍ਹਾਂ ਕਿਹਾ ਕਿ ‘ਅਮਰੀਕਾ ਇਸ ਮਾਮਲੇ ਵਿਚ ਬੇਵਜ੍ਹਾ ਰੌਲਾ ਪਾ ਰਿਹਾ ਹੈ।’